ਜਲੰਧਰ (ਖੁਰਾਣਾ)–ਪਿਛਲੇ ਸਾਲਾਂ ਵਿਚ ਦੀਵਾਲੀ ਤੋਂ ਠੀਕ ਪਹਿਲਾਂ ਜਲੰਧਰ ਸ਼ਹਿਰ ਵਿਚ ਪਟਾਕਿਆਂ ਦਾ ਕਾਰੋਬਾਰ ਹਮੇਸ਼ਾ ਸ਼ਾਂਤੀਪੂਰਵਕ ਚੱਲਦਾ ਆਇਆ ਹੈ ਪਰ ਇਸ ਵਾਰ ਵਪਾਰੀਆਂ ਨੂੰ ਸ਼ੁਰੂ ਤੋਂ ਅਖੀਰ ਤਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਇਸ ਵਾਰ 20 ਅਤੇ 21 ਅਕਤੂਬਰ ਨੂੰ ਧਾਰਮਿਕ ਮਾਨਤਾਵਾਂ ਅਨੁਸਾਰ ਦੀਵਾਲੀ ਦਾ ਤਿਉਹਾਰ 2 ਦਿਨ ਤਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਪਰ ਪਟਾਕਾ ਵਿਕ੍ਰੇਤਾਵਾਂ ਲਈ ਇਹ ਮੌਸਮ ਨਿਰਾਸ਼ਾ ਭਰਿਆ ਸਾਬਿਤ ਹੋਇਆ। ਤਿਉਹਾਰ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਕੋਲ ਸਟਾਕ ਦਾ ਵੱਡਾ ਢੇਰ ਬਾਕੀ ਹੈ, ਜਿਸ ਨੂੰ ਪੂਰਾ ਸਾਲ ਸੰਭਾਲਣਾ ਪਵੇਗਾ। ਅਫ਼ਸਰਾਂ ਦੀ ਲਾਪ੍ਰਵਾਹੀ ਅਤੇ ਸਰਕਾਰੀ ਤੰਤਰ ਦੀ ਉਦਾਸੀਨਤਾ ਨੇ 2 ਮਹੀਨੇ ਵਪਾਰੀਆਂ ਨੂੰ ਪ੍ਰੇਸ਼ਾਨ ਕਰੀ ਰੱਖਿਆ।
ਇਹ ਵੀ ਪੜ੍ਹੋ: ਇਹ ਹੈ ਪੰਜਾਬ ਦਾ 100 ਸਾਲ ਤੋਂ ਵੀ ਪੁਰਾਣਾ 'ਡੱਬੀ ਬਾਜ਼ਾਰ', ਕਦੇ ਵਿਦੇਸ਼ਾਂ ਤੋਂ ਵੀ ਸਾਮਾਨ ਖ਼ਰੀਦਣ ਆਉਂਦੇ ਸਨ ਲੋਕ
ਸਪੋਰਟਸ ਹੱਬ ਦੇ ਨਿਰਮਾਣ ਕਾਰਨ ਬਰਲਟਨ ਪਾਰਕ ਗਰਾਊਂਡ ਵਿਚ ਪਟਾਕਾ ਮਾਰਕੀਟ ਬੰਦ ਹੋਣ ਤੋਂ ਬਾਅਦ ਨਵੀਂ ਸਾਈਟ ਦੀ ਮੰਗ ’ਤੇ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ। ਸੁਝਾਵਾਂ ਗਈਆਂ ਥਾਵਾਂ ’ਤੇ ਲਗਾਤਾਰ ਰੁਕਾਵਟਾਂ ਆਈਆਂ, ਕੁਝ ਨੋਟੀਫਿਕੇਸ਼ਨ ਜਾਰੀ ਹੋਏ ਤਾਂ ਉਨ੍ਹਾਂ ਨੂੰ ਤੁਰੰਤ ਹੀ ਰੱਦ ਕਰ ਦਿੱਤਾ ਗਿਆ। ਇਸ ਦੌਰਾਨ ਵਪਾਰੀ 2 ਧੜਿਆਂ ਵਿਚ ਵੰਡੇ ਗਏ, ਜਦੋਂ ਕਿ ਪ੍ਰਸ਼ਾਸਨ ਵਿਚ ਵੀ ਭੰਬਲਭੂਸਾ ਕਾਇਮ ਰਿਹਾ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਡ੍ਰਾਅ ਕੱਢ ਦਿੱਤਾ ਗਿਆ ਪਰ ਜਗ੍ਹਾ ਤੈਅ ਨਾ ਹੋਣ ਕਾਰਨ ਪੁਲਸ ਲਾਇਸੈਂਸ ਜਾਰੀ ਨਹੀਂ ਕਰ ਸਕੀ। ਨਤੀਜੇ ਵਜੋਂ ਕੁਝ ਵਪਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚੇ ਤਾਂ ਕੁਝ ਨੇ ਮੁੱਖ ਮੰਤਰੀ ਭਗਵੰਤ ਮਾਨ ਤਕ ਆਪਣੀ ਫਰਿਆਦ ਲਗਾਈ। ਆਖਿਰਕਾਰ ਸੈਂਟਰਲ ਵਿਧਾਨ ਸਭਾ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੇ ਦਖ਼ਲ ਨਾਲ ਦਬਾਅ ਬਣਾ ਕੇ 17 ਅਕਤੂਬਰ ਦੀ ਅੱਧੀ ਰਾਤ ਨੂੰ ਲਾਇਸੈਂਸ ਮਿਲੇ। ਉਸੇ ਰਾਤ ਵਪਾਰੀਆਂ ਨੇ ਕਾਊਂਟਰ, ਸਾਮਾਨ ਅਤੇ ਸਟਾਕ ਨਵੀਂ ਮਾਰਕੀਟ ਵਿਚ ਸ਼ਿਫਟ ਕੀਤਾ ਅਤੇ 18 ਅਕਤੂਬਰ ਦੁਪਹਿਰ ਤੋਂ ਦੁਕਾਨਾਂ ਚਾਲੂ ਕੀਤੀਆਂ।
ਇਹ ਵੀ ਪੜ੍ਹੋ: ਪੰਥਕ ਰੀਤੀ-ਰਿਵਾਜਾਂ ਨਾਲ ਜਥੇਦਾਰ ਗੜਗੱਜ ਦੀ ਮੁੜ ਹੋਈ ਦਸਤਾਰਬੰਦੀ, ਨਿਹੰਗ ਜਥੇਬੰਦੀਆਂ ਨੇ ਛੱਡੀ ਨਾਰਾਜ਼ਗੀ
ਜਲਦਬਾਜ਼ੀ ਵਿਚ ਵਧੇਰੇ ਵਿਕ੍ਰੇਤਾਵਾਂ ਨੇ ਲਾਇਸੈਂਸ ਦੀਆਂ ਸ਼ਰਤਾਂ ਗੌਰ ਨਾਲ ਨਹੀਂ ਪੜ੍ਹੀਆਂ, ਜਿਸ ਵਿਚ ਸਾਫ਼-ਸਾਫ਼ ਲਿਖਿਆ ਸੀ ਕਿ ਪਟਾਕਿਆਂ ਦੀ ਵਿਕਰੀ 20 ਅਕਤੂਬਰ ਸ਼ਾਮ 7.30 ਵਜੇ ਤਕ ਹੀ ਹੋ ਸਕੇਗੀ। ਇਸ ਵਾਰ ਵੈਸ਼ਨੋ ਦੇਵੀ ਦਰਬਾਰ ਤੋਂ ਵੀ 21 ਅਕਤੂਬਰ ਨੂੰ ਹੀ ਦੀਵਾਲੀ ਮਨਾਉਣ ਦੀ ਅਪੀਲ ਆਈ, ਨਾਲ ਹੀ 21 ਨੂੰ ਬੰਦੀਛੋੜ ਦਿਵਸ ਵੀ ਸੀ। ਗਾਹਕਾਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਸਾਰੇ ਦੁਕਾਨਦਾਰਾਂ ਨੇ 21 ਅਕਤੂਬਰ ਨੂੰ ਵੀ ਕਾਰੋਬਾਰ ਖੁੱਲ੍ਹੇ ਰੱਖੇ। ਹੁਣ ਕੁਝ ਦਿਨ ਪਹਿਲਾਂ ਜਲੰਧਰ ਪੁਲਸ ਕਮਿਸ਼ਨਰੇਟ ਦੀ ਆਰਮਜ਼ ਲਾਇਸੈਂਸਿੰਗ ਬ੍ਰਾਂਚ ਨੇ ਸਾਰੇ ਪਟਾਕਾ ਕਾਰੋਬਾਰੀਆਂ ਨੂੰ ਨੋਟਿਸ ਫੜਾਏ ਹਨ। ਇਨ੍ਹਾਂ ਵਿਚ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ ਕਿ ਲਾਇਸੈਂਸ ਸਿਰਫ 20 ਅਕਤੂਬਰ ਸ਼ਾਮ 7.30 ਵਜੇ ਤਕ ਜਾਇਜ਼ ਸੀ ਪਰ ਵਿਕ੍ਰੇਤਾਵਾਂ ਨੇ ਸਮਾਂਹੱਦ ਲੰਘ ਕੇ ਵਿਕਰੀ ਜਾਰੀ ਰੱਖੀ ਅਤੇ 21 ਅਕਤੂਬਰ ਨੂੰ ਦੁਕਾਨਾਂ ਖੁੱਲ੍ਹੀਆਂ ਰਹੀਆਂ, ਜੋ ਲਾਇਸੈਂਸ ਦਾ ਉਲੰਘਣ ਹੈ।
ਸਹਾਇਕ ਪੁਲਸ ਕਮਿਸ਼ਨਰ ਅਮਰਨਾਥ ਦੇ ਦਸਤਖਤਾਂ ਵਾਲੇ ਇਨ੍ਹਾਂ ਨੋਟਿਸਾਂ ਵਿਚ ਐਕਸਪਲੋਸਿਵ ਐਕਟ ਤਹਿਤ ਸਖ਼ਤ ਕਾਰਵਾਈ ਦੀ ਧਮਕੀ ਦਿੱਤੀ ਗਈ ਹੈ। 2 ਦਿਨਾਂ ਵਿਚ ਜਵਾਬ ਨਾ ਦੇਣ ’ਤੇ ਕਾਨੂੰਨੀ ਕਦਮ ਚੁੱਕਣ ਦੀ ਗੱਲ ਕਹੀ ਗਈ ਹੈ। ਨੋਟਿਸ ਹੱਥ ਲੱਗਦੇ ਹੀ ਵਪਾਰੀ ਭਾਜਪਾ ਆਗੂ ਕੇ. ਡੀ. ਭੰਡਾਰੀ ਦੇ ਨਾਲ ਡੀ. ਸੀ. ਪੀ. ਨਰੇਸ਼ ਡੋਗਰਾ ਨੂੰ ਮਿਲੇ ਅਤੇ ਸਾਰੇ ਦਸਤਾਵੇਜ਼ ਉਨ੍ਹਾਂ ਨੂੰ ਸੌਂਪ ਦਿੱਤੇ। ਅੱਜ ਜਦੋਂ ਕੁਝ ਵਿਕ੍ਰੇਤਾ ਦੋਬਾਰਾ ਡੋਗਰਾ ਨੂੰ ਮਿਲੇ ਤਾਂ ਉਨ੍ਹਾਂ ਨੂੰ ਲਾਇਸੈਂਸਿੰਗ ਬ੍ਰਾਂਚ ਦੇ ਏ. ਸੀ. ਪੀ. ਕੋਲ ਭੇਜ ਦਿੱਤਾ ਗਿਆ। ਉਥੇ ਪਹੁੰਚਣ ’ਤੇ ਸਾਫ ਕਿਹਾ ਗਿਆ ਕਿ ਪਹਿਲਾਂ ਮੁਆਫੀਨਾਮਾ ਲਿਖੋ, ਫਿਰ ਹੀ ਨੋਟਿਸ ਰੱਦ ਹੋਣਗੇ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਪੁਲਸ ਅਜੇ ਕਿਸੇ ਨਰਮੀ ਦੇ ਮੂਡ ਵਿਚ ਨਜ਼ਰ ਨਹੀਂ ਆ ਰਹੀ, ਸਗੋਂ ਸ਼ਰਤਾਂ ’ਤੇ ਅੜੀ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਕ ਹੋਰ SHO 'ਤੇ ਡਿੱਗ ਸਕਦੀ ਹੈ ਗਾਜ! ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ
ਪਤਾ ਲੱਗਾ ਹੈ ਕਿ ਸ਼ਹਿਰ ਦੇ ਪਟਾਕਾ ਕਾਰੋਬਾਰੀ ਹੁਣ ਹਾਈ ਕੋਰਟ ਦੀ ਅਗਲੀ ਸੁਣਵਾਈ ਨੂੰ ਮੌਕਾ ਮੰਨ ਰਹੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਜੇਕਰ ਪੂਰੇ ਦੇਸ਼ ਵਿਚ 20-21 ਅਕਤੂਬਰ ਨੂੰ ਦੀਵਾਲੀ 2 ਦਿਨਾਂ ਤਕ ਮਨਾਈ ਗਈ ਤਾਂ ਜਲੰਧਰ ਵਿਚ ਲਾਇਸੈਂਸ ਸਿਰਫ 20 ਤਕ ਕਿਉਂ ਸੀਮਤ ਕੀਤਾ ਗਿਆ? ਨੋਟਿਸ ਕਿਉਂ ਭੇਜੇ ਗਏ, ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਰਣਨੀਤੀ ਬਣਾ ਲਈ ਗਈ ਹੈ। ਅੱਜ ਐਸੋਸੀਏਸ਼ਨਾਂ ਦੇ ਅਹੁਦੇਦਾਰ ਆਪਣੇ ਵਕੀਲਾਂ ਤੋਂ ਸਲਾਹ ਲੈਂਦੇ ਨਜ਼ਰ ਆਏ। ਆਉਣ ਵਾਲੇ ਦਿਨਾਂ ਵਿਚ ਜੇਕਰ ਗੱਲ ਨਾ ਬਣੀ ਤਾਂ ਪੁਲਸ-ਵਪਾਰੀਆਂ ਵਿਚਕਾਰ ਟਕਰਾਅ ਹੋਰ ਤੇਜ਼ ਹੋ ਸਕਦਾ ਹੈ। ਵਪਾਰੀ ਇਕਜੁੱਟ ਹੋ ਕੇ ਨਿਆਂ ਦੀ ਲੜਾਈ ਲੜਨ ਨੂੰ ਤਿਆਰ ਦਿਸ ਰਹੇ ਹਨ।
ਇਹ ਵੀ ਪੜ੍ਹੋ:ਮੁਅੱਤਲ SHO ਭੂਸ਼ਣ ਦੇ ਮਾਮਲੇ 'ਚ ਨਵਾਂ ਮੋੜ, ਇਕ ਹੋਰ ਕੁੜੀ ਆਈ ਸਾਹਮਣੇ, ਖੁੱਲ੍ਹ ਗਏ ਵੱਡੇ ਰਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਸ਼ਰਾਬ ਸਣੇ ਔਰਤ ਗ੍ਰਿਫ਼ਤਾਰ
NEXT STORY