ਜਲੰਧਰ (ਪੁਨੀਤ)- ਵੱਖ-ਵੱਖ ਕਾਰਨਾਂ ਕਰਕੇ ਰੇਲ ਗੱਡੀਆਂ ’ਚ ਦੇਰੀ ਹੋਣ ਦਾ ਸਿਲਸਿਲਾ ਬੇਰੋਕ ਜਾਰੀ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਕਿਸਾਨਾਂ ਦੇ ਧਰਨੇ ਕਾਰਨ ਰੇਲ ਗੱਡੀਆਂ ਲੇਟ ਹੋ ਰਹੀਆਂ ਸਨ, ਜਦਕਿ ਬੀਤੇ ਦਿਨ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਅਹਿਮ ਰੇਲ ਗੱਡੀਆਂ ਨੂੰ ਚੰਡੀਗੜ੍ਹ ਰੂਟ ਰਾਹੀਂ ਚਲਾਉਣਾ ਪਿਆ। ਇਸ ਕਾਰਨ ਵੰਦੇ ਭਾਰਤ ਸਮੇਤ ਅਹਿਮ ਟਰੇਨਾਂ ਘੰਟਿਆਂਬੱਧੀ ਲੇਟ ਰਹੀਆਂ ਤੇ ਯਾਤਰੀਆਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਲੰਬਾ ਇੰਤਜ਼ਾਰ ਕਰਨਾ ਪਿਆ।
ਦਿੱਲੀ ਰੂਟ ’ਤੇ ਦੁਪਹਿਰ 3.23 ਵਜੇ ਲੁਧਿਆਣਾ ਸੈਕਸ਼ਨ ਅਧੀਨ ਸਾਧੂਗੜ੍ਹ-ਸਰਹਿੰਦ ਨੇੜੇ ਮਾਲ ਗੱਡੀ ਦੇ ਪਹੀਏ ਪਟੜੀ ਤੋਂ ਉਤਰ ਗਏ। ਇਸ ਦਾ ਸਮੇਂ ਸਿਰ ਪਤਾ ਲੱਗ ਗਿਆ ਤੇ ਵੱਡਾ ਹਾਦਸਾ ਹੋਣੋਂ ਟਲ ਗਿਆ, ਜੇਕਰ ਰੇਲਗੱਡੀ ਤੇਜ਼ ਰਫਤਾਰ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਮੁੱਖ ਟ੍ਰੈਕ ਹੋਣ ਕਾਰਨ 22487 ਵੰਦੇ ਭਾਰਤ, ਦਿੱਲੀ-ਅੰਮ੍ਰਿਤਸਰ ਸੁਪਰ ਵਰਗੀਆਂ ਕਈ ਅਹਿਮ ਰੇਲ ਗੱਡੀਆਂ ਅੰਬਾਲਾ ਤੋਂ ਚੰਡੀਗੜ੍ਹ ਲਈ ਭੇਜੀਆਂ ਗਈਆਂ।
ਇਹ ਵੀ ਪੜ੍ਹੋ- ਭਲਕੇ ਹੋਵੇਗੀ ਵੋਟਿੰਗ, ਜਲੰਧਰ 'ਚ ਦਾਅ ’ਤੇ ਲੱਗੀ ਇਨ੍ਹਾਂ ਆਗੂਆਂ ਦੀ ਕਿਸਮਤ, EVM ਮਸ਼ੀਨਾਂ ਨਾਲ ਸਟਾਫ਼ ਰਵਾਨਾ
ਮਾਲਗੱਡੀ ’ਚ ਅਚਾਨਕ ਆਈ ਸਮੱਸਿਆ ਕਾਰਨ ਯਾਤਰੀ ਸਟੇਸ਼ਨ ’ਤੇ ਗੱਡੀਆਂ ਦਾ ਇੰਤਜ਼ਾਰ ਕਰਦੇ ਰਹੇ, ਕਿਉਂਕਿ ਪਹਿਲਾਂ ਤਾਂ ਦਿੱਲੀ ਤੋਂ ਸ਼ੁਰੂ ਹੋਣ ਤੋਂ ਬਾਅਦ ਵੰਦੇ ਭਾਰਤ ਸਮੇਤ ਸਾਰੀਆਂ ਅਹਿਮ ਟਰੇਨਾਂ ਸਮੇਂ ਸਿਰ ਚੱਲਣ ਦੀ ਸੂਚਨਾ ਦਿੱਤੀ ਜਾ ਰਹੀ ਸੀ ਪਰ ਸਾਧੂਗੜ੍ਹ ਨੇੜੇ ਟ੍ਰੈਕ ਪ੍ਰਭਾਵਿਤ ਹੋਣ ਕਾਰਨ ਸਾਰਾ ਸਿਸਟਮ ਵਿਗੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੰਦੇ ਭਾਰਤ ਐਕਸਪ੍ਰੈੱਸ ਕਰੀਬ ਡੇਢ ਘੰਟਾ ਲੇਟ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ ਦਾ ਸਿਲਸਿਲਾ ਵੀ ਰੁਟੀਨ ’ਚ ਜਾਰੀ ਰਿਹਾ। ਇਸ ਕਾਰਨ 12715 ਸੱਚਖੰਡ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਤੋਂ 4 ਘੰਟੇ ਦੀ ਦੇਰੀ ਨਾਲ ਜਲੰਧਰ ਸਟੇਸ਼ਨ ਪਹੁੰਚੀ। ਇਸ ਦੇ ਨਾਲ ਹੀ ਵਿੱਕਲੀ ਟਰੇਨ ਨੰ. 20985 ਮੁੰਬਈ-ਊਧਮਪੁਰ ਸਵੇਰੇ 6.31 ਵਜੇ ਤੋਂ 3.5 ਘੰਟੇ ਦੀ ਦੇਰੀ ਨਾਲ ਸਵੇਰੇ 10 ਵਜੇ ਕੈਂਟ ਸਟੇਸ਼ਨ ਪਹੁੰਚੀ। ਇਸੇ ਤਰ੍ਹਾਂ 04075 ਵੈਸ਼ਨੋ ਦੇਵੀ ਕਟੜਾ, ਸਰਵੋਦਿਆ 3 ਘੰਟੇ, 12925 ਪੱਛਮ ਢਾਈ ਘੰਟੇ ਦੇਰੀ ਨਾਲ ਪਹੁੰਚੀ। ਇਸ ਦੇ ਨਾਲ ਹੀ ਦੇਖਿਆ ਗਿਆ ਕਿ ਲੋਕਾਂ ਨੂੰ ਪੈਸੰਜਰ ਟਰੇਨ ਦੇ ਆਖਰੀ ਸਮੇਂ ’ਚ ਆਉਣ ਦਾ ਪਤਾ ਲੱਗਾ, ਜਿਸ ਕਾਰਨ ਲੋਕ ਦੌੜ ਕੇ ਟਰੇਨ ਫੜਦੇ ਨਜ਼ਰ ਆਏ।
ਅੰਮ੍ਰਿਤਸਰ-ਗੋਰਖਪੁਰ ਦੌਰਾਨ ਰੂਟ 7 ਘੰਟੇ ਤੋਂ ਵੱਧ ਲੇਟ
ਗਰਮੀਆਂ ਦੌਰਾਨ ਜ਼ਿਆਦਾ ਇਸਤੇਮਾਲ ਹੋਣ ਵਾਲੀਆਂ ਕਈ ਮਹੱਤਵਪੂਰਨ ਟਰੇਨਾਂ 6-7 ਘੰਟੇ ਦੇਰੀ ਨਾਲ ਪਹੁੰਚ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕੜਕਦੀ ਗਰਮੀ ’ਚ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਸਿਲਸਿਲੇ ’ਚ ਅੰਮ੍ਰਿਤਸਰ-ਗੋਰਖਪੁਰ ਦੋਵੇਂ ਰੂਟ 7 ਘੰਟੇ ਲੇਟ ਹੋ ਗਏ। ਟਰੇਨ ਨੰ. 05005 ਗੋਰਖਪੁਰ ਤੋਂ ਆਉਣ ਸਮੇਂ 7.26 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ, ਜਦਕਿ ਅੰਮ੍ਰਿਤਸਰ ਤੋਂ ਆਉਣ ਵਾਲੀ ਟਰੇਨ 7 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ।
ਇਹ ਵੀ ਪੜ੍ਹੋ- ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਲੱਗਾ ਡੂੰਘਾ ਸਦਮਾ, ਪਤੀ ਸ਼ਰਨਜੀਤ ਸਿੰਘ ਦਾ ਦਿਹਾਂਤ
ਡਾਇਵਰਟ ਰੂਟ ਨਾਲ ਧਰਨੇ ਦੀ ਅਫਵਾਹ ਫੈਲੀ
ਮਾਲਗੱਡੀ ਦੇ ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ਫਿਰ ਰੇਲ ਗੱਡੀਆਂ ਨੂੰ ਅੰਬਾਲਾ-ਚੰਡੀਗੜ੍ਹ ਰੂਟ ਰਾਹੀਂ ਮੁੜ ਜਲੰਧਰ, ਅੰਮ੍ਰਿਤਸਰ ਆਦਿ ਸਟੇਸ਼ਨਾਂ ’ਤੇ ਭੇਜਿਆ ਗਿਆ। ਕਿਸਾਨਾਂ ਦੇ ਧਰਨੇ ਦੌਰਾਨ ਵੀ ਇਸ ਰੂਟ ਦੀ ਵਰਤੋਂ ਕਰ ਕੇ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਡਾਇਵਰਟ ਕੀਤੇ ਰੂਟ ਰਾਹੀਂ ਰੇਲਗੱਡੀਆਂ ਭੇਜਣ ਨਾਲ ਧਰਨੇ ਦੀ ਅਫਵਾਹ ਫੈਲ ਗਈ, ਜਿਸ ਕਾਰਨ ਯਾਤਰੀਆਂ ’ਚ ਭੰਬਲਭੂਸਾ ਪੈਦਾ ਹੋ ਗਿਆ। ਇਸ ਕਾਰਨ ਯਾਤਰੀ ਜਾਂਚ ਕੇਂਦਰ ’ਚ ਜਾ ਕੇ ਜਾਣਕਾਰੀ ਹਾਸਲ ਕਰਦੇ ਵੇਖੇ ਗਏ। ਕਾਊਂਟਰ ’ਤੇ ਮੌਜੂਦ ਮੁਲਾਜ਼ਮਾਂ ਨੇ ਧਰਨੇ ਨੂੰ ਅਫ਼ਵਾਹ ਦੱਸਿਆ, ਜਿਸ ਕਾਰਨ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਬਿਆਨ, ਅਜੇ ਤਾਂ ਸਿਰਫ਼ 43 ਹਜ਼ਾਰ ਨੌਕਰੀਆਂ ਦਿੱਤੀਆਂ ਨੇ, ਲੱਖਾਂ ਦੇਣੀਆਂ ਬਾਕੀ ਹਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਪੁਲਸ ਵੱਲੋਂ 15 ਪੇਟੀਆਂ ਸ਼ਰਾਬ ਦੀਆਂ ਬਰਾਮਦ
NEXT STORY