ਭੁਲੱਥ (ਰਜਿੰਦਰ)-ਪੰਜਾਬ ਦੇ ਨਾਮੀ ਹਲਕਿਆਂ ਵਿਚ ਸ਼ੁਮਾਰ ਹਲਕਾ ਭੁਲੱਥ ਵਿਚ ਜਦੋਂ ਕਰਤਾਰਪੁਰ ਤੋਂ ਭੁਲੱਥ ਸੜਕ ਰਾਹੀ ਜਾਣ ਦੀ ਗੱਲ ਜਦੋਂ ਹੁੰਦੀ ਹੈ ਤਾਂ ਇਸ ਸੜਕ ’ਤੇ ਟੇਢੇ ਹੋ ਚੁੱਕੇ ਅਤੇ ਝੁਕ ਕੇ ਦੂਜੇ ਰੁੱਖਾਂ ਦੀ ਸੁਪੋਰਟ ਦੇ ਸਹਾਰੇ ਨਾਲ ਟਿਕੇ ਹੋਏ ਸਫੈਦੇ ਦੇ ਰੁੱਖ ਲੋਕਾਂ ਦੀਆਂ ਨਜ਼ਰਾਂ ਵਿਚ ਬੁਰੀ ਤਰ੍ਹਾਂ ਰੜਕਦੇ ਹਨ। ਰੜਕਣ ਵੀ ਕਿਉਂ ਨਾ, ਕਿਉਂਕਿ ਇਹ ਟੇਢੇ ਹੋ ਚੁੱਕੇ ਅਤੇ ਝੁਕ ਚੁੱਕੇ ਸਫੈਦੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਜੋ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਹ ਹਾਲਾਤ ਅੱਜ ਨਹੀਂ ਬਣੇ ਸਗੋਂ ਪਿਛਲੇ ਸਾਲਾਂ ਤੋਂ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਆ ਰਿਹਾ ਹੈ। ਕਈ ਵਾਰ ਸਫੈਦੇ ਡਿੱਗਣ ਨਾਲ ਰਸਤਾ ਵੀ ਬੰਦ ਹੋ ਚੁੱਕਾ ਹੈ ਪਰ ਜੰਗਲਾਤ ਵਿਭਾਗ ਨੇ ਇਨ੍ਹਾਂ ਟੇਢੇ ਹੋ ਚੁੱਕੇ ਅਤੇ ਦੂਜੇ ਰੁੱਖਾਂ ਦੇ ਆਸਰੇ ਨਾਲ ਖੜ੍ਹੇ ਸਫੈਦਿਆਂ ਨੂੰ ਵੱਡਣ ਲਈ ਜਾਂ ਇਨ੍ਹਾਂ ਦੀ ਕਟਾਈ ਲਈ ਕੋਈ ਹੀਲਾ ਨਹੀਂ ਕੀਤਾ। ਜਦੋਂ ਕਿਤੇ ਰੁੱਖ ਦੀ ਕਟਾਈ ਬਾਰੇ ਸ਼ਿਕਾਇਤ ਅੱਪੜਦੀ ਹੈ ਤਾਂ ਉਦੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਪਹੁੰਚ ਜਾਂਦੇ ਹਨ, ਜਦਕਿ ਲੋਕਾਂ ਦੀ ਜਾਨ ਦਾ ਖੌਅ ਬਣੇ ਇਨ੍ਹਾਂ ਝੁਕੇ ਅਤੇ ਟੇਢੇ ਹੋਏ ਸਫੈਦਿਆਂ ਲਈ ਅੱਜ ਤੱਕ ਕੋਈ ਹੀਲਾ ਵਿਖਾਈ ਨਹੀਂ ਦਿੱਤਾ।
ਇਹ ਵੀ ਪੜ੍ਹੋ- ਬਹਾਨੇ ਨਾਲ 82 ਸਾਲਾ ਦਾਦੀ ਨੂੰ ਕਾਰ 'ਚ ਬਿਠਾ ਲੈ ਗਿਆ ਬਾਹਰ, ਫਿਰ ਪੋਤੇ ਨੇ ਕੀਤਾ ਲੂ ਕੰਡੇ ਖੜ੍ਹੇ ਕਰਨ ਵਾਲਾ ਕਾਰਾ
ਇਸ ਸੜਕ ’ਤੇ ਆਸਰੇ ਨਾਲ ਟਿਕੇ ਅਤੇ ਟੇਢੇ ਹੋਏ ਸਫੈਦਿਆਂ ’ਤੇ ਗੱਲ ਨਹੀਂ ਰੁਕ ਜਾਂਦੀ ਕਿਉਂਕਿ ਤੂਫਾਨ ਕਰਕੇ ਵੱਡੇ ਸਫੈਦਿਆਂ ਦੇ ਕੁਝ ਵੱਡੇ ਟਾਹਣੇ ਟੁੱਟ ਕੇ ਹੋਰ ਸਫੈਦਿਆਂ ਵਿਚ ਫਸੇ ਹੋਏ ਹਨ। ਇਕ ਥਾਂ ’ਤੇ ਅਜਿਹਾ ਇਕ ਟਾਹਣਾ ਸੜਕ ’ਤੇ ਪੂਰੀ ਤਰ੍ਹਾਂ ਝੁਕਿਆ ਹੋਇਆ ਹੈ, ਜੋ ਤੇਜ਼ ਤੂਫਾਨ ਆਉਣ ’ਤੇ ਕਿਸੇ ਵਾਹਨ ਜਾਂ ਰਾਹਗੀਰ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਆਸਰੇ ਨਾਲ ਖੜ੍ਹੇ ਜਾਂ ਟੇਢੇ ਹੋਏ ਸਫੈਦੇ ਤੇਜ਼ ਤੂਫਾਨ ਜਾਂ ਹਨੇਰੀ ਆਉਣ ਨਾਲ ਡਿੱਗ ਸਕਦੇ ਹਨ ਕਿਉਂਕਿ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਾ ਹੈ।
ਕੁਝ ਅਜਿਹਾ ਰਿਹਾ ਅਤੀਤ, ਤੇਜ਼ ਤੂਫਾਨ ਨਾਲ ਪਹਿਲਾਂ ਵੀ ਡਿੱਗ ਚੁੱਕੇ ਹਨ ਰੁੱਖ
ਇਥੇ ਇਹ ਗੱਲ ਦੱਸਣਯੋਗ ਹੈ ਕਿ ਬੀਤੀ 24 ਮਈ ਨੂੰ ਦੇਰ ਸ਼ਾਮ ਜਦੋਂ ਤੇਜ਼ ਤੂਫਾਨ ਆਇਆ ਸੀ ਤਾਂ ਉਸ ਵੇਲੇ ਭੁਲੱਥ ਤੋਂ ਕਰਤਾਰਪੁਰ ਰੋਡ ’ਤੇ ਇਨ੍ਹਾਂ ਟੇਢੇ ਹੋ ਚੁੱਕੇ ਸਫੈਦਿਆਂ ਕਾਰਨ ਬਹੁਤ ਜਿਆਦਾ ਨੁਕਸਾਨ ਹੋਇਆ ਸੀ ਕਿਉਂਕਿ ਟੇਢੇ ਹੋ ਚੁੱਕੇ ਸਫੈਦੇ ਸੜਕ ’ਤੇ ਡਿੱਗ ਗਏ ਸਨ, ਜਿਸ ਕਰਕੇ ਭੁਲੱਥ-ਕਰਤਾਰਪੁਰ ਮੁੱਖ ਮਾਰਗ ਭੁਲੱਥ ਤੋਂ ਲਿੱਟਾਂ ਪਿੰਡ ਤੱਕ ਬੰਦ ਹੋ ਗਿਆ ਸੀ ਤੇ ਲੋਕਾਂ ਨੂੰ ਕਰਤਾਰਪੁਰ ਜਾਣ ਲਈ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਸਹਾਰਾ ਲੈ ਕੇ ਲਿੱਟਾਂ ਹੁੰਦੇ ਹੋਏ ਕਰਤਾਰਪੁਰ ਆਉਣਾ-ਜਾਣਾ ਪਿਆ ਸੀ। ਇਸ ਵਾਰ ਤਾਂ ਰਸਤਾ ਰਾਤ ਤੋਂ ਲੈ ਕੇ ਸਵੇਰ ਦੇ ਕੁਝ ਸਮਾਂ ਤੱਕ ਹੀ ਬੰਦ ਰਿਹਾ ਸੀ ਪਰ ਜੇਕਰ ਪੰਜ ਕੁ ਸਾਲ ਪਿਛੇ ਝਾਤ ਮਾਰੀ ਜਾਵੇ ਤਾਂ ਤੇਜ਼ ਤੂਫਾਨ ਨਾਲ ਭੁਲੱਥ-ਕਰਤਾਰਪੁਰ ਮੁੱਖ ਸੜਕ 'ਤੇ ਰਾਮਗੜ੍ਹ ਪਿੰਡ ਤੋਂ ਕਰਤਾਰਪੁਰ ਰੋਡ ’ਤੇ ਸੈਂਕੜੇ ਸਫੈਦੇ ਡਿੱਗ ਗਏ ਸਨ, ਜਿਸ ਕਰ ਕੇ ਕੁਝ ਦਿਨ ਇਹ ਮੁੱਖ ਸੜਕ ਆਵਾਜਾਈ ਲਈ ਬੰਦ ਰਹੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਇਨ੍ਹਾਂ ਲੋਕਾਂ ਨੂੰ 2 ਰੁਪਏ ਕਿਲੋ ਦੀ ਬਜਾਏ ਮੁਫ਼ਤ ਮਿਲੇਗੀ ਕਣਕ, ਸਰਕਾਰ ਵੱਲੋਂ ਕੋਟਾ ਜਾਰੀ
ਟੇਢੇ ਤੇ ਸੁੱਕੇ ਦਰੱਖਤਾਂ ਨੂੰ ਵੱਡਣ ਲਈ ਕਹਿ ਦਿੱਤਾ: ਡੀ. ਸੀ.
ਇਸ ਸਬੰਧੀ ਜਦੋਂ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੁੱਧਵਾਰ ਮੀਟਿੰਗ ਕੀਤੀ ਗਈ ਹੈ। ਜੰਗਲਾਤ ਅਫ਼ਸਰ ਨੂੰ ਕਹਿ ਦਿੱਤਾ ਗਿਆ ਹੈ ਕਿ ਟੇਢੇ ਹੋ ਚੁੱਕੇ ਸਫੈਦੇ ਅਤੇ ਦਰੱਖ਼ਤਾਂ ਦੇ ਸੁੱਕੇ ਟਾਹਣੇ ਸਾਰੇ ਹੀ ਬਰਸਾਤ ਤੋਂ ਪਹਿਲਾਂ-ਪਹਿਲਾਂ ਵੱਡ ਦਿੱਤੇ ਜਾਣ। ਖ਼ਾਸ ਕਰਕੇ ਡਰੇਨਾਂ ਵਿਚ ਵੀ ਅਜਿਹੇ ਦਰੱਖ਼ਤਾਂ ਦੀ ਕਟਾਈ ਬਾਰੇ ਕਿਹਾ ਗਿਆ ਹੈ ਤਾਂ ਕਿ ਅਜਿਹੇ ਸੁੱਕੇ ਜਾਂ ਟੇਢੇ ਦਰੱਖ਼ਤਾਂ ਦੇ ਡਿੱਗਣ ਕਰਕੇ ਡਰੇਨਾਂ ਵਿਚ ਪਾਣੀ ਦੀ ਨਿਕਾਸੀ ਵਿਚ ਕੋਈ ਸਮੱਸਿਆ ਨਾ ਆਵੇ।
ਇਹ ਵੀ ਪੜ੍ਹੋ- ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ CM ਮਾਨ ਨੇ ਇਸ ਦਿਨ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਹੁਸ਼ਿਆਰਪੁਰ ਵਿਖੇ ਹਵਾਈ ਫਾਇਰ ਕਰਨ ਦੇ ਦੋਸ਼ ’ਚ ਮਾਮਲਾ ਦਰਜ
NEXT STORY