ਜਲੰਧਰ (ਖੁਰਾਣਾ)–ਅੱਜ ਤੋਂ ਲਗਭਗ 5 ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 100 ਸ਼ਹਿਰਾਂ ਨੂੰ ਸਮਾਰਟ ਬਣਾਉਣ ਲਈ ਸਮਾਰਟ ਸਿਟੀ ਮਿਸ਼ਨ ਸ਼ੁਰੂ ਕੀਤਾ ਸੀ, ਉਦੋਂ ਜਲੰਧਰ ਦਾ ਨਾਂ ਵੀ ਇਸ ਸੂਚੀ ਵਿਚ ਸ਼ਾਮਲ ਹੋਇਆ ਸੀ ਅਤੇ ਜਲੰਧਰ ਲਈ ਲਗਭਗ 2 ਹਜ਼ਾਰ ਕਰੋੜ ਰੁਪਏ ਵੀ ਮਨਜ਼ੂਰ ਕੀਤੇ ਗਏ ਸਨ। ਇਨ੍ਹਾਂ ਪੈਸਿਆਂ ਨਾਲ ਜਲੰਧਰ ਨੂੰ ਵਿਸ਼ਵ ਪੱਧਰੀ ਅਤੇ ਅਤਿ-ਆਧੁਨਿਕ ਸਹੂਲਤਾਂ ਵਾਲਾ ਸ਼ਹਿਰ ਬਣਾਇਆ ਜਾ ਸਕਦਾ ਸੀ ਪਰ ਪੰਜਾਬ ਦੀ ਅਫ਼ਸਰਸ਼ਾਹੀ ਅਜਿਹਾ ਕਰਨ ਵਿਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ। ਕਈ ਸੌ ਕਰੋੜ ਰੁਪਏ ਖ਼ਰਚ ਕਰਨ ਦੇ ਬਾਵਜੂਦ ਅੱਜ ਜਲੰਧਰ ਥੋੜ੍ਹਾ ਜਿਹਾ ਵੀ ਸਮਾਰਟ ਨਜ਼ਰ ਨਹੀਂ ਆ ਰਿਹਾ, ਸਗੋਂ ਸਮਾਰਟ ਸਿਟੀ ਦੇ ਠੱਪ ਪਏ ਕੰਮਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ।
ਅੱਜ ਜਲੰਧਰ ਸਮਾਰਟ ਸਿਟੀ ਦਾ ਹਸ਼ਰ ਇਹ ਹੋ ਗਿਆ ਕਿ ਇਥੇ ਵੱਖ-ਵੱਖ ਪ੍ਰਾਜੈਕਟਾਂ ਵਿਚ ਕਰੋੜਾਂ ਰੁਪਏ ਦਾ ਘਪਲਾ ਕਰਕੇ ਕਈ ਅਫ਼ਸਰ ਇਥੋਂ ਜਾ ਚੁੱਕੇ ਹਨ ਪਰ ਮੌਜੂਦਾ ਸਮੇਂ ਜਿਹੜੇ ਅਫ਼ਸਰ ਹਨ, ਉਹ ਪਿਛਲੇ ਕੰਮਾਂ ਨਾਲ ਸਬੰਧਤ ਫਾਈਲਾਂ ਤਾਂ ਕੀ ਨਵੇਂ ਕੰਮ ਦੀਆਂ ਫਾਈਲਾਂ ਨੂੰ ਵੀ ਹੱਥ ਨਹੀਂ ਲਾ ਰਹੇ, ਜਿਸ ਕਾਰਨ ਠੇਕੇਦਾਰਾਂ ਨੇ ਸਾਰੇ ਕੰਮਾਂ ’ਤੇ ਨਾ ਸਿਰਫ ਫੁੱਲ ਸਟਾਪ ਲਾ ਦਿੱਤਾ ਹੈ, ਸਗੋਂ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟ ਬਿਲਕੁਲ ਬੰਦ ਪਏ ਹਨ। ਇਸ ਨਾਲ ਚੰਡੀਗੜ੍ਹ ਵਿਚ ਬੈਠੀ ਅਫ਼ਸਰਸ਼ਾਹੀ ਹੈਰਾਨ-ਪ੍ਰੇਸ਼ਾਨ ਹੈ ਕਿ ਜਲੰਧਰ ਵਿਚ ਸਮਾਰਟ ਸਿਟੀ ਦੇ ਕੰਮਾਂ ਨੂੰ ਕਿਵੇਂ ਅੱਗੇ ਵਧਾਇਆ ਜਾਵੇ।
ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਜੈਕਾਰਿਆਂ ਦੀ ਗੂੰਜ ਨਾਲ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਇਆ ਨਗਰ ਕੀਰਤਨ
ਪੀ. ਐੱਮ. ਆਈ. ਡੀ. ਸੀ. ਦੇ ਅਧਿਕਾਰੀ ਵੀ ਬੇਵੱਸ ਦਿਸ ਰਹੇ
ਚੰਡੀਗੜ੍ਹ ਬੈਠੇ ਪੀ. ਐੱਮ. ਆਈ. ਡੀ. ਸੀ. ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਲੰਧਰ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਦੇਖ-ਰੇਖ ਕਰਨ ਪਰ ਹੁਣ ਜਦੋਂ ਕਿ ਜਲੰਧਰ ਵਿਚ ਸਾਰੇ ਕੰਮ ਠੱਪ ਹੋ ਗਏ ਹਨ ਅਤੇ ਠੇਕੇਦਾਰਾਂ ਨੇ ਅੱਗੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ, ਅਜਿਹੇ ਵਿਚ ਪੀ. ਐੱਮ. ਆਈ. ਡੀ. ਸੀ. ਦੇ ਅਧਿਕਾਰੀ ਵੀ ਬੇਵੱਸ ਦਿਸ ਰਹੇ ਹਨ।
ਪਿਛਲੇ ਦਿਨੀਂ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਚੀਫ਼ ਇੰਜੀਨੀਅਰ ਅਸ਼ਵਨੀ ਚੌਧਰੀ ਦੀ ਡਿਊਟੀ ਲਾਈ ਕਿ ਉਹ ਜਲੰਧਰ ਜਾ ਕੇ ਠੇਕੇਦਾਰਾਂ ਵੱਲੋਂ ਬੰਦ ਕੀਤੇ ਕੰਮਾਂ ਦਾ ਸਟੇਟਸ ਦੇਖਣ ਅਤੇ ਉਨ੍ਹਾਂ ਨੂੰ ਚਾਲੂ ਕਰਵਾਉਣ ਦਾ ਪ੍ਰਬੰਧ ਕਰਨ ਪਰ ਜਲੰਧਰ ਵਿਚ ਸੀ. ਈ. ਓ. ਨੇ ਨਾ ਤਾਂ ਠੇਕੇਦਾਰਾਂ ਨਾਲ ਕੋਈ ਮੀਟਿੰਗ ਹੀ ਕੀਤੀ ਹੈ ਅਤੇ ਨਾ ਹੀ ਕੰਮ ਚਾਲੂ ਕਰਵਾਉਣ ਜਾਂ ਠੇਕੇਦਾਰਾਂ ਨੂੰ ਪੇਮੈਂਟ ਆਦਿ ਦੇਣ ਦੇ ਕੋਈ ਪ੍ਰਬੰਧ ਹੀ ਕੀਤੇ ਗਏ ਹਨ।
ਕੁਲਵਿੰਦਰ ਸਿੰਘ ਦੀ ਥਾਂ ’ਤੇ ਚੰਡੀਗੜ੍ਹ ਤੋਂ ਟੀਮ ਲੀਡਰ ਵਜੋਂ ਸੀਨੀਅਰ ਅਧਿਕਾਰੀ ਨਰੇਸ਼ ਗੁਪਤਾ ਨੂੰ ਜਲੰਧਰ ਸਮਾਰਟ ਸਿਟੀ ਵਿਚ ਭੇਜਿਆ ਗਿਆ ਸੀ ਪਰ ਉਨ੍ਹਾਂ ਦੀ ਜੁਆਇਨਿੰਗ ਤੱਕ ਨਹੀਂ ਕਰਵਾਈ ਗਈ। ਹੋਰ ਤਾਂ ਹੋਰ ਜਲੰਧਰ ਸਮਾਰਟ ਸਿਟੀ ਦੇ ਚਪੜਾਸੀ, ਡਰਾਈਵਰ, ਕਲਰਕ, ਅਕਾਊਂਟੈਂਟ ਅਤੇ ਹੋਰ ਸਟਾਫ ਨੂੰ ਤਨਖਾਹ ਤੱਕ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਕਈ ਤਾਂ ਕੰਮ ਛੱਡ ਵੀ ਚੁੱਕੇ ਹਨ। ਕੁਝ ਸਮਾਂ ਪਹਿਲਾਂ ਸਮਾਰਟ ਸਿਟੀ ਨੇ ਆਪਣੇ ਪ੍ਰਾਜੈਕਟਾਂ ਦੀ ਨਿਗਰਾਨੀ ਲਈ ਕੁਝ ਲੜਕੇ-ਲੜਕੀਆਂ ਨੂੰ ਬਤੌਰ ਇੰਟਰਨ ਭਰਤੀ ਕੀਤਾ ਸੀ ਅਤੇ ਉਨ੍ਹਾਂ ਵਿਚੋਂ ਵੀ ਵਧੇਰੇ ਕੰਮ ਛੱਡ ਚੁੱਕੇ ਹਨ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੀਆਂ ਛੇਤੀ ਖੁੱਲ੍ਹਣਗੀਆਂ ਪਰਤਾਂ
ਥਰਡ ਪਾਰਟੀ ਨੂੰ ਆਧਾਰ ਬਣਾ ਕੇ ਸਾਈਟ ਵਿਜ਼ਿਟ ਕਰੇਗੀ ਵਿਜੀਲੈਂਸ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਵਿਜੀਲੈਂਸ ਬਿਊਰੋ ਨੇ ਸਮਾਰਟ ਸਿਟੀ ਦੇ ਸਾਰੇ ਕੰਮਾਂ ਦੀ ਜਾਂਚ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸਦੇ ਪਹਿਲੇ ਪੜਾਅ ਵਿਚ 5 ਪ੍ਰਾਜੈਕਟਾਂ ਦਾ ਰਿਕਾਰਡ ਜੁਟਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਪੰਜਾਂ ਪ੍ਰਾਜੈਕਟਾਂ ਦੀ ਜਾਂਚ ਥਰਡ ਪਾਰਟੀ ਏਜੰਸੀ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ ਰਿਪੋਰਟ ਵਿਚ ਕਈ ਗੜਬੜੀਆਂ ਵੀ ਸਾਹਮਣੇ ਆਈਆਂ ਹਨ। ਹੁਣ ਵਿਜੀਲੈਂਸ ਬਿਊਰੋ ਇਸੇ ਰਿਪੋਰਟ ਨੂੰ ਆਧਾਰ ਬਣਾ ਕੇ ਪ੍ਰਾਜੈਕਟਾਂ ਦੀ ਸਾਈਟ ਵਿਜ਼ਿਟ ਕਰ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਸ਼ਿਆਰਪੁਰ ਵਿਖੇ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਸਹੁਰਿਆਂ 'ਤੇ ਲੱਗੇ ਗੰਭੀਰ ਇਲਜ਼ਾਮ
NEXT STORY