ਕਪੂਰਥਲਾ (ਗੁਰਪ੍ਰੀਤ) — ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਅਧੀਨ ਪੈਂਦੇ ਪਿੰਡ ਕਮਾਲਪੁਰ (ਮੋਠਾਂਵਾਲ) ਵਿੱਚ ਪ੍ਰੀਪੇਡ/ਚਿੱਪ ਵਾਲੇ ਮੀਟਰਾਂ ਦੇ ਮਾਮਲੇ ‘ਚ ਅੱਜ ਤਿੱਖਾ ਸੰਘਰਸ਼ ਦੇਖਣ ਨੂੰ ਮਿਲਿਆ। ਜ਼ੋਨ ਪ੍ਰਧਾਨ ਜੋਗਾ ਸਿੰਘ ਦੀ ਅਗਵਾਈ ਹੇਠ ਲਗੇ ਧਰਨੇ ਦੌਰਾਨ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਮੌਕੇ ‘ਤੇ ਪਹੁੰਚੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ।
ਸਟੇਜ ਦਾ ਸੰਚਾਲਨ ਗੁਰਸੇਵਕ ਸਿੰਘ ਸ਼ਿਵਦਿਆਲ ਨੇ ਕੀਤਾ। ਆਗੂਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਪਹਿਲਾਂ ਹੀ ਜਮ੍ਹਾ ਕਰਵਾਏ ਪ੍ਰੀਪੇਡ ਮੀਟਰਾਂ ਦੀਆਂ ਤਾਰਾਂ ਬਿਜਲੀ ਮੁਲਾਜ਼ਮਾਂ ਵੱਲੋਂ ਉਤਾਰ ਦਿੱਤੀਆਂ ਗਈਆਂ ਸਨ। ਜਥੇਬੰਦੀ ਵੱਲੋਂ ਕਈ ਵਾਰ ਬੇਨਤੀ ਕੀਤੀ ਗਈ ਕਿ ਲੱਥੀਆਂ ਤਾਰਾਂ ਮੁੜ ਜੋੜ ਕੇ ਕਨੈਕਸ਼ਨ ਚਾਲੂ ਕੀਤੇ ਜਾਣ, ਪਰ ਵਿਭਾਗ ਵੱਲੋਂ ਗੱਲ ਨੂੰ ਅਣਡਿੱਠਾ ਕੀਤਾ ਗਿਆ, ਜਿਸ ਕਾਰਨ ਕਿਸਾਨਾਂ ਦਾ ਗੁੱਸਾ ਭੜਕ ਗਿਆ।
ਇਸ ਦੌਰਾਨ ਕਿਸਾਨਾਂ ਨੇ ਸਿਰਫ ਮੌਕੇ ‘ਤੇ ਮੌਜੂਦ ਅਧਿਕਾਰੀਆਂ ਦਾ ਘਿਰਾਓ ਕੀਤਾ ਅਤੇ ਉਨ੍ਹਾਂ ਨੂੰ ਉੱਥੇ ਹੀ ਬਿਠਾ ਕੇ ਨਜ਼ਰਬੰਦ ਰੱਖਿਆ। ਕਈ ਘੰਟਿਆਂ ਤੱਕ ਤਣਾਅ ਬਣਿਆ ਰਿਹਾ। ਆਖ਼ਿਰਕਾਰ ਬਿਜਲੀ ਮੁਲਾਜ਼ਮਾਂ ਵੱਲੋਂ ਤਾਰਾਂ ਮੁੜ ਜੋੜ ਕੇ ਕਨੈਕਸ਼ਨ ਚਾਲੂ ਕੀਤੇ ਗਏ, ਜਿਸ ਤੋਂ ਬਾਅਦ ਕਰੀਬ ਰਾਤ 9 ਵਜੇ ਧਰਨਾ ਸਮਾਪਤ ਕੀਤਾ ਗਿਆ ਅਤੇ ਲਾਭਪਾਤਰੀਆਂ ਦੀ ਬਿਜਲੀ ਬਹਾਲ ਹੋ ਗਈ।
ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਉਹ “ਬਿਜਲੀ ਸੋਧ ਕਾਨੂੰਨ” ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦੇਣਗੇ ਅਤੇ ਨਾ ਹੀ ਪਿੰਡਾਂ ਜਾਂ ਸ਼ਹਿਰਾਂ ਵਿੱਚ ਚਿੱਪ ਵਾਲੇ ਮੀਟਰ ਲੱਗਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਦੁਬਾਰਾ ਅਜਿਹੀ ਕਾਰਵਾਈ ਹੋਈ ਤਾਂ ਇਸ ਤੋਂ ਵੀ ਵੱਡਾ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਿਨ ਭਰ ਚਰਚਾ ਦਾ ਮਾਹੌਲ ਬਣਿਆ ਰਿਹਾ ਅਤੇ ਬਿਜਲੀ ਵਿਭਾਗ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਟਕਰਾਅ ਹੋਰ ਵਧਣ ਦੇ ਸੰਕੇਤ ਮਿਲ ਰਹੇ ਹਨ।
ਗੈਂਗਸਟਰਾਂ ਨਾਲ ਜੰਗ ਸਿਪਾਹੀ ਲੜਦੇ ਨੇ, ਇਨਾਮ ਪੁਲਸ ਅਫ਼ਸਰਾਂ ਨੂੰ ਕਿਉਂ? ਖਹਿਰਾ ਨੇ ਘੇਰੀ 'ਆਪ' ਸਰਕਾਰ
NEXT STORY