ਕਪੂਰਥਲਾ, (ਗੁਰਵਿੰਦਰ ਕੌਰ)- ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਵਲੋਂ ਸਤੀਸ਼ ਕੁਮਾਰ ਨਾਹਰ ਦੀ ਅਗਵਾਈ ’ਚ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੇ ਵਿਰੋਧ ’ਚ ਇਕ ਰੋਸ ਮਾਰਚ ਦਾਣਾ ਮੰਡੀ ਕਪੂਰਥਲਾ ਤੋਂ ਕੱਢਿਆ ਗਿਆ, ਜਿਹਡ਼ਾ ਕਿ ਸਦਰ ਥਾਣਾ, ਪੈਨਸ਼ਨ ਦਫਤਰ, ਬਾਈਪਾਸ ਸੁਲਤਾਨਪੁਰ, ਡੀ. ਸੀ. ਚੌਕ, ਬੱਸ ਸਟੈਂਡ, ਕੋਤਵਾਲੀ, ਸ਼ਾਲੀਮਾਰ ਬਾਗ, ਜਲੌਖਾਨਾ ਚੌਕ, ਸ਼ਹਿਰੀ ਮੁਹੱਲਾ, ਕੋਟੂ ਚੌਕ, ਥਾਣਾ ਸਿਟੀ, ਪੁਰਾਣੀ ਸਬਜ਼ੀ ਮੰਡੀ, ਭਗਤ ਸਿੰਘ ਚੌਕ, ਵੱਡਾ ਡਾਕਖਾਨਾ, ਬਿਜਲੀ ਘਰ ਤੇ ਫੁਹਾਰਾ ਚੌਕ ਤੋਂ ਹੁੰਦਾ ਹੋਇਆ ਡੀ. ਸੀ. ਦਫਤਰ ਕਪੂਰਥਲਾ ਵਿਖੇ ਪਹੁੰਚਿਆ। ਜਿਥੇ ਪਾਰਟੀ ਵਰਕਰਾਂ ਨੇ ਆਪਣੀਆਂ ਮੰਗਾਂ ਸਬੰਧੀ ਏ. ਡੀ. ਸੀ. (ਜ) ਰਾਹੁਲ ਚਾਬਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਮੰਗ-ਪੱਤਰ ਦਿੱਤਾ।
ਸੰਬੋਧਨ ਕਰਦਿਆਂ ਸ਼ਤੀਸ਼ ਕੁਮਾਰ ਨਾਹਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਕਰ ਕੇ ਗੁੰਮਰਾਹ ਕੀਤਾ ਹੈ ਤੇ ਲਗਭਗ ਡੇਢ-ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ। ਇਸਦੇ ਉਲਟ ਗਰੀਬਾਂ ਨੂੰ ਬਿਜਲੀ ਤੇ ਪਾਣੀ ਦੇ ਬਿੱਲ ਲਾਗੂ ਕਰ ਕੇ ਸਰਾਸਰ ਧੱਕਾ ਕੀਤਾ ਹੈ, ਜਿਸਨੂੰ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਕਿ ਬੁਢਾਪਾ ਪੈਨਸ਼ਨ ਤੇ ਅੰਗਹੀਣ ਪੈਨਸ਼ਨ 2 ਹਜ਼ਾਰ ਰੁਪਏ ਕੀਤੀ ਜਾਵੇਗੀ। ਉਹ ਵੀ ਸਿਰਫ ਵਾਅਦਾ ਹੀ ਰਹਿ ਗਈ ਹੈ।
ਇਸੇ ਤਰ੍ਹਾਂ ਨੌਜਵਾਨਾਂ ਨਾਲ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਬੇਰੁਜ਼ਗਾਰੀ ਨੂੰ ਵਧਾਵਾ ਦਿੱਤਾ ਹੈ ਤੇ ਮਹਿੰਗਾਈ ਵਧਾਈ ਹੈ। ਗਰੀਬ ਲੋਕਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਪੂਰੇ ਪੰਜਾਬ ’ਚ ਅੰਦੋਲਨ ਕੀਤਾ ਜਾਵੇਗਾ ਤੇ ਕੁੰਭਕਰਨ ਦੀ ਨੀਂਦ ਸੁੱਤੀ ਸਰਕਾਰ ਨੂੰ ਜਗਾਇਆ ਜਾਵੇਗਾ ਤੇ ਅਣਮਿੱਥੇ ਸਮੇਂ ਲਈ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਸੈਕਟਰੀ ਪੰਜਾਬ ਡਾ. ਰਾਜ ਕੁਮਾਰ, ਪੰਜਾਬ ਉਪ ਪ੍ਰਧਾਨ ਧਰਮਪਾਲ ਮੁੱਛ, ਪ੍ਰਧਾਨ ਸ਼ਿੰਦਰਪਾਲ, ਗੋਪਾਲ ਦਾਸ, ਰੇਨੂੰ ਬਾਲਾ, ਗੁਰਪ੍ਰੀਤ ਉੱਚਾ ਧੋਡ਼ਾ, ਲਵਲੀ ਡੋਗਰਾਂਵਾਲ, ਅਵਤਾਰ ਸਿੰਘ ਵਿੱਕੀ, ਬੱਬੂ ਪੰਡਿਤ, ਹਨੀ ਆਰ. ਸੀ. ਐੱਫ., ਸੁਰੇਸ਼ ਪਾਸੀ, ਬਿੰਦਾ ਆਰ. ਸੀ. ਐੱਫ., ਅਸ਼ੋਕ ਗਿੱਲ, ਆਸ਼ਾ ਰਾਣੀ, ਸਰਬਜੀਤ ਕੌਰ ਆਦਿ ਵੀ ਹਾਜ਼ਰ ਸਨ।
ਫੂਡ ਸੇਫਟੀ ਟੀਮ ਨੇ ਖੁਰਾਕ ਪਦਾਰਥਾਂ ਦੇ ਭਰੇ 9 ਸੈਂਪਲ
NEXT STORY