ਜਲੰਧਰ (ਖੁਰਾਣਾ)–ਅੱਜ ਤੋਂ ਠੀਕ ਇਕ ਸਾਲ ਪਹਿਲਾਂ 2 ਅਗਸਤ 2022 ਨੂੰ ਤਤਕਾਲੀ ਲੋਕਲ ਬਾਡੀਜ਼ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਲੰਧਰ ਸ਼ਹਿਰ ਨੂੰ ਸੌਗਾਤ ਵਜੋਂ ਕਰੋੜਾਂ ਰੁਪਏ ਦੀ ਇਕ ਸੁਪਰ ਸਕਸ਼ਨ ਮਸ਼ੀਨ ਭੇਟ ਕੀਤੀ ਸੀ, ਜਿਸ ਦੇ ਨਾਲ 2 ਵੱਡੇ-ਵੱਡੇ ਟੈਂਕਰ ਵੀ ਸਨ। ਇਸ ਸੁਪਰ ਸਕਸ਼ਨ ਮਸ਼ੀਨ ਨਾਲ ਸ਼ਹਿਰ ਦੇ ਸੀਵਰਾਂ ਨੂੰ ਸਾਫ਼ ਕੀਤਾ ਜਾਣਾ ਸੀ, ਜਦੋਂ ਉਸ ਦਿਨ ਸ਼ਾਮ ਦੇ ਸਮੇਂ ਇਸ ਮਸ਼ੀਨ ਜਲੰਧਰ ਨਿਗਮ ਕੰਪਲੈਕਸ ਵਿਚ ਪੁੱਜੀ ਤਾਂ ਆਮ ਆਦਮੀ ਪਾਰਟੀ ਦੇ ਦੋਵਾਂ ਵਿਧਾਇਕਾਂ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਨੇ ਸਮਰਥਕਾਂ ਸਮੇਤ ਮੌਕੇ ’ਤੇ ਪਹੁੰਚ ਕੇ ਦਰਜਨਾਂ ਫੋਟੋਆਂ ਖਿੱਚਵਾਈਆਂ ਸਨ ਅਤੇ ਲੰਮੇ-ਚੌੜੇ ਦਾਅਵੇ ਕੀਤੇ ਸਨ ਕਿ ਹੁਣ ਸ਼ਹਿਰ ਦੀ ਸੀਵਰ ਸਮੱਸਿਆ ਖ਼ਤਮ ਹੋ ਜਾਵੇਗੀ ਅਤੇ ਨਿਗਮ ਦੇ ਕਰੋੜਾਂ ਰੁਪਏ ਵੀ ਬਚਣਗੇ।
ਇਹ ਵੀ ਪੜ੍ਹੋ- ਹੜ੍ਹਾਂ ਵਿਚਾਲੇ ਪੌਂਗ ਡੈਮ ਤੋਂ ਛੱਡਿਆ 31 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਪਿੰਡਾਂ ਲਈ ਮੰਡਰਾ ਰਿਹਾ ਵੱਡਾ ਖ਼ਤਰਾ
ਨਗਰ ਨਿਗਮ ਦੇ ਅਫਸਰਾਂ ਦੀ ਨਾਲਾਇਕੀ ਅਤੇ ਲਾਪਰਵਾਹੀ ਦਾ ਅੰਦਾਜ਼ਾ ਇਸੇ ਤੋਂ ਲੱਗ ਜਾਂਦਾ ਹੈ ਕਿ ਪਿਛਲੇ ਇਕ ਸਾਲ ਤੋਂ ਇਹ ਮਸ਼ੀਨਰੀ ਨਿਗਮ ਦੀ ਵਰਕਸ਼ਾਪ ਵਿਚ ਧੁੱਪ ਅਤੇ ਬਰਸਾਤ ਕਾਰਨ ਗਲ਼-ਸੜ ਰਹੀ ਹੈ ਅਤੇ ਇਸ ਨੂੰ ਜੰਗਾਲ ਵੀ ਲੱਗ ਰਿਹਾ ਹੈ। ਹੁਣ ਇਸ ਦੇ ਟਾਇਰ-ਟਿਊਬ ਖਰਾਬ ਹੋ ਚੁੱਕੇ ਹੋਣਗੇ ਅਤੇ ਬੈਟਰੀ ਵੀ ਖ਼ਤਮ ਹੋ ਚੁੱਕੀ ਹੋਵੇਗੀ। ਨਗਰ ਨਿਗਮ ਅੱਜ ਤਕ ਇਸ ਮਸ਼ੀਨਰੀ ਨੂੰ ਚਲਾਉਣ ਲਈ ਡਰਾਈਵਰ ਤਕ ਨਹੀਂ ਰੱਖ ਸਕਿਆ। ਜ਼ਿਕਰਯੋਗ ਹੈ ਕਿ ਅਜਿਹੀ ਮਸ਼ੀਨਰੀ ਨੂੰ ਚਲਾਉਣ ਲਈ ਟੈਕਨੀਕਲ ਸਟਾਫ਼ ਦੀ ਲੋੜ ਹੁੰਦੀ ਹੈ। ਨਿਗਮ ਕਮਿਸ਼ਨਰ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਟੈਕਨੀਕਲ ਸਟਾਫ਼ ਹਾਇਰ ਕਰਨ ਲਈ ਕੰਪਨੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਅਤੇ ਟੈਂਡਰ ਲਾ ਦਿੱਤੇ ਗਏ ਹਨ ਪਰ ਇਕ ਸਾਲ ਤੋਂ ਇਸ ਮਾਮਲੇ ਵਿਚ ਕੁਝ ਨਹੀਂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਜੇਕਰ 1-2 ਸਾਲ ਇਹ ਬੇਸ਼ਕੀਮਤੀ ਮਸ਼ੀਨਰੀ ਵਰਕਸ਼ਾਪ ਵਿਚ ਖੜ੍ਹੀ ਰਹਿ ਗਈ ਤਾਂ ਇਸ ਨੂੰ ਸਕ੍ਰੈਪ ਵਿਚ ਵੇਚਣ ਤਕ ਦੀ ਨੌਬਤ ਆ ਜਾਵੇਗੀ।
ਕਰੋੜਾਂ ਦੀਆਂ ਸਵੀਪਿੰਗ ਮਸ਼ੀਨਾਂ ਨਿਗਮ ਦੇ ਕੋਲ ਪਰ ਫਿਰ ਵੀ ਕਿਰਾਏ ਦੀਆਂ ਟਰਾਲੀਆਂ ਨਾਲ ਚੁੱਕੀ ਜਾ ਰਹੀ ਮਿੱਟੀ
ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਦੇ ਫੰਡ ਨਾਲ ਜਲੰਧਰ ਨਿਗਮ ਕੋਲ ਇਸ ਸਮੇਂ 2 ਸਵੀਪਿੰਗ ਮਸ਼ੀਨਾਂ ਹਨ, ਜਿਨ੍ਹਾਂ ਵਿਚੋਂ ਇਕ ਤਾਂ ਆਟੋਮੇਟਿਡ ਵਿਦੇਸ਼ੀ ਮਸ਼ੀਨ ਹੈ। ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ’ਤੇ ਵੀ ਨਿਗਮ ਕਰੋੜਾਂ ਰੁਪਏ ਖਰਚ ਕਰਦਾ ਹੈ ਪਰ ਇਹ ਕਿਥੇ ਚੱਲਦੀਆਂ ਹਨ, ਇਸ ਦੀ ਨਿਗਰਾਨੀ ਕਰਨ ਵਾਲਾ ਕੋਈ ਅਧਿਕਾਰੀ ਹੀ ਨਹੀਂ ਹੈ। ਅੱਜ ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ’ਤੇ ਪਈ ਮਿੱਟੀ ਚੁਕਾਉਣ ਲਈ ਕਿਰਾਏ ਦੀਆਂ ਟਰਾਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਸ਼ਹਿਰ ਦੇ ਲੋਕਾਂ ਨੇ ਅੱਜ ਤਕ ਸਵੀਪਿੰਗ ਮਸ਼ੀਨਾਂ ਨੂੰ ਚੱਲਦੇ ਹੋਏ ਜਾਂ ਸਫਾਈ ਕਰਦਿਆਂ ਨਹੀਂ ਵੇਖਿਆ।
ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਰਾਹਤ ਭਰੀ ਖ਼ਬਰ: ਅੱਜ ਤੋਂ ਆਮ ਵਾਂਗ ਚੱਲਣਗੀਆਂ ਇਸ ਟਰੈਕ ਤੋਂ ਸਾਰੀਆਂ ਰੇਲ ਗੱਡੀਆਂ
ਸੰਸਦ ਮੈਂਬਰ ਰਿੰਕੂ ਨੂੰ ਵੀ ਪਤਾ ਹੈ ਕਿ ਸਵੀਪਿੰਗ ਮਸ਼ੀਨਾਂ ਨਹੀਂ ਚੱਲਦੀਆਂ
ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਜਦੋਂ ਕਾਂਗਰਸ ਦੇ ਵਿਧਾਇਕ ਸਨ, ਉਦੋਂ ਉਨ੍ਹਾਂ ਸਵੀਪਿੰਗ ਮਸ਼ੀਨਾ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਫ਼ੀ ਰੋਸ ਪ੍ਰਗਟਾਇਆ ਸੀ ਪਰ ਅੱਜ ਵੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਕਿ ਨਿਗਮ ਕੋਲ ਕਰੋੜਾਂ ਰੁਪਏ ਦੀਆਂ ਜਿਹੜੀਆਂ ਆਟੋਮੈਟਿਕ ਸਵੀਪਿੰਗ ਮਸ਼ੀਨਾਂ ਹਨ, ਉਹ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਕਿਤੇ ਨਹੀਂ ਚੱਲਦੀਆਂ। ਇਸੇ ਕਾਰਨ ਸ਼ਹਿਰ ਵਿਚ ਜਗ੍ਹਾ-ਜਗ੍ਹਾ ਗੰਦਗੀ ਹੈ, ਜਿਸ ਦਾ ਸਿੱਧਾ ਅਸਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਕਸ ’ਤੇ ਪੈ ਰਿਹਾ ਹੈ। ਪਹਿਲਾਂ ਕਾਂਗਰਸ ਅਤੇ ਹੁਣ ‘ਆਪ’ ਸਰਕਾਰ ਦੇ ਰਾਜ ਵਿਚ ਵੀ ਨਿਗਮ ਅਧਿਕਾਰੀ ਸਵੀਪਿੰਗ ਮਸ਼ੀਨਾਂ ਨੂੰ ਕਿਉਂ ਚਲਾ ਪਾ ਰਹੇ, ਇਸਦੇ ਪਿੱਛੇ ਕਾਰਨ ਸਮਝ ਨਹੀਂ ਆ ਰਿਹਾ।
ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਿਹੋ-ਜਿਹਾ ਰਹੇਗਾ ਅਗਲੇ ਦਿਨਾਂ ਦਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹੜ੍ਹਾਂ ਵਿਚਾਲੇ ਪੌਂਗ ਡੈਮ ਤੋਂ ਛੱਡਿਆ 31 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਪਿੰਡਾਂ ਲਈ ਮੰਡਰਾ ਰਿਹਾ ਵੱਡਾ ਖ਼ਤਰਾ
NEXT STORY