ਹੁਸ਼ਿਆਰਪੁਰ, (ਅਸ਼ਵਨੀ)- ਪੰਚਾਇਤੀ ਚੋਣਾਂ ’ਚ ਵੰਡੀ ਜਾਣ ਲਈ ਨਗਰ ’ਚ ਲਿਆਂਦੀ ਜਾ ਰਹੀ ਸ਼ਰਾਬ ਦੀ ਖੇਪ ਪੁਲਸ ਵਲੋਂ ਜ਼ਬਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਤੇ ਐੱਸ. ਐੱਸ. ਪੀ. ਜੇ. ਏਲੀਚੇਲੀਅਨ ਵਲੋਂ ਜਾਰੀ ਨਿਰਦੇਸ਼ ’ਤੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਰਾਬ ਸਮੱਗਲਰਾਂ ਵਿਰੁੱਧ ਸ਼ੁਰੂ ਕੀਤੀ ਕਾਰਵਾਈ ਦੌਰਾਨ ਸਿਟੀ ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਮੁਖੀ ਇੰਸਪੈਕਟਰ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਬਹਾਦਰਪੁਰ ਦੇ ਸ਼ਮਸ਼ਾਨਘਾਟ ਦੇ ਨਜ਼ਦੀਕ ਗੁਪਤ ਸੂਚਨਾ ਦੇ ਆਧਾਰ ’ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਪੁਲਸ ਨੇ ਟਰੱਕ ਤੇ ਕੈਂਪਰ ’ਚੋਂ 605 ਪੇਟੀਆਂ ’ਚ ਰੱਖੀ ਗਈ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਮੌਕੇ ਤੋਂ ਇਕ ਵਿਅਕਤੀ ਰਾਹੁਲ ਪੁੱਤਰ ਚੰਦਰ ਵਾਸੀ ਪਿੰਡ ਜੰਡੋਲੀ ਥਾਣਾ ਚੱਬੇਵਾਲ ਨੂੰ ਆਬਕਾਰੀ ਐਕਟ ਦੀ ਧਾਰਾ 61-1-14 ਅਧੀਨ ਗ੍ਰਿਫ਼ਤਾਰ ਕਰ ਲਿਆ।
2 ਇਨੋਵਾ ਕਾਰਾਂ ’ਚ ਬੈਠ ਕੇ ਫ਼ਰਾਰ ਹੋਏ ਕੁਝ ਲੋਕ : ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਕਾਰਵਾਈ ਦੇ ਦੌਰਾਨ ਹਨੇਰੇ ਦਾ ਫਾਇਦਾ ਲੈ ਕੇ ਟਰੱਕ ਤੇ ਕੈਂਪਰ ਚਾਲਕ ਅਤੇ ਕੁਝ ਲੋਕ 2 ਇਨੋਵਾ ਕਾਰਾਂ ’ਚ ਬੈਠ ਕੇ ਫ਼ਰਾਰ ਹੋ ਗਏ। ਪੁਲਸ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਰਾਹੁਲ ਨੇ ਪੁਲਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਸ਼ਰਾਬ ਪਿੰਡ ਸਾਰੰਗਵਾਲ ਦੇ ਇਕ ਵਿਅਕਤੀ ਨੇ ਮੰਗਵਾਈ ਸੀ, ਇਸ ਨੂੰ ਪੰਚਾਇਤੀ ਚੋਣਾਂ ਦੌਰਾਨ ਹੁਸ਼ਿਆਰਪੁਰ ਨਗਰ ਦੇ ਆਸਪਾਸ ਦੇ ਪਿੰਡਾਂ ’ਚ ਵੰਡਣਾ ਸੀ। ਫਡ਼ੀ ਗਈ ਸ਼ਰਾਬ ’ਤੇ ਫਾਰ ਸੇਲ ਇਨ ਅਰੁਣਾਚਲ ਪ੍ਰਦੇਸ਼ ਲਿਖਿਆ ਹੋਇਆ ਹੈ। ਇਸ ਸ਼ਰਾਬ ਦਾ ਖੁਦਰਾ ਮੁੱਲ 15 ਲੱਖ ਰੁਪਏ ਤੋਂ ਜ਼ਿਆਦਾ ਹੈ।
ਨਹੀਂ ਰੁਕ ਰਿਹਾ ਸ਼ਰਾਬ ਸਮੱਗਲਿੰਗ ਦਾ ਧੰਦਾ : ਸ਼ਰਾਬ ਦੇ ਕੁਝ ਠੇਕੇਦਾਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਾਰਨ ਉਨ੍ਹਾਂ ਦੇ ਕਾਰੋਬਾਰ ’ਤੇ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਅਨੁਸਾਰ ਬੀਤੇ ਕੁਝ ਸਮੇਂ ਦੇ ਦੌਰਾਨ ਸ਼ਰਾਬ ਦੀਆਂ ਕਈ ਖੇਪਾਂ ਫਡ਼ੀਆਂ ਜਾਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਜ਼ਿਲੇ ’ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਠੇਕਿਆਂ ’ਤੇ ਹੀ ਚੱਲ ਰਿਹਾ ਹੈ। ਇਹ ਆਬਕਾਰੀ ਵਿਭਾਗ ਦੇ ਕੁਝ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਬਿਨਾਂ ਸੰਭਵ ਨਹੀਂ ਹੈ।
ਕੀ ਕਹਿੰਦੇ ਹਨ ਏ. ਈ. ਟੀ. ਸੀ. ਕੰਗ : ਇਸ ਸਬੰਧ ’ਚ ਸੰਪਰਕ ਕਰਨ ’ਤੇ ਸਹਾਇਕ ਆਬਕਾਰੀ ਤੇ ਏ. ਈ. ਟੀ. ਸੀ. ਏ. ਐੱਸ. ਕੰਗ ਨੇ ਕਿਹਾ ਕਿ ਅੱਜ ਸ਼ਰਾਬ ਦੀ ਜੋ ਖੇਪ ਫਡ਼ੀ ਗਈ ਹੈ, ਉਸ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਸ਼ਰਾਬ ਸਮੱਗਲਿੰਗ ਰੋਕਣ ਦੇ ਲਈ ਯਤਨਸ਼ੀਲ ਹੈ। ਇਸ ਵਾਰ ਪੰਜਾਬ ’ਚ ਰਾਜਸਥਾਨ ਮਾਡਲ ਹੋਣ ਦੇ ਕਾਰਨ ਸਾਡਾ ਮੁੱਖ ਯਤਨ ਇਹ ਹੈ ਕਿ ਠੇਕੇੇਦਾਰ ਸ਼ਰਾਬ ਦਾ ਨਿਰਧਾਰਤ ਕੋਟਾ ਹਰ ਹਾਲਤ ’ਚ ਚੁੱਕਣ। ਉਨ੍ਹਾਂ ਸ਼ਰਾਬ ਸਮੱਗਲਿੰਗ ’ਚ ਵਿਭਾਗ ਵਲੋਂ ਮਿਲੇ ਹੋਣ ਨੂੰ ਸਿਰੇ ਤੋਂ ਨਕਾਰ ਦਿੱਤਾ।
ਜ਼ਿਲੇ ਭਰ ’ਚ ਕੀਤੀ ਜਾ ਰਹੀ ਵਿਸ਼ੇਸ਼ ਨਾਕਾਬੰਦੀ : ਐੱਸ. ਐੱਸ. ਪੀ. : ਜ਼ਿਲਾ ਪੁਲਸ ਮੁਖੀ ਜੇ. ਏਲੀਚੇਲੀਅਨ ਦੇ ਅਨੁਸਾਰ ਪੰਚਾਇਤੀ ਚੋਣਾਂ ਦੇ ਦ੍ਰਿਸ਼ਟੀਗਤ ਸ਼ਰਾਬ ਸਮੱਗਲਿੰਗ ਰੋਕਣ ਲਈ ਜ਼ਿਲੇ ਭਰ ’ਚ ਵਿਸ਼ੇਸ਼ ਨਾਕਾਬੰਦੀ ਲਾਉਣ ਦੇ ਆਦੇਸ਼ ਅਜੇ ਥਾਣਾ ਮੁਖੀਆਂ ਨੂੰ ਦਿੱਤੇ ਗਏ ਹਨ। ਜ਼ਿਲੇ ਦੇ ਸਾਰੇ ਅਧਿਕਾਰੀਆਂ ਨੂੰ ਇਸ ਕਾਰਜ ਦੀ ਨਿੱਜੀ ਤੌਰ ’ਤੇ ਦੇਖ-ਰੇਖ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਹੋਰ ਰਾਜਾਂ ਤੋਂ ਲੱਗਦੀਆਂ ਸੀਮਾਵਾਂ ’ਤੇ ਵੀ ਵਿਸ਼ੇਸ਼ ਚੌਕਸੀ ਦੇ ਆਦੇਸ਼ ਦਿੱਤੇ ਗਏ ਹਨ।
ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਦੋਸ਼ੀਆਂ ਵਿਰੁੱਧ ਕੇਸ
NEXT STORY