ਨੂਰਪੁਰਬੇਦੀ (ਸੰਜੀਵ ਭੰਡਾਰੀ)–ਅੱਧੀ ਰਾਤ ਨੂੰ ਪਏ ਮੂਸਲਾਧਾਰ ਮੀਂਹ ਨੇ ਨੂਰਪੁਰਬੇਦੀ ਸ਼ਹਿਰ ਦੀ ਨਿਕਾਸੀ ਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕੁਝ ਹੀ ਘੰਟਿਆਂ ਦੀ ਬਾਰਿਸ਼ ਨੇ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਸਭ ਤੋਂ ਵੱਧ ਮਾਰ ਬੰਗਾਲਾ ਬਸਤੀ ਦੇ ਗ਼ਰੀਬ ਪਰਿਵਾਰਾਂ ਅਤੇ ਨੂਰਪੁਰਬੇਦੀ ਵਿਖੇ ਖੇਤਰ ਦੇ 138 ਪਿੰਡਾਂ ਦੇ ਕਿਸਾਨਾਂ ਲਈ ਸਥਾਪਤ ਬਲਾਕ ਖੇਤੀਬਾੜੀ ਦਫ਼ਤਰ 'ਤੇ ਪਈ। ਬੰਗਾਲਾ ਬਸਤੀ 'ਚ ਦੋ ਤੋਂ ਤਿੰਨ ਫੁੱਟ ਪਾਣੀ ਭਰਨ ਕਾਰਨ ਦਰਜਨਾਂ ਪਰਿਵਾਰਾਂ ਨੂੰ ਆਪਣੀਆਂ ਝੁੱਗੀਆਂ ਛੱਡ ਕੇ ਸੜਕ ਕਿਨਾਰੇ ਦੁਕਾਨਾਂ ਦੀਆਂ ਸ਼ੈੱਡਾਂ ਹੇਠ ਜਾਗ ਕੇ ਰਾਤ ਗੁਜ਼ਾਰਨੀ ਪਈ, ਜਦਕਿ ਬਲਾਕ ਖੇਤੀਬਾੜੀ ਦਫ਼ਤਰ ਨੂਰਪੁਰਬੇਦੀ ਵਿੱਚ ਢਾਈ ਫੁੱਟ ਪਾਣੀ ਦਾਖ਼ਲ ਹੋਣ ਨਾਲ ਸਰਕਾਰੀ ਰਿਕਾਰਡ, ਨਵੇਂ ਬਣਨ ਜਾ ਰਹੇ ਪਲਾਂਟ ਕਲੀਨਿਕ ਲਈ ਆਈਆਂ ਮਹਿੰਗੀਆਂ ਮਸ਼ੀਨਾਂ, ਨਵਾਂ ਫਰਨੀਚਰ ਅਤੇ ਕਰੀਬ 80 ਕੁਇੰਟਲ ਕਣਕ ਦਾ ਬੀਜ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਿਆ। ਭਾਰੀ ਵਰਖਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਸ਼ਹਿਰ 'ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ।
ਇਹ ਵੀ ਪੜ੍ਹੋ: ਪੰਜਾਬ: ਸਕੂਟਰੀ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਵਿਦੇਸ਼ੋਂ ਛੁੱਟੀ 'ਤੇ ਆਏ ਵਿਅਕਤੀ ਦੀ ਮੌਤ

ਬੰਗਾਲਾ ਬਸਤੀ 'ਚ ਹੜ੍ਹ ਵਰਗੇ ਹਾਲਾਤ, ਲੋਕਾਂ ਦਾ ਅਨਾਜ ਅਤੇ ਘਰੇਲੂ ਸਾਮਾਨ ਰੁੜਿਆ
ਬੰਗਾਲਾ ਬਸਤੀ 'ਚ ਪਾਣੀ ਦਾ ਪੱਧਰ ਦੋ ਤੋਂ ਤਿੰਨ ਫੁੱਟ ਤੱਕ ਪਹੁੰਚ ਗਿਆ। ਘਰਾਂ 'ਚ ਰੱਖਿਆ ਅਨਾਜ, ਕੱਪੜੇ, ਬਿਸਤਰੇ ਅਤੇ ਹੋਰ ਕੀਮਤੀ ਸਾਮਾਨ ਪਾਣੀ 'ਚ ਡੁੱਬ ਗਿਆ। ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ ਦਰਜਨਾਂ ਪਰਿਵਾਰਾਂ ਨੂੰ ਆਪਣੀ ਜਾਨ ਬਚਾਉਣ ਲਈ ਘਰ ਛੱਡ ਕੇ ਸੜਕ ਕਿਨਾਰੇ ਸ਼ੈੱਡਾਂ ਹੇਠ ਪਨਾਹ ਲੈਣੀ ਪਈ। ਸਵੇਰੇ ਲੋਕ ਭੁੱਖੇ ਪੇਟ ਘਰਾਂ ਵਿੱਚੋਂ ਪਾਣੀ ਕੱਢਦੇ ਨਜ਼ਰ ਆਏ।

ਭਾਰੀ ਤਰਾਸਦੀ ਦੇ ਚਲਦੇ ਬੱਚੇ ਸਕੂਲਾਂ ਨੂੰ ਤੇ ਮਜ਼ਦੂਰ ਕੰਮ 'ਤੇ ਜਾਣ ਤੋਂ ਵਾਂਝੇ ਰਹੇ
ਇਸ ਵਿਵਸਥਾ ਦੇ ਚਲਦਿਆਂ ਬੰਗਾਲਾ ਬਸਤੀ ਦੇ ਬੱਚੇ ਸਕੂਲ ਨਹੀਂ ਜਾ ਸਕੇ ਅਤੇ ਦਿਹਾੜੀਦਾਰ ਮਜ਼ਦੂਰ ਆਪਣੀ ਰੋਜ਼ੀ-ਰੋਟੀ ਤੋਂ ਵਾਂਝੇ ਰਹੇ। ਵਸਨੀਕਾਂ ਨੇ ਦੋਸ਼ ਲਾਇਆ ਕਿ ਹਰ ਸਾਲ ਬਰਸਾਤ ਵੇਲੇ ਇਹੀ ਹਾਲਾਤ ਬਣਦੇ ਹਨ ਪਰ ਨਾ ਤਾਂ ਨਾਲਿਆਂ ਦੀ ਸਫ਼ਾਈ ਹੁੰਦੀ ਹੈ ਅਤੇ ਨਾ ਹੀ ਪਾਣੀ ਦੀ ਨਿਕਾਸੀ ਲਈ ਕੋਈ ਪੱਕਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਵਾਰ ਵੀ ਸਥਾਈ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ: ਬੀ. ਪੀ. ਈ. ਓ. ਦਫ਼ਤਰ ਦਾ ਕਲਰਕ ਗ੍ਰਿਫ਼ਤਾਰ! ਹੈਰਾਨ ਕਰਦਾ ਕਾਰਨਾਮਾ ਆਇਆ ਸਾਹਮਣੇ
ਖੇਤੀਬਾੜੀ ਦਫ਼ਤਰ ਬਣਿਆ ਪਾਣੀ ਦਾ ਤਲਾਬ, ਲੱਖਾਂ ਦਾ ਹੋਇਆ ਨੁਕਸਾਨ
ਸਵੇਰੇ ਜਦੋਂ ਬਲਾਕ ਖੇਤੀਬਾੜੀ ਦਫ਼ਤਰ ਨੂਰਪੁਰਬਦੀ ਦਾ ਸਟਾਫ਼ ਡਿਊਟੀ 'ਤੇ ਪਹੁੰਚਿਆ ਤਾਂ ਪੂਰਾ ਦਫ਼ਤਰ ਪਾਣੀ 'ਚ ਡੁੱਬਿਆ ਹੋਇਆ ਸੀ। ਕਰਮਚਾਰੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਰਕਾਰੀ ਰਿਕਾਰਡ ਨੂੰ ਬਚਾਉਣ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਪਰ ਕਾਫ਼ੀ ਦਸਤਾਵੇਜ਼ ਪਾਣੀ 'ਚ ਖ਼ਰਾਬ ਹੋ ਗਏ। ਦਫ਼ਤਰ ਵਿਖੇ ਬਣਨ ਜਾ ਰਹੇ ਨਵੇਂ ਪਲਾਂਟ ਕਲੀਨਿਕ ਲਈ ਆਈਆਂ ਮਹਿੰਗੀਆਂ ਮਸ਼ੀਨਾਂ, ਫਰਨੀਚਰ ਅਤੇ ਕਰੀਬ 80 ਕੁਇੰਟਲ ਕਣਕ ਦਾ ਬੀਜ ਵੀ ਬਰਬਾਦ ਹੋ ਗਿਆ। ਖੇਤੀਬਾੜੀ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਨੁਕਸਾਨ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।

25 ਲੱਖ ਦੀ ਮਨਜ਼ੂਰੀ ਦੇ ਬਾਵਜੂਦ ਖੇਤੀਬਾੜੀ ਦਫ਼ਤਰ ਦੀ ਨਵੀਂ ਇਮਾਰਤ ਨਹੀਂ ਬਣੀ
ਵਿਭਾਗੀ ਕਰਮਚਾਰੀਆਂ ਨੇ ਦੱਸਿਆ ਕਿ ਦਫ਼ਤਰ ਦੀ ਇਮਾਰਤ ਨੂੰ ਕਾਫ਼ੀ ਸਮਾਂ ਪਹਿਲਾਂ ਅਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ ਅਤੇ ਨਵੀਂ ਇਮਾਰਤ ਲਈ 25 ਲੱਖ ਰੁਪਏ ਦੀ ਰਾਸ਼ੀ ਵੀ ਮਨਜ਼ੂਰ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਸਮੇਂ ਦਾ ਦਫ਼ਤਰ ਦੇ ਤਿੰਨ ਕਮਰੇ ਦੀਆਂ ਛੱਤਾਂ ਤੋਂ ਵੀ ਪਾਣੀ ਟੱਪਕ ਰਿਹਾ ਹੈ। ਇਸ ਦੇ ਬਾਵਜੂਦ ਨਿਰਮਾਣ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ ਅਤੇ ਜਿਸ ਦੇ ਅਗਸਤ ਮਹੀਨੇ ਵਿਚ ਸ਼ੁਰੂ ਹੋਣ ਦਾ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਨਵੀਂ ਇਮਾਰਤ ਬਣ ਜਾਂਦੀ ਤਾਂ ਇਹ ਵੱਡਾ ਨੁਕਸਾਨ ਟਾਲਿਆ ਜਾ ਸਕਦਾ ਸੀ। ਨੀਵੇਂ ਪੱਧਰ 'ਤੇ ਬਣਿਆ ਦਫ਼ਤਰ ਹਰ ਵਾਰ ਮੀਂਹ ਵਿੱਚ ਮੁਸੀਬਤ ਦਾ ਕੇਂਦਰ ਬਣ ਜਾਂਦਾ ਹੈ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਭੈਣ-ਭਰਾ ਨਾਲ ਵਾਪਰਿਆ ਵੱਡਾ ਹਾਦਸਾ, ਭਰਾ ਦੀ ਮੌਤ, ਦੋ ਮਹੀਨੇ ਬਾਅਦ ਹੋਣਾ ਸੀ ਵਿਆਹ
ਸੋਨੀ ਮਾਡਲ ਸਕੂਲ ਨੇੜਲੇ ਮੁਹੱਲੇ ਚ ਵੀ ਘਰਾਂ ਚ ਵੜਿਆ ਪਾਣੀ
ਸ਼ਹਿਰ ਦੇ ਸੋਨੀ ਮਾਡਲ ਸਕੂਲ ਮੁਹੱਲੇ 'ਚ ਵੀ ਪਹਾੜੀ ਖੇਤਰ ਤੋਂ ਆਇਆ ਪਾਣੀ ਘਰਾਂ 'ਚ ਦਾਖ਼ਲ ਹੋ ਗਿਆ। ਮੁਹੱਲਾ ਵਾਸੀ ਸੌਰਵ ਨੇ ਦੱਸਿਆ ਕਿ ਪਿਛਲੇ ਸਾਲ ਵੀ ਅਜਿਹੀ ਹੀ ਤਬਾਹੀ ਹੋਈ ਸੀ ਪਰ ਪ੍ਰਸ਼ਾਸਨ ਨੇ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ, ਜਿਸ ਕਰਕੇ ਇਸ ਵਾਰ ਵੀ ਦੋ ਤੋਂ ਢਾਈ ਫੁੱਟ ਪਾਣੀ ਭਰਨ ਨਾਲ ਕਈ ਪਰਿਵਾਰਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋਣ ਨਾਲ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਾ ਹੋਣ 'ਤੇ ਕਈ ਵਾਰ ਤਾਂ ਸਾਨੂੰ ਇੰਝ ਮਹਿਸੂਸ ਹੁੰਦਾ ਹੈ ਜਿੱਦਾਂ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹੀ ਨਹੀਂ ਹਨ।
ਨੂਰਪੁਰਬੇਦੀ ਦੇ ਵਾਟਰ ਸਪਲਾਈ ਦਫ਼ਤਰ 'ਚ ਵੀ ਭਾਰੀ ਮਾਤਰਾ ਚ ਜਮ੍ਹਾ ਹੋਇਆ ਪਾਣੀ
ਇਸ ਵਰਖਾ ਦੌਰਾਨ ਨੂਰਪੁਰਬੇਦੀ ਦੇ ਵਾਟਰ ਸਪਲਾਈ ਦਫ਼ਤਰ 'ਚ ਵੀ ਭਾਰੀ ਮਾਤਰਾ ਵਿਚ ਪਾਣੀ ਜਮ੍ਹਾ ਹੋ ਗਿਆ। ਜਿਸ ਦੌਰਾਨ ਆਪਣੇ ਕੰਮਕਾਜ ਲਈ ਆਏ ਖ਼ਪਤਕਾਰਾਂ ਨੂੰ ਜਿੱਥੇ ਦਫ਼ਤਰ ਦੇ ਵਿਹੜੇ ਵਿਚ ਭਾਰੀ ਮਾਤਰਾ ਵਿਚ ਪਾਣੀ ਜਮ੍ਹਾ ਹੋਣ 'ਤੇ ਬੇਰੰਗ ਪਰਤਣਾ ਪਿਆ, ਉੱਥੇ ਹੀ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵੀ ਦਫ਼ਤਰ ਵਿਚ ਦਾਖ਼ਲ ਹੋਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ। ਇਸ ਦੌਰਾਨ ਵਰਖਾ ਦੇ ਪਾਣੀ ਕਾਰਨ ਦਫ਼ਤਰ ਵਿਖੇ ਹੋਏ ਨੁਕਸਾਨ ਦਾ ਮੁਲਾਜ਼ਮਾਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਤੂਫ਼ਾਨ, 12 ਜ਼ਿਲ੍ਹਿਆਂ 'ਚ Alert ਜਾਰੀ
ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਪੀੜਤ ਪਰਿਵਾਰਾਂ ਨੂੰ ਜਲਦ ਰਾਹਤ ਪਹੁੰਚਾਏ: ਅਸ਼ਵਨੀ ਸ਼ਰਮਾ
ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨੂਰਪੁਰਬੇਦੀ ਵਿੱਚ ਹਰ ਸਾਲ ਬਰਸਾਤ ਦੌਰਾਨ ਲੋਕਾਂ ਨੂੰ ਇਸੇ ਤਰ੍ਹਾਂ ਦੀ ਤਰਾਸਦੀ ਝੱਲਣੀ ਪੈਂਦੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਸਿਰਫ਼ ਕਾਗਜ਼ੀ ਦਾਅਵਿਆਂ ਤੱਕ ਹੀ ਸੀਮਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੰਗਾਲਾ ਬਸਤੀ ਦੇ ਗ਼ਰੀਬ ਪਰਿਵਾਰਾਂ ਦਾ ਅਨਾਜ, ਘਰੇਲੂ ਸਾਮਾਨ ਅਤੇ ਰੋਜ਼ੀ-ਰੋਟੀ ਪਾਣੀ ਦੀ ਭੇਟ ਚੜ੍ਹ ਗਈ ਹੈ, ਜਦਕਿ ਬਲਾਕ ਖੇਤੀਬਾੜੀ ਦਫ਼ਤਰ ਨੂੰ ਵੀ ਵੱਡਾ ਸਰਕਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ, ਮੁਫ਼ਤ ਰਾਸ਼ਨ ਅਤੇ ਹੋਰ ਰਾਹਤ ਸਮੱਗਰੀ ਦਿੱਤੀ ਜਾਵੇ। ਨਾਲ ਹੀ ਪਾਣੀ ਦੀ ਨਿਕਾਸੀ ਲਈ ਸਥਾਈ ਡਰੇਨੇਜ ਯੋਜਨਾ ਤਿਆਰ ਕਰਕੇ ਜਲਦੀ ਲਾਗੂ ਕੀਤੀ ਜਾਵੇ ਅਤੇ ਬਲਾਕ ਖੇਤੀਬਾੜੀ ਦਫ਼ਤਰ ਦੀ ਨਵੀਂ ਇਮਾਰਤ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਪਾਰਟੀ ਪ੍ਰਭਾਵਿਤ ਲੋਕਾਂ ਦੇ ਹੱਕ 'ਚ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਾਂਡਾ 'ਚ ਦਿਸਿਆ ਪੰਜਾਬ ਬੰਦ ਦਾ ਮੁਕੰਮਲ ਅਸਰ
NEXT STORY