ਸੁਲਤਾਨਪੁਰ ਲੋਧੀ (ਧੀਰ)- ਸੁਲਤਾਨਪੁਲ ਲੋਧੀ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਅੰਮ੍ਰਿਤਸਰ-ਬਠਿੰਡਾ ਐਕਸਪ੍ਰੈੱਸ ਹਾਈਵੇਅ ਬਣਾਉਣ ਲਈ ਭਾਰੀ ਪੁਲਸ ਫੋਰਸ ਸਮੇਤ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਕਬਜ਼ਾ ਲੈਣ ਆਏ ਐੱਨ. ਐੱਚ. ਆਈ. ਏ. ਦੇ ਅਧਿਕਾਰੀਆਂ ਦਾ ਕਿਸਾਨਾਂ ਨਾਲ ਪੇਚਾ ਪੈ ਗਿਆ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਐਕਵਾਇਰ ਕੀਤੀ 12 ਪਿੰਡਾਂ ਦੀ ਜ਼ਮੀਨ, ਜੋ ਹਲਕਾ ਸੁਲਤਾਨਪੁਰ ਲੋਧੀ ’ਚ ਆਉਂਦੀ ਹੈ, ਦੇ ਉੱਤੇ ਬਣਨ ਵਾਲੇ ਅੰਮ੍ਰਿਤਸਰ-ਬਠਿੰਡਾ ਐਕਸਪ੍ਰੈੱਸ ਗ੍ਰੀਨ ਫੀਲਡਵੇ ਲਈ ਜ਼ਮੀਨ ਦਾ ਕਬਜ਼ਾ ਐੱਨ. ਐੱਚ. ਆਈ. ਏ. ਨੂੰ ਦਿਵਾਉਣ ਦੇ ਹੁਕਮਾਂ ’ਤੇ ਜਦੋਂ ਐੱਨ. ਐੱਚ. ਆਈ. ਏ. ਦੇ ਅਧਿਕਾਰੀ ਡਿੰਗਾ ਪੁਲ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਨੂੰ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜ਼ਮੀਨ ’ਤੇ ਕਬਜ਼ਾ ਕਰਨ ਦੇ ਵਿਰੋਧ ’ਚ ਭੜਕੇ ਕਿਸਾਨ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ
ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰਭ ਦਿਆਲ ਸਿੰਘ ਸੈਦਪੁਰ ਤੇ ਸੀਨੀਅਰ ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਕਬਜ਼ਾ ਲੈਣ ਆਏ ਐੱਨ. ਐੱਚ. ਆਈ. ਏ. ਦੇ ਅਧਿਕਾਰੀਆਂ ਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖਰੀਆਂ ਖਰੀਆਂ ਸੁਣਾਈਆਂ।
ਪ੍ਰਧਾਨ ਪ੍ਰਭ ਦਿਆਲ ਸਿੰਘ ਸੈਦਪੁਰ ਤੇ ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਸਰਕਾਰ ਹੁਣ ਧੱਕੇਸ਼ਾਹੀ ਨਾਲ ਸਾਡੀਆਂ ਜ਼ਮੀਨਾਂ ’ਤੇ ਕਬਜ਼ੇ ਐੱਨ. ਐੱਚ. ਆਈ. ਏ. ਨੂੰ ਦਿਵਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦ ਅਸੀਂ ਆਪਣੀ ਐਕਵਾਇਰ ਜ਼ਮੀਨ ਦਾ ਕਬਜ਼ਾ ਸਾਰੇ ਪੈਸੇ ਲੈ ਕੇ ਦੇਣ ਨੂੰ ਤਿਆਰ ਹਾਂ ਤਾਂ ਫਿਰ ਅਜਿਹਾ ਜ਼ਬਰਦਸਤੀ ਨਾਲ ਕਬਜ਼ਾ ਲੈਣ ਦੀ ਕੀ ਲੋੜ ਹੈ?
ਉਨ੍ਹਾਂ ਦੱਸਿਆ ਕਿ ਅੱਜ ਸਾਨੂੰ ਇਹ ਪਤਾ ਲੱਗਣ ’ਤੇ ਕਿ ਐੱਨ. ਐੱਚ. ਆਈ. ਏ. ਨਾਲ ਜੇ. ਸੀ. ਬੀ. ਮਸ਼ੀਨ ਵੀ ਹੈ ਅਤੇ ਉਹ ਭਾਰੀ ਪੁਲਸ ਫੋਰਸ ਨਾਲ ਸਾਡੀਆਂ ਜ਼ਮੀਨਾਂ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਸਰਕਾਰ ਨੇ ਸਾਨੂੰ ਮਾਰਕੀਟ ਰੇਟ ਨਾਲ ਸਾਡੀ ਜ਼ਮੀਨ ਦੇ ਪੈਸੇ ਨਹੀਂ ਦਿੱਤੇ। ਕਿਸੇ ਪਿੰਡ ’ਚ 45 ਲੱਖ ਤੇ ਕਿਸੇ ’ਚ 10 ਲੱਖ ਜਾਂ 11 ਲੱਖ ਦਿੱਤੇ ਹਨ, ਜੋ ਕਿ ਕਿਸਾਨੀ ਨਾਲ ਬਹੁਤ ਵੱਡਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਈ ਕਿਸਾਨਾਂ ਨੂੰ ਜ਼ਮੀਨ ਦੇ ਤਾਂ ਪੈਸੇ ਦੇ ਦਿੱਤੇ ਹਨ ਪਰ ਰਸਤਾ ਕੰਸਟ੍ਰਕਸ਼ਨ ਬੋਰਿੰਗ ਮੋਟਰ ਦਾ ਕੁਨੈਕਸ਼ਨ ਆਦਿ ਦੇ ਹਾਲੇ ਤੱਕ ਕੋਈ ਵੀ ਪੈਸਾ ਨਹੀਂ ਦਿੱਤਾ।
ਇਹ ਵੀ ਪੜ੍ਹੋ: PRTC ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਸਰਕਾਰੀ ਬੱਸਾਂ ਦਾ ਅੱਜ ਬਾਅਦ ਦੁਪਹਿਰ ਹੋ ਸਕਦੈ ਚੱਕਾ ਜਾਮ
ਇਸ ਮੌਕੇ ਤਰਸੇਮ ਸਿੰਘ ਰਣਧੀਰਪੁਰ, ਇੰਦਰਜੀਤ ਸਿੰਘ ਲਿਫਟਰ, ਮਲਕੀਤ ਸਿੰਘ ਰਣਧੀਰਪੁਰ, ਮੰਗਲ ਸਿੰਘ, ਹਰਜੀਤ ਸਿੰਘ, ਜਸਪਾਲ ਸਿੰਘ, ਗੁਰਮੇਲ ਸਿੰਘ ਕਾਲਰੂ, ਅਵਤਾਰ ਸਿੰਘ ਮੀਰੇ, ਹਰਿੰਦਰ ਸਿੰਘ ਕਾਲੇਵਾਲ, ਜੋਗਿੰਦਰ ਸਿੰਘ ਕਾਲਰੂ, ਸੰਤੋਖ ਸਿੰਘ ਗੁਰਮੀਤ ਸਿੰਘ, ਤੇਜਿੰਦਰ ਮੱਟਾ, ਬਿਕਰਮਜੀਤ ਬਿੱਕਾ ਭਲਵਾਨ, ਬਲਦੇਵ ਸਿੰਘ ਖਿਜਰਪੁਰ, ਸੁਖਦੇਵ ਸਿੰਘ ਆਦਿ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ: ਵੱਡੇ ਐਕਸ਼ਨ ਦੀ ਤਿਆਰੀ 'ਚ CM ਮਾਨ, ਅਕਾਲੀ ਸਰਕਾਰ ਵੇਲੇ ਹੋਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਖੋਲ੍ਹ ਸਕਦੀ ਹੈ ਸਰਕਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੋਹੀਆਂ ਖ਼ਾਸ ਵਿਖੇ 100 ਸਾਲਾ ਬੀਬੀ ਨੂੰ ਦਫ਼ਨਾਉਣ ਲਈ ਨਹੀਂ ਮਿਲੀ 2 ਗਜ਼ ਜ਼ਮੀਨ, ਵਜ੍ਹਾ ਜਾਣ ਹੋਵੋਗੇ ਹੈਰਾਨ
NEXT STORY