ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਬੰਦ ਕੈਦੀਅਾਂ ਅਤੇ ਹਵਾਲਾਤੀਅਾਂ ਨੂੰ 10 ਫ਼ੀਸਦੀ ਵਿਆਜ ’ਤੇ ਰਕਮ ਦੇਣ ਦਾ ਨੈੱਟਵਰਕ ਚਲਾ ਰਹੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਕੋਤਵਾਲੀ ਪੁਲਸ ਨੇ 2 ਸਕੇ ਭਰਾਵਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ ਨੇ ਕਪੂਰਥਲਾ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਕੁਝ ਵਿਅਕਤੀਅਾਂ ਵੱਲੋਂ 10 ਫ਼ੀਸਦੀ ਵਿਆਜ ’ਤੇ ਰਕਮ ਦੇਣ ਵਾਲੇ ਇਕ ਗਿਰੋਹ ਦੀ ਸ਼ਿਕਾਇਤ ਕੀਤੀ ਸੀ । ਜਿਸ ਨੂੰ ਲੈ ਕੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਦਾ ਜ਼ਿੰਮਾ ਐੱਸ. ਪੀ. (ਡੀ.) ਸਤਨਾਮ ਸਿੰਘ ਨੂੰ ਦਿੱਤਾ ਸੀ। ਜਿਨ੍ਹਾਂ ਨੇ ਆਪਣੀ ਜਾਂਚ ’ਚ ਪਾਇਆ ਕਿ ਐੱਫ. ਆਈ. ਆਰ. ਨੰ. 63 ਮਿਤੀ 15 ਮਈ 2015 ਦੇ ਤਹਿਤ ਧਾਰਾ 21/61/85 ਦੇ ਅਧੀਨ ਥਾਣਾ ਕਰਤਾਰਪੁਰ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਕੈਦੀ ਗੁਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਆਹੀਆ ਥਾਣਾ ਸਦਰ ਕਪੂਰਥਲਾ ਜੋ ਕਿ 10 ਸਾਲ ਦੀ ਸਜ਼ਾ ਕੱਟ ਰਿਹਾ ਹੈ। ਆਪਣੇ ਭਰਾ ਤੀਰਥ ਨਾਥ ਦੀ ਮਦਦ ਨਾਲ ਜੇਲ ਕੰੰਪਲੈਕਸ ਵਿਚ ਵਿਆਜ ’ਤੇ ਰਕਮ ਦੇਣ ਦਾ ਕੰਮ ਕਰ ਰਿਹਾ ਹੈ।
ਆਪਣੀ ਜਾਂਚ ਨੂੰ ਅੱਗੇ ਵਧਾੳਣ ਦੇ ਮਕਸਦ ਨਾਲ ਜਦੋਂ ਐੱਸ. ਪੀ. (ਡੀ.) ਨੇ ਤੀਰਥ ਨਾਥ ਦੀ ਪਤਨੀ ਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ 12 ਮਾਰਚ 2018 ਤੋਂ ਲੈ ਕੇ 1 ਸਤੰਬਰ 2018 ਤਕ ਤੀਰਥ ਨਾਥ ਨੇ 2.50 ਲੱਖ ਰੁਪਏ ਦੀ ਰਕਮ ਕਢਵਾਈ ਹੋਈ ਸੀ। ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ 4 ਅਕਤੂਬਰ 2017 ਤੋਂ ਕੇਂਦਰੀ ਜੇਲ ’ਚ ਬੰਦ ਗੁਰਜੀਤ ਸਿੰਘ ਸਜ਼ਾ ਹੋਣ ਤੋਂ ਪਹਿਲਾਂ ਜਦ ਵੀ ਪੇਸ਼ੀ ’ਤੇ ਜਾਂਦਾ ਸੀ ਤਾਂ ਪੇਸ਼ੀ ਦੌਰਾਨ ਤੀਰਥ ਨਾਥ ਆਪਣੇ ਭਰਾ ਗੁਰਜੀਤ ਸਿੰਘ ਨੂੰ ਨਕਦੀ ਦਿੰਦਾ ਸੀ। ਇਸ ਨਕਦੀ ਦੀ ਮਦਦ ਨਾਲ ਗੁਰਜੀਤ ਸਿੰਘ ਜੇਲ ਵਿਚ ਬੰਦ ਆਪਣੇ ਖਾਸ ਸਾਥੀਅਾਂ ਨੂੰ ਪੈਸੇ ਦੇ ਕੇ ਜੇਲ ਤੋਂ ਕੂਪਨ ਲੈ ਲੈਂਦਾ ਸੀ ਅਤੇ ਜ਼ਰੂਰਤਮੰਦ ਕੈਦੀਅਾਂ ਅਤੇ ਹਵਾਲਾਤੀਅਾਂ ਤੋਂ ਮੋਟਾ ਵਿਆਜ ਲੈ ਕੇ ਕੂਪਨ ਵੰਡ ਦਿੰਦਾ ਸੀ। ਜਿਸ ਦੇ ਬਾਅਦ ਕੂਪਨ ਲੈਣ ਵਾਲੇ ਕੈਦੀ ਅਤੇ ਹਵਾਲਾਤੀਅਾਂ ਦੇ ਰਿਸ਼ਤੇਦਾਰ ਗੁਰਜੀਤ ਸਿੰਘ ਦੇ ਭਰਾ ਤੀਰਥ ਨਾਥ ਅਤੇ ਉਸ ਦੀ ਪਤਨੀ ਦੇ ਬੈਂਕ ਖਾਤਿਅਾਂ ’ਚ ਪੈਸੇ ਪਾ ਦਿੰਦੇ ਸਨ। ਜਿਸ ਦੇ ਬਦਲੇ ’ਚ ਗੁਰਜੀਤ ਸਿੰਘ 10 ਫ਼ੀਸਦੀ ਕਮਿਸ਼ਨ ਹਾਸਲ ਕਰਦਾ ਸੀ।
ਇਸ ਦੌਰਾਨ ਜਦੋਂ ਐੱਸ. ਪੀ. (ਡੀ.) ਨੇ ਤੀਰਥ ਨਾਥ ਦੀ ਪਤਨੀ ਦੇ ਖਾਤੇ ’ਚ ਪੈਸੇ ਪਾਉਣ ਵਾਲੇ ਵਿਅਕਤੀਅਾਂ ਪੰਕਜ ਦਾਸ ਵਾਸੀ ਜਮਸ਼ੇਰ ਖਾਸ, ਮਨੀਸ਼ ਕੁਮਾਰ ਵਾਸੀ ਦਿੱਲੀ, ਸੁਰਜੀਤ ਕੁਮਾਰ ਵਾਸੀ ਜਮਸ਼ੇਰ ਖਾਸ, ਰਵਿਨਾਥ ਸਿੰਘ ਵਾਸੀ ਦਰਬੰਗਾ ਬਿਹਾਰ, ਸੋਹਨ ਲਾਲ ਵਾਸੀ ਪਿੰਡ ਥਾਂਦੀਅਾਂ ਅਤੇ ਜਸਕਰਨ ਸਿੰਘ ਵਾਸੀ ਜਮਸ਼ੇਰ ਖਾਸ ਦੇ ਬਿਆਨ ਲਏ ਗਏ ਤਾਂ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆਈ । ਜਿਸ ਦੇ ਆਧਾਰ ’ਤੇ ਜੇਲ ’ਚ ਬੰਦ 10 ਫ਼ੀਸਦੀ ਵਿਆਜ ਦਾ ਨੈੱਟਵਰਕ ਚਲਾਉਣ ਵਾਲੇ ਦੋਨਾਂ ਭਰਾਵਾਂ ਤੀਰਥ ਨਾਥ, ਗੁਰਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਤੀਰਥ ਨਾਥ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਜਿਥੇ ਜਾਰੀ ਹੈ, ਉਥੇ ਹੀ ਗੁਰਜੀਤ ਸਿੰਘ ਤੋਂ ਪੂਰੀ ਪੁੱਛਗਿਛ ਕਰਨ ਦੇ ਮਕਸਦ ਨਾਲ ਉਸਨੂੰ ਜਲਦੀ ਹੀ ਪ੍ਰੋਡੱਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ ਤਾਂ ਕਿ ਉਸ ਨਾਲ ਜੁਡ਼ੇ ਹੋਰ ਵੀ ਲੋਕਾਂ ਦੇ ਸਬੰਧ ’ਚ ਖੁਲਾਸਾ ਹੋ ਸਕੇ। ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਪੂਰੇ ਮਾਮਲੇ ਵਿਚ ਕਈ ਅਹਿਮ ਗ੍ਰਿਫਤਾਰੀਅਾਂ ਹੋ ਸਕਦੀਅਾਂ ਹਨ। ਜਿਸ ਦੀ ਪੁਸ਼ਟੀ ਐੱਸ. ਐੱਚ. ਓ. ਕੋਤਵਾਲੀ ਸੁਖਪਾਲ ਸਿੰਘ ਨੇ ਵੀ ਕੀਤੀ ਹੈ।
ਕਈ ਅਪਰਾਧੀ ਜੇਲਾਂ ਨੂੰ ਬਣਾ ਰਹੇ ਹਨ ਕਮਾਈ ਦਾ ਵੱਡਾ ਜ਼ਰੀਆ
ਸੂਬੇ ਦੀਅਾਂ ਜੇਲਾਂ ਨੂੰ ਨਸ਼ਿਅਾਂ ਅਤੇ ਹੋਰ ਗੈਰ-ਕਾਨੂੰਨੀ ਕੰਮਾਂ ਤੋਂ ਮੁਕਤ ਕਰਵਾਉਣ ਲਈ ਭਾਵੇਂ ਪੂਰੇ ਸੂਬੇ ’ਚ ਬੀਤੇ ਕਈ ਮਹੀਨਿਆਂ ਤੋਂ ਵਿਸ਼ੇਸ਼ ਮੁਹਿੰਮ ਚੱਲ ਰਹੀ ਹੈ ਤੇ ਇਸ ਦੇ ਬਾਵਜੂਦ ਵੀ ਕਈ ਚਲਾਕ ਅਪਰਾਧੀ ਜਿਥੇ ਜੇਲਾਂ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਨਸ਼ੇ ਦੀ ਖੇਪ ਲੈ ਜਾ ਕੇ ਨਸ਼ਾ ਵੇਚ ਰਹੇ ਹਨ। ਉਥੇ ਹੀ ਕੈਦੀਅਾਂ ਨੂੰ ਮੋਬਾਈਲ ਤੋਂ ਫੋਨ ਕਰਵਾਉਣ ਦੇ ਨਾਮ ’ਤੇ ਮੋਟੀ ਰਕਮ ਲੈ ਰਹੇ ਹਨ।
ਗੌਰ ਹੋਵੇ ਕਿ ਇਸ ਤੋਂ ਪਹਿਲਾਂ ਵੀ ਕਪੂਰਥਲਾ ਪੁਲਸ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰ ਚੁੱਕੀ ਹੈ, ਜੋ ਜੇਲ ’ਚ ਨਸ਼ੇ ਦਾ ਨੈੱਟਵਰਕ ਚਲਾਉਣ ਦੇ ਨਾਲ-ਨਾਲ ਨਸ਼ਾ ਸਪਲਾਈ ਕਰਨ ਵਾਲੇ ਵੱਡੇ ਡਰੱਗ ਸਮੱਗਲਰਾਂ ਦੇ ਖਾਤਿਅਾਂ ’ਚ ਲੱਖਾਂ ਦੀ ਰਕਮ ਟਰਾਂਸਫਰ ਕਰ ਰਹੇ ਸਨ। ਉਥੇ ਹੀ ਇਸ ਤਰ੍ਹਾ ਦੇ ਹੋਰ ਵੀ ਮਾਮਲਿਆਂ ਦਾ ਪਟਿਆਲਾ ਅਤੇ ਫਿਰੋਜ਼ਪੁਰ ਜੇਲਾਂ ਵਿਚ ਵੀ ਖੁਲਾਸਾ ਹੋ ਚੁੱਕਿਆ ਹੈ।
ਬੱਸ-ਸਕੂਟਰੀ ਦੀ ਟੱਕਰ ’ਚ ਬੱਚੀ ਦੀ ਮੌਤ, ਇਕ ਜ਼ਖਮੀ
NEXT STORY