ਜਲੰਧਰ (ਪੁਨੀਤ)–ਧੋਖਾਦੇਹੀ ਕਰਕੇ ਬੈਂਕ ਅਕਾਊਂਟ ਵਿਚੋਂ ਪੈਸੇ ਕੱਢਣ ਦੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਕਦੇ ਲਾਟਰੀ ਨਿਕਲਣ ਜਾਂ ਕਦੇ ਹੋਰ ਇਨਾਮ ਦੇਣ ਦਾ ਝਾਂਸਾ ਦੇ ਕੇ ਲੋਕਾਂ ਦੇ ਬੈਂਕ ਅਕਾਊਂਟ ਦੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਇਸ ਉਪਰੰਤ ਉਕਤ ਵਿਅਕਤੀ ਦੇ ਅਕਾਊਂਟ ਵਿਚੋਂ ਸਾਰੇ ਪੈਸੇ ਕਢਵਾ ਲਏ ਜਾਂਦੇ ਹਨ ਅਤੇ ਲੋਕਾਂ ਨੂੰ ਬਾਅਦ ਵਿਚ ਪਛਤਾਉਣਾ ਪੈਂਦਾ ਹੈ।
ਲਾਟਰੀ ਦੇ ਝਾਂਸੇ ਦੀ ਗੱਲ ਬਾਰੇ ਲੋਕ ਹੁਣ ਜਾਣ ਚੁੱਕੇ ਹਨ, ਜਿਸ ਕਾਰਨ ਉਹ ਇਸ ਝਾਂਸੇ ਵਿਚ ਨਹੀਂ ਆਉਂਦੇ। ਇਸੇ ਲਈ ਧੋਖਾਦੇਹੀ ਕਰਨ ਵਾਲਿਆਂ ਵੱਲੋਂ ਨਵੇਂ-ਨਵੇਂ ਹੱਥਕੰਡਾ ਅਪਣਾਏ ਜਾਂਦੇ ਹਨ। ਹੁਣ ਠੱਗਾਂ ਵੱਲੋਂ ਕੋਰੋਨਾ ਵੈਕਸੀਨ ਦੇ ਨਾਂ ’ਤੇ ਠੱਗੀ ਮਾਰਨ ਦਾ ਹੱਥਕੰਡਾ ਅਪਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼
ਕੋਰੋਨਾ ਵੈਕਸੀਨ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਵਿਚ ਪਹੁੰਚਣ ਤੋਂ ਬਾਅਦ ਲੋਕਾਂ ਨੂੰ ਵੈਕਸੀਨ ਲਈ ਰਜਿਸਟਰਡ ਕਰਨ ਦੇ ਨਾਂ ’ਤੇ ਠੱਗੀ ਦਾ ਜਾਲ ਵਿਛਾਇਆ ਜਾ ਰਿਹਾ ਹੈ। ਠੱਗੀ ਮਾਰਨ ਵਾਲੇ ਵਿਅਕਤੀ ਵੱਲੋਂ ਫੋਨ ਕਰਕੇ ਲੋਕਾਂ ਕੋਲੋਂ ਉਨ੍ਹਾਂ ਦਾ ਬੈਂਕ ਅਕਾਊਂਟ ਨੰਬਰ ਪੁੱਛਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਵੈਕਸੀਨ ਲਵਾਉਣ ਵਾਲੇ ਨੂੰ ਸਰਕਾਰ ਵੱਲੋਂ 3100 ਰੁਪਏ ਡਾਈਟ (ਖਾਣ-ਪੀਣ) ਲਈ ਦਿੱਤੇ ਜਾ ਰਹੇ ਹਨ। ਇਸ ਤੋਂ ਬਾਅਦ ਆਧਾਰ ਕਾਰਡ ਦਾ ਨੰਬਰ ਪੁੱਛਿਆ ਜਾਂਦਾ ਹੈ, ਜਿਸ ਤੋਂ ਬਾਅਦ ਉਕਤ ਵਿਅਕਤੀ ਦੇ ਮੋਬਾਇਲ ’ਤੇ ਆਉਣ ਵਾਲਾ ਓ. ਟੀ. ਪੀ. (ਵਨ ਟਾਈਮ ਪਾਸਵਰਡ) ਪੁੱਛਿਆ ਜਾਂਦਾ ਹੈ।
ਇਸ ਸਬੰਧੀ ਲੱਧੇਵਾਲੀ ਯੂਨੀਵਰਸਿਟੀ ਦੇ ਨੇੜੇ ਰਹਿਣ ਵਾਲੇ ਅਰਵਿੰਦਰ ਸਿੰਘ ਨੂੰ ਫੋਨ ਆਇਆ ਤਾਂ ਉਸ ਨੇ ਉਕਤ ਵਿਅਕਤੀ ਨੂੰ ਕੋਈ ਵੀ ਅਜਿਹੀ ਡਿਟੇਲ ਨਹੀਂ ਦਿੱਤੀ। ਇਸ ਤੋਂ ਤੁਰੰਤ ਬਾਅਦ ਉਸਨੇ ਆਪਣੇ ਬੈਂਕ ਨਾਲ ਸੰਪਰਕ ਕੀਤਾ, ਜਿੱਥੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਤੁਸੀਂ ਕਿਸੇ ਨੂੰ ਵੀ ਆਪਣਾ ਅਕਾਊਂਟ ਨੰਬਰ ਜਾਂ ਓ. ਟੀ. ਪੀ. ਸ਼ੇਅਰ ਨਾ ਕਰੋ ਕਿਉਂਕਿ ਇਸ ਨਾਲ ਠੱਗੀ ਵੱਜ ਸਕਦੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ
ਉਥੇ ਹੀ ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਤਰ੍ਹਾਂ ਦਾ ਕੋਈ ਵੀ ਫੋਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਹੀਂ ਕੀਤਾ ਜਾ ਰਿਹਾ। ਕੋਈ ਵੀ ਵਿਅਕਤੀ ਅਜਿਹੇ ਲੋਕਾਂ ਦੀ ਗੱਲਾਂ ਵਿਚ ਨਾ ਆਵੇ। ਲੋੜ ਹੈ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਜਾਗਰੂਕ ਕਰੋ ਤਾਂ ਕਿ ਉਹ ਕਿਸੇ ਤਰ੍ਹਾਂ ਦੀ ਜਾਲਸਾਜ਼ੀ ਦਾ ਸ਼ਿਕਾਰ ਹੋਣੋਂ ਬਚ ਸਕਣ। ਜਾਣਕਾਰਾਂ ਦਾ ਕਹਿਣਾ ਹੈ ਕਿ ਲੋਕ ਕੋਰੋਨਾ ਕਾਰਣ ਬਹੁਤ ਡਰੇ ਹੋਏ ਹਨ ਅਤੇ ਵੈਕਸੀਨ ਦੇ ਜਲੰਧਰ ਪਹੁੰਚਣ ਬਾਰੇ ਖਬਰਾਂ ਲੱਗ ਰਹੀਆਂ ਹਨ। ਇਸ ਕਾਰਣ ਲੋਕਾਂ ਨੂੰ ਅਜਿਹਾ ਲੱਗ ਸਕਦਾ ਹੈ ਕਿ ਵੈਕਸੀਨ ਲੁਆਉਣ ਲਈ ਮਹਿਕਮੇ ਵੱਲੋਂ ਫੋਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਵੱਜਣ ਵਾਲੀ ਠੱਗੀ ਤੋਂ ਸੁਚੇਤ ਰਹੋ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
28 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, 30 ਹੋਏ ਰਿਕਵਰ
NEXT STORY