ਜਲੰਧਰ (ਖੁਰਾਣਾ)-ਨਗਰ ਨਿਗਮ ਦੇ ਸਟ੍ਰੀਟ ਲਾਈਟ ਸਬੰਧੀ ਕਰੋੜਾਂ ਰੁਪਏ ਦੇ ਟੈਂਡਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਨਿਗਮ ਦੇ ਕਈ ਛੋਟੇ ਠੇਕੇਦਾਰਾਂ ਨੇ ਦੋਸ਼ ਲਾਇਆ ਹੈ ਕਿ ਸਟ੍ਰੀਟ ਲਾਈਟ ਦੇ ਕਈ ਛੋਟੇ ਟੈਂਡਰਾਂ ਨੂੰ ਰੱਦ ਕਰ ਕੇ ਅਤੇ ਬਾਅਦ ਵਿਚ ਉਨ੍ਹਾਂ ਨੂੰ ਕਲੱਬ (ਇਕੱਠਾ) ਕਰਕੇ ਵੱਡੇ ਟੈਂਡਰ ਤਿਆਰ ਕੀਤੇ ਗਏ ਹਨ, ਤਾਂ ਜੋ ਸਿਰਫ ਵੱਡੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ।
ਇਹ ਵੀ ਪੜ੍ਹੋ: ਹਾਜੀਪੁਰ 'ਚ ਭੱਠੇ 'ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਜਾਣਕਾਰੀ ਅਨੁਸਾਰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਲਗਭਗ 60 ਕਰੋੜ ਰੁਪਏ ਦੇ ਸਟ੍ਰੀਟ ਲਾਈਟ ਸਬੰਧੀ ਕੰਮ ਪੂਰੇ ਹੋਣ ਤੋਂ ਬਾਅਦ ਵੀ ਨਿਗਮ ਵੱਲੋਂ ਪਿਛਲੇ ਸਾਲ ਵੱਖ-ਵੱਖ ਵਾਰਡਾਂ, ਜ਼ੋਨ ਦਫ਼ਤਰਾਂ ਅਤੇ ਵਿਧਾਨ ਸਭਾ ਹਲਕਿਆਂ ਵਿਚ ਸਟ੍ਰੀਟ ਲਾਈਟਾਂ ਲਾਉਣ ਲਈ ਕਈ ਟੈਂਡਰ ਜਾਰੀ ਕੀਤੇ ਗਏ ਸਨ। ਹੁਣ ਪਿਛਲੇ ਕੁਝ ਮਹੀਨਿਆਂ ਵਿਚ ਜਾਰੀ ਕੀਤੇ ਗਏ ਲਗਭਗ ਦੋ ਦਰਜਨ ਛੋਟੇ ਟੈਂਡਰਾਂ ਨੂੰ ਹਾਲ ਹੀ ਵਿਚ ਮਿਲਾ ਕੇ 8.25 ਕਰੋੜ ਰੁਪਏ ਤੋਂ ਵੱਧ ਦੇ ਪੰਜ ਵੱਡੇ ਟੈਂਡਰ ਬਣਾ ਦਿੱਤੇ ਗਏ। ਛੋਟੇ ਠੇਕੇਦਾਰਾਂ ਦਾ ਦੋਸ਼ ਹੈ ਕਿ ਪਹਿਲਾਂ ਛੋਟੇ ਟੈਂਡਰਾਂ ਵਿਚ ਮੁਕਾਬਲੇਬਾਜ਼ੀ ਜ਼ਿਆਦਾ ਹੁੰਦੀ ਸੀ ਅਤੇ ਠੇਕੇਦਾਰ 30, 35 ਜਾਂ 38 ਫ਼ੀਸਦੀ ਤੱਕ ਡਿਸਕਾਊਂਟ ਦੇ ਕੇ ਕੰਮ ਹਾਸਲ ਕਰਦੇ ਸਨ, ਜਿਸ ਨਾਲ ਨਿਗਮ ਨੂੰ ਆਰਥਿਕ ਲਾਭ ਹੁੰਦਾ ਸੀ। ਉੱਥੇ ਹੀ, ਹੁਣ ਵੱਡੇ ਟੈਂਡਰਾਂ ਵਿਚ ਸਿਰਫ 5 ਤੋਂ 7 ਫ਼ੀਸਦੀ ਤੱਕ ਹੀ ਡਿਸਕਾਊਂਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ! ਵਾਵਰੋਲੇ ਦੀ ਐਂਟਰੀ, ਮਾਛੀਵਾੜਾ 'ਚ 30 ਸਕਿੰਟਾਂ ਦੌਰਾਨ ਮਚਾਈ ਤਬਾਹੀ
ਛੋਟੇ ਠੇਕੇਦਾਰਾਂ ਦਾ ਦਾਅਵਾ ਹੈ ਕਿ 8.25 ਕਰੋੜ ਰੁਪਏ ਤੋਂ ਵੱਧ ਦੇ ਇਨ੍ਹਾਂ ਟੈਂਡਰਾਂ ਵਿਚ ਸਿਰਫ ਦੋ ਕੰਪਨੀਆਂ ਨੇ ਹੀ ਹਿੱਸਾ ਲਿਆ ਹੈ, ਜਦਕਿ ਪਿਛਲੇ 25 ਸਾਲਾਂ ਤੋਂ ਨਿਗਮ ਵਿਚ ਸਟ੍ਰੀਟ ਲਾਈਟ ਦਾ ਕੰਮ ਕਰਨ ਵਾਲੇ ਕਈ ਸਥਾਨਕ ਠੇਕੇਦਾਰ ਇਸ ਪ੍ਰਕਿਰਿਆ ਵਿਚ ਸ਼ਾਮਲ ਹੀ ਨਹੀਂ ਹੋ ਸਕੇ। ਉਨ੍ਹਾਂ ਦਾ ਦੋਸ਼ ਹੈ ਕਿ ਟੈਂਡਰਾਂ ਦਾ ਆਕਾਰ ਇੰਨਾ ਵੱਡਾ ਕਰ ਦਿੱਤਾ ਗਿਆ ਕਿ ਛੋਟੇ ਅਤੇ ਦਰਮਿਆਨੇ ਪੱਧਰ ਦੇ ਠੇਕੇਦਾਰ ਖ਼ੁਦ ਹੀ ਬਾਹਰ ਹੋ ਗਏ। ਸੂਤਰਾਂ ਅਨੁਸਾਰ ਨਿਗਮ ਪ੍ਰਸ਼ਾਸਨ ਨੇ ਛੋਟੇ ਟੈਂਡਰਾਂ ਨੂੰ ਹੁਣ ਕਲੱਬ ਕਰ ਕੇ 1.41 ਕਰੋੜ, 1.43 ਕਰੋੜ, 1.92 ਕਰੋੜ, 1.66 ਕਰੋੜ ਅਤੇ 1.82 ਕਰੋੜ ਰੁਪਏ ਦੇ ਪੰਜ ਵੱਡੇ ਟੈਂਡਰ ਲਾਏ ਹਨ, ਜਿਨ੍ਹਾਂ ਦੀ ਟੈਕਨੀਕਲ ਬਿਡ (ਤਕਨੀਕੀ ਬੋਲੀ) ਖੋਲ੍ਹੀ ਜਾ ਚੁੱਕੀ ਹੈ ਅਤੇ ਫਾਈਨੈਂਸ਼ੀਅਲ ਬਿਡ (ਵਿੱਤੀ ਬੋਲੀ) ਕਦੇ ਵੀ ਖੋਲ੍ਹੀ ਜਾ ਸਕਦੀ ਹੈ। ਇਸ ਪੂਰੇ ਮਾਮਲੇ ਦੀ ਸ਼ਿਕਾਇਤ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਤੱਕ ਵੀ ਪਹੁੰਚ ਚੁੱਕੀ ਹੈ ਅਤੇ ਮਾਮਲਾ ਚੰਡੀਗੜ੍ਹ ਤੱਕ ਪਹੁੰਚਣ ਦੀ ਚਰਚਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਫੇਰਬਦਲ! ਇਨ੍ਹਾਂ ਤਿੰਨ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਖ਼ਾਸ ਗੱਲ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਜਲੰਧਰ ਨਗਰ ਨਿਗਮ ਅਤੇ ਪੰਜਾਬ ਦੀਆਂ ਹੋਰਨਾਂ ਨਗਰ ਨਿਗਮਾਂ ਵਿਚ ਸੁਪਰ-ਸਕਸ਼ਨ ਮਸ਼ੀਨਾਂ ਨਾਲ ਜੁੜੇ ਠੇਕੇਦਾਰ ਅਮਿਤ ਬਜਾਜ ’ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਸਬੰਧਤ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲਏ ਗਏ ਸਨ। ਅਮਿਤ ਬਜਾਜ ਦੀ ਫਰਮ ਨੂੰ ਜਲੰਧਰ ਨਗਰ ਨਿਗਮ ਵਿਚ ਸੁਪਰ-ਸਕਸ਼ਨ ਨਾਲ ਜੁੜੇ ਕਰੋੜਾਂ ਰੁਪਏ ਦੇ ਕੰਮ ਰੇਟ ਕੰਟਰੈਕਟ ਦੇ ਆਧਾਰ ’ਤੇ ਮਿਲਣ ਦੀ ਗੱਲ ਸਾਹਮਣੇ ਆਈ ਸੀ। ਹੁਣ ਦੋਸ਼ ਲਾਏ ਜਾ ਰਹੇ ਹਨ ਕਿ ਨਿਗਮ ਅਧਿਕਾਰੀਆਂ ਨੇ ਸਟ੍ਰੀਟ ਲਾਈਟ ਨਾਲ ਸਬੰਧਤ ਪਹਿਲਾਂ ਜਾਰੀ ਕੀਤੇ ਗਏ ਛੋਟੇ ਟੈਂਡਰਾਂ ਨੂੰ ਖੋਲ੍ਹਿਆ ਹੀ ਨਹੀਂ ਜਾਂ ਤਕਨੀਕੀ ਰੂਪ ਵਿਚ ਕਈ ਠੇਕੇਦਾਰਾਂ ਨੂੰ ਬਾਹਰ ਕਰ ਦਿੱਤਾ ਅਤੇ ਬਾਅਦ ਵਿਚ ਵੱਡੇ ਟੈਂਡਰ ਜਾਰੀ ਕਰ ਦਿੱਤੇ। ਠੇਕੇਦਾਰਾਂ ਦਾ ਇਹ ਵੀ ਦੋਸ਼ ਹੈ ਕਿ ਵੱਡੇ ਟੈਂਡਰਾਂ ਲਈ ਪੁਰਾਣੀਆਂ ਸ਼ਰਤਾਂ ਵਿਚ ਬਦਲਾਅ ਕੀਤਾ ਗਿਆ, ਤਾਂ ਜੋ ਚੋਣਵੀਆਂ ਵੱਡੀਆਂ ਕੰਪਨੀਆਂ ਨੂੰ ਲਾਭ ਮਿਲ ਸਕੇ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਸੁਪਰ-ਸਕਸ਼ਨ ਮਾਮਲਿਆਂ ਤੋਂ ਬਾਅਦ ਉੱਠੇ ਸਵਾਲਾਂ ਨੂੰ ਦੇਖਦੇ ਹੋਏ ਸਟ੍ਰੀਟ ਲਾਈਟ ਟੈਂਡਰਾਂ ’ਤੇ ਵੀ ਜਾਂਚ ਏਜੰਸੀਆਂ ਦੀ ਨਜ਼ਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਹੋਰ ਗਰਮਾਉਣ ਦੇ ਆਸਾਰ ਹਨ।
ਇਹ ਵੀ ਪੜ੍ਹੋ: ਬਠਿੰਡਾ 'ਚ ਸ਼ਰਾਬ ਦੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੂੰਹ ਤੋਂ ਪਾਣੀ ਮੰਗਣਾ ਸਹੁਰੇ ਨੂੰ ਪਿਆ ਭਾਰੀ, ਪੈਕੇ ਵਾਲਿਆਂ ਨੇ ਘਰ ਵੜ ਕੇ ਬੇਰਹਿਮੀ ਨਾਲ ਕੁੱਟਿਆ
NEXT STORY