ਜਲੰਧਰ (ਖੁਰਾਣਾ)–ਜਲੰਧਰ ਦੇ ਕਈ ਮੁਹੱਲਿਆਂ ਵਿਚ ਬੰਦ ਸੀਵਰੇਜ ਅਤੇ ਗੰਦਾ ਪਾਣੀ ਸਪਲਾਈ ਹੋਣ ਦੀਆਂ ਸ਼ਿਕਾਇਤਾਂ ਪਿਛਲੇ ਲੰਮੇ ਸਮੇਂ ਤੋਂ ਆ ਰਹੀਆਂ ਸਨ ਪਰ ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਨਾਲ ਜੁੜੇ ਅਧਿਕਾਰੀ ਇਨ੍ਹਾਂ ਸ਼ਿਕਾਇਤਾਂ ਪ੍ਰਤੀ ਲਾਪ੍ਰਵਾਹ ਬਣੇ ਹੋਏ ਸਨ। ਅਜਿਹੇ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਨਾਲਾਇਕੀ ਕਾਰਨ ਕਈ ਇਲਾਕਿਆਂ ਵਿਚ ਬੀਮਾਰੀਆਂ ਫੈਲਦੀਆਂ ਰਹੀਆਂ ਅਤੇ ਹੁਣ ਵੀ ਕਈ ਮੁਹੱਲੇ ਡਾਇਰੀਆ ਅਤੇ ਹੋਰਨਾਂ ਬੀਮਾਰੀਆਂ ਨਾਲ ਜੂਝ ਰਹੇ ਹਨ। ਹੁਣ ਭਾਵੇਂ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਪਰ ਇਹ ਵੀ ਇਕ ਤੱਥ ਹੈ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਜਾਂ ਕਿਸੇ ਵੀ ਸਾਬਕਾ ਕਮਿਸ਼ਨਰ ਨੇ ਲਾਪਰਵਾਹ ਅਧਿਕਾਰੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਰੇਲਵੇ ਟਰੈਕ ਨੇੜਿਓਂ ਮਿਲਿਆ ਮ੍ਰਿਤਕ ਨਵਜਾਤ ਬੱਚਾ
ਨਿਗਮ ਦੇ ਸੂਤਰਾਂ ਮੁਤਾਬਕ ਪਿਛਲੇ 100 ਦਿਨਾਂ ਵਿਚ ਪੀਣ ਵਾਲੇ ਪਾਣੀ ਦੇ 73 ਸੈਂਪਲ ਫੇਲ ਹੋ ਚੁੱਕੇ ਹਨ। ਨਿਗਮ ਦੀ ਇਕ ਰਿਪੋਰਟ ਦੇ ਮੁਤਾਬਕ 1 ਅਪ੍ਰੈਲ 2024 ਤੋਂ ਲੈ ਕੇ 31 ਮਈ ਤਕ 2 ਮਹੀਨਿਆਂ ਦੌਰਾਨ ਪਾਣੀ ਦੇ 753 ਸੈਂਪਲ ਚੈੱਕ ਕੀਤੇ ਗਏ, ਜਿਨ੍ਹਾਂ ਵਿਚੋਂ 48 ਫੇਲ ਪਾਏ ਗਏ। ਇਸੇ ਤਰ੍ਹਾਂ 1 ਜੂਨ ਤੋਂ 15 ਜੁਲਾਈ ਤਕ ਪਾਣੀ ਦੇ 91 ਸੈਂਪਲ ਭਰੇ ਗਏ, ਜਿਨ੍ਹਾਂ ਵਿਚੋਂ 25 ਫੇਲ ਹੋ ਗਏ। ਇੰਨੀ ਭਾਰੀ ਗਿਣਤੀ ਵਿਚ ਪਾਣੀ ਦੇ ਸੈਂਪਲ ਫੇਲ ਹੋਣ ਦਾ ਇਹੀ ਮਤਲਬ ਕੱਢਿਆ ਜਾ ਰਿਹਾ ਹੈ ਕਿ ਵਧੇਰੇ ਇਲਾਕਿਆਂ ਦੇ ਲੋਕ ਕਈ-ਕਈ ਦਿਨ ਤਕ ਗੰਦਾ ਪਾਣੀ ਹੀ ਪੀਂਦੇ ਰਹੇ।
3 ਸ਼ੋਅਕਾਜ਼ ਨੋਟਿਸ ਜਾਰੀ ਹੋਣ ’ਤੇ ਚਾਰਜਸ਼ੀਟ ਹੋਵੇਗੀ
ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਹੁਣ ਲਾਪਰਵਾਹ ਨਿਗਮ ਅਧਿਕਾਰੀਆਂ ’ਤੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਉਨ੍ਹਾਂ ਨਗਰ ਨਿਗਮ ਦੇ 7 ਵੱਡੇ ਅਧਿਕਾਰੀਆਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕੀਤੇ, ਜਿਨ੍ਹਾਂ ਦੇ ਇਲਾਕੇ ਵਿਚ ਪਾਣੀ ਦੇ ਸੈਂਪਲ ਫੇਲ ਪਾਏ ਗਏ। ਪਤਾ ਲੱਗਾ ਹੈ ਕਿ ਜਿਸ ਅਧਿਕਾਰੀ ਨੂੰ 3 ਸ਼ੋਅਕਾਜ਼ ਨੋਟਿਸ ਜਾਰੀ ਹੋਣਗੇ, ਉਸ ਨੂੰ ਸਿੱਧਾ ਚਾਰਜਸ਼ੀਟ ਹੀ ਕੀਤਾ ਜਾਵੇਗਾ। ਇਸ ਹੁਕਮ ਨੂੰ ਲੈ ਕੇ ਨਿਗਮ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ ਅਤੇ ਹੁਣ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਤੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ, ਰੇਲਵੇ ਸਟੇਸ਼ਨ ਨੇੜਿਓਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਕੰਪਲੇਂਟ ਨੰਬਰ ’ਤੇ ਪਹਿਲੇ ਹੀ ਦਿਨ ਗੰਦੇ ਪਾਣੀ ਅਤੇ ਬੰਦ ਸੀਵਰ ਦੀਆਂ 20 ਸ਼ਿਕਾਇਤਾਂ ਆਈਆਂ
ਸ਼ਹਿਰ ਦੀ ਹਾਲਤ ਕਿੰਨੀ ਖ਼ਰਾਬ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲੱਗ ਜਾਂਦਾ ਹੈ ਕਿ ਡਿਪਟੀ ਕਮਿਸ਼ਨਰ ਨੇ ਬੀਤੇ ਦਿਨੀਂ ਜੋ ਸ਼ਿਕਾਇਤ ਨੰਬਰ ਜਾਰੀ ਕੀਤਾ ਸੀ, ਉਸ ਵਿਚ ਅੱਜ ਪਹਿਲੇ ਹੀ ਦਿਨ 20 ਸ਼ਿਕਾਇਤਾਂ ਆਈਆਂ, ਜਿਨ੍ਹਾਂ ਵਿਚੋਂ 3 ਗੰਦੇ ਪਾਣੀ ਦੀ ਸਪਲਾਈ ਸਬੰਧੀ ਸਨ। ਸ਼ਿਕਾਇਤਾਂ ਦੇ ਅਨੁਸਾਰ ਅਵਤਾਰ ਨਗਰ ਅਤੇ ਬਦਰੀ ਦਾਸ ਕਾਲੋਨੀ ਵਿਚ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ। ਇਹ ਦੋਵੇਂ ਹੀ ਇਲਾਕੇ ਵੈਸਟ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਹਨ। ਇਸ ਤੋਂ ਇਲਾਵਾ 17 ਸ਼ਿਕਾਇਤਾਂ ਬੰਦ ਸੀਵਰੇਜ ਸਬੰਧੀ ਪ੍ਰਾਪਤ ਹੋਈਆਂ ਹਨ, ਜਿਹੜੀਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਲੈ ਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਰੇਲਵੇ ਟਰੈਕ ਨੇੜਿਓਂ ਮਿਲਿਆ ਮ੍ਰਿਤਕ ਨਵਜਾਤ ਬੱਚਾ
NEXT STORY