ਜਲੰਧਰ (ਜ.ਬ.)- ਕਮਿਸ਼ਨਰੇਟ ਪੁਲਸ ਨੇ ਮਕਸੂਦਾਂ ਸਬਜ਼ੀ ਮੰਡੀ ਦੇ ਕੋਲੋਂ 50 ਲੱਖ ਰੁਪਏ ਨਾਲੋਂ ਵੀ ਜ਼ਿਆਦਾ ਦੀ ਹਵਾਲਾ ਰਕਮ ਫੜੀ ਹੈ। ਪੁਲਸ ਨੇ ਹਵਾਲਾ ਰਕਮ ਦੇ ਨਾਲ 2 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਜਲੰਧਰ ਦੇ ਹੀ ਹਨ ਪਰ ਇਹ ਨੈੱਟਵਰਕ ਰਾਜਸਥਾਨ ਤੋਂ ਚਲਾਇਆ ਜਾ ਰਿਹਾ ਹੈ। ਕਮਿਸ਼ਨਰੇਟ ਪੁਲਸ ਫਿਲਹਾਲ ਇਸ ਮਾਮਲੇ ਤੋਂ ਪਰਦਾ ਨਹੀਂ ਚੁੱਕ ਰਹੀ। ਆਉਣ ਵਾਲੇ ਦਿਨਾਂ ’ਚ ਪੁਲਸ ਦੇ ਉੱਚ ਅਧਿਕਾਰੀ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਦੀ ਪੁਸ਼ਟੀ ਕਰ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮਕਸੂਦਾਂ ਸਬਜ਼ੀ ਮੰਡੀ ਕੋਲ ਨਾਕਾਬੰਦੀ ਦੌਰਾਨ ਇਕ ਗੱਡੀ ਨੂੰ ਰੋਕਿਆ ਸੀ। ਪੁਲਸ ਨੂੰ ਵੇਖ ਕੇ ਗੱਡੀ ’ਚ ਸਵਾਰ ਦੋਵੇਂ ਲੋਕ ਸਹਿਮ ਗਏ। ਸ਼ੱਕ ਪੈਣ ’ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਇਕ ਬੈਗ ’ਚੋਂ 50 ਲੱਖ ਰੁਪਏ ਕੈਸ਼ ਮਿਲਿਆ। ਜ਼ਿਆਦਾਤਰ ਕੈਸ਼ 500-500 ਰੁਪਏ ਦੇ ਨੋਟ ਸਨ।
ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਇਤਰਾਜ਼ਯੋਗ ਵੀਡੀਓ ਲੀਕ ਮਾਮਲੇ 'ਤੇ ਪਹਿਲੀ ਵਾਰ ਤੋੜੀ ਚੁੱਪੀ
ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦਾ ਹੈਂਡਲਰ ਰਾਜਸਥਾਨ ਤੋਂ ਹੈ। ਉਹ ਕਾਫ਼ੀ ਲੰਬੇ ਸਮੇਂ ਤੋਂ ਇਸ ਨੈੱਟਵਰਕ ਨਾਲ ਜੁੜੇ ਹੋਏ ਸਨ ਅਤੇ ਹਵਾਲਾ ਰਕਮ ਇਧਰ ਤੋਂ ਓਧਰ ਕੀਤੀ ਜਾਂਦੀ ਸੀ। ਹਵਾਲਾ ਰਕਮ ਕਿਹੜੇ ਕੰਮਾਂ ਲਈ ਇਸਤੇਮਾਲ ਹੁੰਦੀ ਸੀ ਇਹ ਹੁਣ ਵੀ ਜਾਂਚ ਦਾ ਹਿੱਸਾ ਹੈ। ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਕਈ ਨਾਮਵਰ ਲੋਕ ਇਸ ਨੈੱਟਵਰਕ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੇ ਨਾਂ ਵੀ ਪੁਲਸ ਜਲਦੀ ਹੀ ਉਜਾਗਰ ਕਰੇਗੀ। ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਵੀ ਬਸ਼ੀਰਪੁਰਾ ਟੀ-ਪੁਆਇੰਟ ’ਤੇ ਕਾਲੇ ਰੰਗ ਦੀ ਕ੍ਰੇਟਾ ਗੱਡੀ ’ਚ ਸਵਾਰ ਪੁਨੀਤ ਸੂਟ ਉਰਫ਼ ਗਾਂਧੀ ਰਾਮ ਦੇਵ ਨਿਵਾਸੀ ਕਟੜਾ ਮੁਹੱਲਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ’ਚੋਂ 2 ਕਰੋੜ 93 ਲੱਖ 5800 ਰੁਪਏ ਦੀ ਭਾਰਤੀ ਕਰੰਸੀ ਅਤੇ 3100 ਯੂ. ਐੱਸ. ਡਾਲਰ ਮਿਲੇ ਸਨ।
ਮੁਲਜ਼ਮ ਨੇ ਮੰਨਿਆ ਸੀ ਕਿ ਉਹ ਹਵਾਲਾ ਰਕਮ ਕਾਰੋਬਾਰ ਨਾਲ ਜੁੜਿਆ ਹੈ ਤੇ ਇਹ ਰਕਮ ਦਿੱਲੀ ਤੋਂ ਆਈ ਸੀ, ਜਿਸ ਨੂੰ ਲੈ ਕੇ ਉਸ ਨੇ ਹੁਸ਼ਿਆਰਪੁਰ ਜਾਣਾ ਸੀ। ਮੁਲਜ਼ਮ ਪਹਿਲਾਂ ਹੀ 10 ਕਰੋੜ ਰੁਪਏ ਦੀ ਹਵਾਲਾ ਰਕਮ ਦੇ ਨਾਲ ਦਿੱਲੀ ਏਅਰਪੋਰਟ ’ਤੇ ਫੜਿਆ ਗਿਆ ਸੀ। ਗਾਂਧੀ ਕਾਫ਼ੀ ਲੰਬੇ ਸਮੇਂ ਤੋਂ ਹੁਸ਼ਿਆਰਪੁਰ ’ਚ ਵੈਸਟਰਨ ਯੂਨੀਅਨ ਦਾ ਕੰਮ ਕਰ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ’ਚ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਕੰਮ 'ਤੇ ਜਾ ਰਹੇ ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯਾਤਰੀ ਕ੍ਰਿਪਾ ਕਰਕੇ ਧਿਆਨ ਦੇਣ : ਮੀਂਹ ’ਚ ਛੱਤਰੀ ਦਾ ਪ੍ਰਬੰਧ ਰੱਖੋ, ਨਹੀਂ ਤਾਂ ਭਿੱਜਣਾ ਪਵੇਗਾ
NEXT STORY