ਗਡ਼੍ਹਸ਼ੰਕਰ,(ਸ਼ੋਰੀ)- ਆਵਾਰਾ ਪਸ਼ੂਆਂ ਵੱਲੋਂ ਕੀਤੇ ਜਾਣ ਵਾਲੇ ਨੁਕਸਾਨ ਅਤੇ ਸਡ਼ਕ ਹਾਦਸਿਆਂ ਸਬੰਧੀ ਕੋਈ ਵਿਸ਼ੇਸ਼ ਨੀਤੀ ਨਾ ਅਪਣਾਉਣ ਕਾਰਣ ਲੋਕਾਂ ਦੇ ਦਿਲਾਂ ਵਿਚ ਮੌਜੂਦਾ ਕਾਂਗਰਸ ਸਰਕਾਰ ਵਿਰੁੱਧ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਾਂਗ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਲੋਕ ਇਸ ਗੱਲ ਤੋਂ ਵੀ ਜ਼ਿਆਦਾ ਖਫ਼ਾ ਹਨ ਕਿ ਜਦੋਂ ਗਊ ਸੈੱਸ ਲਿਆ ਜਾ ਰਿਹਾ ਹੈ ਤਾਂ ਬੇਸਹਾਰਾ ਗਊਆਂ ਦਾ ਤਾਂ ਸਰਕਾਰ ਜ਼ਰੂਰ ਪ੍ਰਬੰਧ ਕਰੇ ਪਰ ਇੰਝ ਹੋ ਨਹੀਂ ਰਿਹਾ, ਜਿਸ ਕਾਰਣ ਬੇਸਹਾਰਾ ਗਊਆਂ ਅਤੇ ਗਊਵੰਸ਼ ਹਰ ਪਾਸੇ ਘੁੰਮਦੇ ਨਜ਼ਰੀਂ ਪੈਂਦੇ ਹਨ।
ਇਨ੍ਹਾਂ ਬੇਸਹਾਰਾ ਗਊਆਂ ਅਤੇ ਗਊਵੰਸ਼ ਲਈ ਸਰਕਾਰ ਵੱਲੋਂ ਚਾਰੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਪੇਟ ਦੀ ਭੁੱਖ ਮਿਟਾਉਣ ਲਈ ਇਹ ਕੂਡ਼ੇ ਦੇ ਢੇਰਾਂ ਅਤੇ ਕਿਸਾਨਾਂ ਦੀਆਂ ਫਸਲਾਂ ਵਿਚ ਘੁੰਮਦੇ ਆਮ ਦੇਖੇ ਜਾਂਦੇ ਹਨ। ਕਿਸਾਨਾਂ ਦੀਆਂ ਸਮੱਸਿਆਵਾਂ ਤਾਂ ਪਹਿਲਾਂ ਹੀ ਬਹੁਤ ਹਨ ਅਤੇ ਉੱਪਰੋਂ ਫਸਲਾਂ ਦੀ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਰਾਖੀ ਕਰਨਾ ਹੋਰ ਵੱਡੀ ਚੁਣੌਤੀ ਬਣ ਜਾਂਦਾ ਹੈ।
ਆਵਾਰਾ ਪਸ਼ੂਆਂ ਵਿਚ ਸਿਰਫ਼ ਗਊਆਂ ਅਤੇ ਗਊਵੰਸ਼ ਹੀ ਲੋਕਾਂ ਲਈ ਮਸਲਾ ਨਹੀਂ ਹਨ, ਸਗੋਂ ਕੁੱਤੇ ਅਤੇ ਬਾਂਦਰ ਵੀ ਵੱਡੀ ਮੁਸੀਬਤ ਬਣੇ ਹੋਏ ਹਨ। ਰਹੀ ਗੱਲ ਸਰਕਾਰਾਂ ਦੀ ਤਾਂ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਵਿਚ ਅਜਿਹਾ ਕੁਝ ਨਹੀਂ ਦਿਸ ਰਿਹਾ, ਜਿਸ ਤੋਂ ਉਮੀਦ ਲਾਈ ਜਾ ਸਕੇ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।
ਖੇਤਾਂ ਵਿਚ ਆਵਾਰਾ ਪਸ਼ੂਆਂ ਵੱਲੋਂ ਕੀਤੇ ਜਾਣ ਵਾਲੇ ਨੁਕਸਾਨ ਤੋਂ ਬਚਣ ਲਈ ਇਨ੍ਹਾਂ ਨੂੰ ਬਿਸਤ ਦੋਆਬ ਅਤੇ ਕੰਢੀ ਨਹਿਰਾਂ ਵਿਚ ਧੱਕਿਆ ਜਾ ਰਿਹਾ ਹੈ। ਇਹ ਨਹਿਰਾਂ ਅੱਜਕਲ ਸੁੱਕੀਆਂ ਹਨ ਅਤੇ ਸੀਮੈਂਟ ਦੀਆਂ ਬਣੀਆਂ ਹੋਣ ਕਾਰਣ ਪਸ਼ੂਆਂ ਦਾ ਇਨ੍ਹਾਂ ਵਿਚੋਂ ਬਾਹਰ ਨਿਕਲਣਾ ਔਖਾ ਹੈ। ਨਹਿਰ ਵਿਚ ਪਸ਼ੂਆਂ ਦੇ ਪੀਣ ਲਈ ਨਾ ਪਾਣੀ ਹੈ ਅਤੇ ਨਾ ਹੀ ਘਾਹ। ਇਸ ਲਈ ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਪਸ਼ੂ ਜੇਕਰ ਬਾਹਰ ਨਾ ਕੱਢੇ ਗਏ ਤਾਂ ਅੰਦਰ ਹੀ ਦਮ ਤੋਡ਼ ਦੇਣਗੇ ਅਤੇ ਫਿਰ ਸ਼ੁਰੂ ਹੋ ਜਾਵੇਗੀ ਨਵੀਂ ਰਾਜਨੀਤੀ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦਾ ਪਹਿਲਾਂ ਹੀ ਪ੍ਰਬੰਧ ਕਰ ਲਵੇ ਤਾਂ ਜੋ ਲੋਕਾਂ ਅਤੇ ਕਿਸਾਨਾਂ ਨੂੰ ਸਕੂਨ ਮਿਲੇ।
ਸੇਖੋਵਾਲ ਪਿੰਡ ’ਚ ਬਾਂਦਰਾਂ ਦੀ ਦਹਿਸ਼ਤ
ਬੀਤ ਇਲਾਕੇ ਦੇ ਪਿੰਡ ਸੇਖੋਵਾਲ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬਾਂਦਰ ਜਮ੍ਹਾ ਹੋਣ ਕਾਰਣ ਸਥਾਨਕ ਲੋਕਾਂ ਅਤੇ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ। ਘਰ ਦੇ ਵਿਹਡ਼ੇ ਵਿਚ ਲੋਕ ਕੋਈ ਵੀ ਚੀਜ਼ ਰੱਖਣ ਤੋਂ ਪਹਿਲਾਂ 10 ਵਾਰ ਸੋਚਣ ਲਈ ਮਜਬੂਰ ਹਨ, ਖੇਤਾਂ ਵਿਚ ਹਰੇਕ ਫਸਲ ਨੂੰ ਖ਼ਰਾਬ ਕਰ ਰਹੇ ਹਨ ਇਹ ਬਾਂਦਰ। ਪਿੰਡ ਵਾਸੀ ਪ੍ਰਸ਼ਾਸਨ ਨੂੰ ਕਈ ਵਾਰ ਮਦਦ ਦੀ ਅਪੀਲ ਕਰ ਚੁੱਕੇ ਹਨ ਪਰ ਕੋਈ ਨਹੀਂ ਸੁਣਦਾ।
ਆਵਾਰਾ ਕੁੱਤਿਆਂ ਦਾ ਵੀ ਹੱਲ ਨਹੀਂ ਕਰ ਰਹੀ ਸਰਕਾਰ
ਧਾਰਮਕ ਆਸਥਾ ਕਾਰਣ ਗਊਆਂ ਅਤੇ ਗਊਵੰਸ਼ ਦੀ ਸਮੱਸਿਆ ਸਰਕਾਰਾਂ ਲਈ ਗੁੰਝਲਦਾਰ ਮਸਲਾ ਹੋ ਸਕਦਾ ਹੈ ਅਤੇ ਪਰ ਆਵਾਰਾ ਕੁੱਤਿਆਂ ਦੇ ਮਾਮਲੇ ਵਿਚ ਵੀ ਸਰਕਾਰ ਦਾ ਹੱਥ ’ਤੇ ਹੱਥ ਰੱਖ ਕੇ ਸਿਰਫ਼ ਮੂਕਦਰਸ਼ਕ ਬਣੇ ਰਹਿਣਾ ਲੋਕਾਂ ਦੀ ਸਮਝ ਵਿਚ ਨਹੀਂ ਆ ਰਿਹਾ। ਸ਼ਾਇਦ ਹੀ ਇਥੋਂ ਦਾ ਕੋਈ ਪਿੰਡ ਹੋਵੇਗਾ, ਜਿੱਥੇ ਆਵਾਰਾ ਕੁੱਤੇ ਇਕ ਵੱਡੀ ਮੁਸ਼ਕਲ ਨਾ ਹੋਣ।
ਕਿਸ ਤਰ੍ਹਾਂ ਹੋਵੇ ਸਮੱਸਿਆ ਦਾ ਹੱਲ
ਆਵਾਰਾ ਪਸ਼ੂਆਂ ਦਾ ਹੱਲ ਕਰਨ ਲਈ ਸਰਕਾਰ ਨੂੰ ਕੁੱਤਿਆਂ ਅਤੇ ਬਾਂਦਰਾਂ ਦੀ ਨਸਬੰਦੀ ਮੁਹਿੰਮ ਚਲਾਉਣ ਚਾਹੀਦੀ ਹੈ। ਸਰਕਾਰ ਨੂੰ ਗਊਆਂ ਅਤੇ ਗਊਵੰਸ਼ ਅਤੇ ਹੋਰ ਆਵਾਰਾ ਪਸ਼ੂਆਂ ਲਈ ਸਰਕਾਰੀ ਪੱਧਰ ’ਤੇ ਸੈਂਚੁਰੀ ਦਾ ਨਿਰਮਾਣ ਕਰਵਾਉਣਾ ਚਾਹੀਦਾ ਹੈ। ਜਦੋਂ ਤੱਕ ਸਰਕਾਰ ਆਵਾਰਾ ਪਸ਼ੂਆਂ ਦਾ ਪ੍ਰਬੰਧ ਨਹੀਂ ਕਰ ਲੈਂਦੀ, ਉਦੋਂ ਤੱਕ ਗਊ ਸੈੱਸ ਬੰਦ ਕਰ ਦੇਣਾ ਚਾਹੀਦਾ ਹੈ, ਇਹ ਮੰਗ ਆਮ ਲੋਕ ਕਰ ਰਹੇ ਹਨ। ਨਾਲ ਹੀ ਪਾਲਤੂ ਪਸ਼ੂਆਂ ਦੀ ਰਜਿਸਟਰੇਸ਼ਨ ਜ਼ਰੂਰੀ ਕੀਤੀ ਜਾਵੇ, ਤਾਂ ਕਿ ਕੋਈ ਵੀ ਵਿਅਕਤੀ ਆਪਣਾ ਪਸ਼ੂ ਆਵਾਰਾ ਨਾ ਛੱਡ ਸਕੇ।
‘ਟਰੱਕ ਵੇਚ ਕੇ ਟਿੱਪਰ ਲਏ ਸੀ, ਲੱਗਦੈ ਹੁਣ ਘਰ ਵਿਕ ਜਾਣਗੇ’
NEXT STORY