ਜਲੰਧਰ (ਰਾਹੁਲ)— ਭਾਜਪਾ ਆਗੂ ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਨ੍ਹਾਂ ਦੀ ਤਾਜਪੋਸ਼ੀ ਦਾ ਸਮਾਗਮ ਬੀਤੇ ਦਿਨ ਜਲੰਧਰ ਵਿਖੇ ਦੇਸ਼ਭਗਤ ਯਾਦਗਾਰ ਹਾਲ 'ਚ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਪੰਜਾਬ ਭਾਜਪਾ ਸੂਬੇ ਦੇ ਚੋਣ ਆਬਜ਼ਰਵਰ ਅਤੇ ਸੰਸਦ ਮੈਂਬਰ ਵਿਨੇ ਪ੍ਰਭਾਕਰ ਸਹਸਤਰਬੁੱਧੇ ਨੇ ਭਾਜਪਾ ਪੰਜਾਬ ਦੇ ਨਵੇਂ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਐਲਾਨ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਕਿਹਾ ਕਿ ਭਾਜਪਾ ਕਿਸੇ ਘਰਾਣੇ ਦੀ ਨਹੀਂ, ਸਗੋਂ ਸਰਗਰਮ, ਮਿਹਨਤੀ, ਸੰਵੇਦਨਸ਼ੀਲ ਅਤੇ ਜੁਝਾਰੂ ਵਰਕਰਾਂ ਦੀ ਪਾਰਟੀ ਹੈ। ਇਸ 'ਚ ਹਰ ਛੋਟੇ ਤੋਂ ਛੋਟਾ ਵਰਕਰ ਆਪਣੀ ਮਿਹਨਤ ਦੇ ਦਮ 'ਤੇ ਉੱਚ ਅਹੁਦੇ ਤੱਕ ਪਹੁੰਚ ਸਕਦਾ ਹੈ। ਇਸ ਮੌਕੇ ਸਥਾਨਕ ਦੇਸ਼ਭਗਤ ਯਾਦਗਾਰ ਹਾਲ 'ਚ ਮੌਜੂਦ ਹਜ਼ਾਰਾਂ ਵਰਕਰਾਂ ਨੇ ਭਾਜਪਾ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਨਵੇਂ ਬਣਾਏ ਪ੍ਰਧਾਨ ਦਾ ਸੁਆਗਤ ਕੀਤਾ।
ਵਿਨੇ ਸਹਸਤਰਬੁੱਧੇ ਨੇ ਕਿਹਾ ਕਿ ਕਾਂਗਰਸ 70 ਸਾਲਾਂ ਤੋਂ ਜਿਨ੍ਹਾਂ ਮੰਗਾਂ ਨੂੰ ਲਟਕਾ ਕੇ ਦੇਸ਼ 'ਤੇ ਰਾਜ ਕਰਦੀ ਰਹੀ, ਮੋਦੀ ਸਰਕਾਰ ਨੇ ਉਨ੍ਹਾਂ ਨੂੰ ਨਿਪਟਾ ਕੇ ਦੇਸ਼ ਨੂੰ ਸਰਬਪੱਖੀ ਵਿਕਾਸ ਵਲ ਅੱਗੇ ਵਧਾਇਆ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਆਪਣੀ ਹੋਂਦ ਹੁਣ ਖਤਰੇ ਵਿਚ ਪੈਂਦੀ ਜਾਪ ਰਹੀ ਹੈ। ਇਸ ਲਈ ਉਹ ਲੋਕ ਹਿਤੈਸ਼ੀ ਯੋਜਨਾਵਾਂ ਅਤੇ ਲੋਕ ਭਲਾਈ ਅਤੇ ਮਨੁੱਖਤਾਵਾਦੀ ਨਾਗਰਿਕਤਾ (ਸੋਧ) ਕਾਨੂੰਨ ਪ੍ਰਤੀ ਭਰਮ ਫੈਲਾਉਣ ਅਤੇ ਦੇਸ਼ ਨੂੰ ਤੋੜਨ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ।
ਨਵੇਂ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਹੋਵੇਗਾ ਇਹ ਮੁੱਖ ਟੀਚਾ
ਨਵੇਂ ਬਣਾਏ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਗਠਨ 'ਚ ਸਰਗਰਮ ਵਰਕਰਾਂ ਨੂੰ ਉਨ੍ਹਾਂ ਦੀ ਸਮਰੱਥਾ ਮੁਤਾਬਕ ਕੰਮ ਮਿਲੇਗਾ। ਕੰਮ ਨਾ ਕਰਕੇ ਸਿਰਫ ਨੇਤਾਵਾਂ ਦੇ ਅੱਗੇ ਪਿੱਛੇ ਮੰਡਰਾਉਣ ਵਾਲਿਆਂ ਨੂੰ ਤਰਜੀਹ ਨਹੀਂ ਮਿਲੇਗੀ। ਉਨ੍ਹਾਂ ਦਾ ਮੁੱਖ ਟੀਚਾ ਭਾਜਪਾ ਦੀਆਂ ਵਿਕਾਸਸ਼ੀਲ ਨੀਤੀਆਂ, ਸਭ ਕਾ ਸਾਥ, ਸਭ ਕਾ ਵਿਕਾਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਆਧਾਰ ਵਧਾਉਣ ਲਈ ਉਹ ਘਰ-ਘਰ, ਗਲੀ-ਗਲੀ ਅਤੇ ਪਿੰਡ-ਪਿੰਡ ਤੱਕ ਜਾਣਗੇ।
ਉਨ੍ਹਾਂ ਕਿਹਾ ਕਿ ਨਾਅਰਿਆਂ ਨਾਲ ਨਹੀਂ, ਕੰਮਾਂ ਨਾਲ ਆਪਣਾ ਲੋਕ ਆਧਾਰ ਵਧਾ ਕੇ ਆਪਣੇ ਸੀਨੀਅਰ ਆਗੂਆਂ ਵੱਲੋਂ ਦਿੱਤੇ ਗਏ ਪੰਜਾਬ 2022 'ਚ ਸਰਕਾਰ ਬਣਾਉਣ ਵਲ ਅੱਗੇ ਵਧਾਂਗੇ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਸਮਾਗਮ 'ਚ ਵੱਡੀ ਗਿਣਤੀ 'ਚ ਵਰਕਰਾਂ ਨੇ ਮੰਗ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਆਪਣੇ ਦਮ 'ਤੇ ਚੋਣ ਲੜੇ। ਪ੍ਰੋਗਰਾਮ 'ਚ ਭਾਜਪਾ ਦੇ ਲਗਭਗ ਸਾਰੇ ਦਿੱਗਜ਼ ਨੇਤਾ ਮੌਜੂਦ ਸਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਇਕ ਪਰਿਵਾਰ ਵਾਂਗ ਹੈ ਅਤੇ ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਦੀ ਹਰ ਸਮੇਂ ਮਦਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਿਵਚ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ।
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ 'ਚ ਉਠੀ ਮੰਗ ਆਪਣੇ ਦਮ 'ਤੇ ਅਗਲੀਆਂ ਚੋਣਾਂ ਲੜੇ ਭਾਜਪਾ
ਸੂਬਾ ਪ੍ਰਧਾਨ ਅਤੇ ਰਾਸ਼ਟਰੀ ਪ੍ਰੀਸ਼ਦ ਲਈ 16 ਜਨਵਰੀ ਨੂੰ ਸਥਾਨਕ ਸਕਰਟ ਹਾਊਸ 'ਚ ਚੋਣ ਪ੍ਰਕਿਰਿਆ ਆਰੰਭ ਹੋਈ, ਜਿਸ 'ਚ ਪ੍ਰਧਾਨ ਅਹੁਦੇ ਲਈ ਕੇਵਲ ਸ਼ਰਮਾ ਨੇ ਹੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਰਾਸ਼ਟਰੀ ਪ੍ਰੀਸ਼ਦ ਦੇ 13 ਮੈਂਬਰਾਂ, ਮਾਸਟਰ ਮੋਹਨ ਲਾਲ (ਪਠਾਨਕੋਟ), ਤੀਕਸ਼ਣ ਸੂਦ (ਪਠਾਨਕੋਟ), ਇਕਬਾਲ ਸਿੰਘ ਲਾਲਪੁਰਾ, ਧਰਮਪਾਲ ਰਾਵ (ਫਤਿਹਗੜ੍ਹ ਸਾਹਿਬ), ਡਾ. ਦਿਲਬਾਗ ਰਾਏ (ਹੁਸ਼ਿਆਰਪੁਰ), ਲਕਸ਼ਮੀ ਕਾਂਤਾ ਚਾਵਲਾ (ਅੰਮ੍ਰਿਤਸਰ), ਮੋਹਨ ਲਾਲ ਗਰਗ (ਬਠਿੰਡਾ), ਪ੍ਰੇਮ ਗੁਗਲਾਨੀ (ਸੰਗਰੂਰ), ਕੇਵਲ ਕੁਮਾਰ (ਅੰਮ੍ਰਿਤਸਰ), ਸੁਰਜੀਤ ਜਿਆਣੀ (ਫਿਰੋਜ਼ਪੁਰ), ਡਾਕਟਰ ਬਲਦੇਵ ਚਾਵਲਾ (ਅੰਮ੍ਰਿਤਸਰ), ਓਂਕਾਰ ਸਿੰਘ ਪਾਹਵਾ, ਮੋਹਿੰਦਰ ਭਗਤ (ਜਲੰਧਰ) ਦੇ ਨਾਵਾਂ ਦਾ ਵੀ ਐਲਾਨ ਕੀਤਾ।
ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ 'ਚ ਭਾਜਪਾ ਹੁਣ ਵੱਡੇ ਭਰਾ ਦੀ ਭੂਮਿਕਾ ਨਿਭਾਵੇਗੀ। ਸ਼ਰਮਾ ਪਠਾਨਕੋਟ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ 2010 'ਚ ਉਨ੍ਹਾਂ ਪੰਜਾਬ ਭਾਜਪਾ ਦੀ ਵਾਗਡੋਰ ਸੰਭਾਲੀ ਸੀ। ਉਨ੍ਹਾਂ ਆਪਣਾ ਸਿਆਸੀ ਜੀਵਨ ਬੂਥ ਪ੍ਰਧਾਨ ਤੋਂ ਸ਼ੁਰੂ ਕੀਤਾ ਸੀ। ਉਹ ਡਿਵੀਜ਼ਨ ਪ੍ਰਧਾਨ, ਜ਼ਿਲਾ ਭਾਜਪਾ ਜਨਰਲ ਸਕੱਤਰ, ਭਾਜਪਾ ਦੇ ਸੂਬਾ ਯੁਵਾ ਮੋਰਚਾ ਪ੍ਰਧਾਨ ਵੀ ਰਹਿ ਚੁੱਕੇ ਹਨ। ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦੇ ਸੂਬਾ ਪ੍ਰਧਾਨ ਰਹਿੰਦਿਆਂ ਇਨ੍ਹਾਂ ਨੂੰ ਸੂਬਾ ਯੁਵਾ ਮੋਰਚਾ ਦੀ ਵਾਗਡੋਰ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਜਿੰਦਰ ਭੰਡਾਰੀ ਦੇ ਕਾਰਜਕਾਲ ਵਿਚ ਸੂਬਾ ਜਨਰਲ ਸਕੱਤਰ ਭਾਜਪਾ ਵੀ ਨਿਯੁਕਤ ਕੀਤਾ ਗਿਆ। 2010 'ਚ ਪਾਰਟੀ ਨੇ ਇਨ੍ਹਾਂ ਨੂੰ ਸੂਬੇ ਦੀ ਵਾਗਡੋਰ ਦਿੱਤੀ। ਇਨ੍ਹਾਂ ਦੀ ਅਗਵਾਈ 'ਚ ਭਾਜਪਾ 23 'ਚੋਂ 12 ਵਿਧਾਨ ਸਭਾ ਸੀਟਾਂ ਜਿੱਤੀ ਸੀ। 2012 'ਚ ਸ਼ਰਮਾ ਪਠਾਨਕੋਟ ਤੋਂ ਵਿਧਾਇਕ ਚੁਣੇ ਗਏ।
ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਅਵਿਨਾਸ਼ ਰਾਏ ਖੰਨਾ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਮਾਸਟਰ ਮੋਹਨ ਲਾਲ, ਤੀਕਸ਼ਣ ਸੂਦ, ਸੂਬਾ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ , ਅਨਿਲ ਸਰੀਨ, ਰਮਨ ਪੱਬੀ, ਪਰਵੀਨ ਬਾਂਸਲ, ਦਿਆਲ ਸਿੰਘ ਸੋਢੀ, ਰਾਜੇਸ਼ ਬਾਘਾ, ਗੁਰਦੇਵ ਦੇਬੀ, ਰਾਹੁਲ ਮਹੇਸ਼ਵਰੀ, ਰੇਨੂ ਥਾਪਰ, ਰਾਜ ਕੁਮਾਰ, ਰੀਨਾ ਜੇਟਲੀ, ਬ੍ਰਿਜਲਾਲ ਰਿਣਵਾ, ਰਾਜ ਭਾਟੀਆ, ਕੇ. ਡੀ. ਮੋਹਿੰਦਰ ਭਗਤ, ਰਾਜੇਸ਼ ਹਨੀ, ਕੇਵਲ ਗਿੱਲ, ਉਮੇਸ਼ ਸ਼ਾਰਦਾ, ਆਰ. ਪੀ. ਮਿੱਤਲ, ਸੁਰੇਸ਼ ਮਹਾਜਨ, ਦਿਨੇਸ਼ ਬੱਬੂ ਅਤੇ ਹੋਰ ਪਤਵੰੰਤੇ ਵੀ ਮੌਜੂਦ ਸਨ।
ਟਰੈਫਿਕ ਪੁਲਸ ਨੇ ਨਾਬਾਲਗ ਵਿਦਿਆਰਥੀਆਂ ਨੂੰ ਵਾਹਨ ਨਾ ਚਲਾਉਣ ਦੀ ਕੀਤੀ ਅਪੀਲ
NEXT STORY