ਸੁਲਤਾਨਪੁਰ ਲੋਧੀ,(ਸੁਰਿੰਦਰ ਸੋਢੀ)— ਪਿਛਲੇ 24 ਘੰਟਿਆਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਪੂਰੀ ਤਰ੍ਹਾਂ ਗਿੱਲੀ ਹੋਣ ਕਾਰਨ ਜਿੱਥੇ ਗਣਤੰਤਰ ਦਿਵਸ ਸੰਬੰਧੀ ਰਿਹਰਸਲ ਕਰਨ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਥੇ ਹੀ ਦੂਜੇ ਪਾਸੇ ਸ਼ਹਿਰ ਦੇ ਮੋਰੀ ਮੁਹੱਲਾ 'ਚ ਬਾਰਿਸ਼ ਦਾ ਪਾਣੀ ਗਲੀਆਂ 'ਚ ਏਨਾ ਜਿਆਦਾ ਇਕੱਠਾ ਹੋ ਗਿਆ ਹੈ ਕਿ ਇੱਕ ਮੀਹ ਨਾਲ ਹੀ ਹੜ੍ਹ ਵਰਗੇ ਹਾਲਾਤ ਬਣ ਗਏ ਹਨ । ਸ਼ਹਿਰ ਦੇ ਇਸ ਮੁਹੱਲੇ ਦੀਆਂ ਸੜਕਾਂ ਕਾਫੀ ਨੀਵੀਆਂ ਹੋਣ ਕਾਰਨ ਕਈ ਜਗ੍ਹਾ ਦੋ-ਦੋ ਫੁੱਟ ਪਾਣੀ ਭਰ ਗਿਆ ਹੈ ਤੇ ਮੁਹੱਲਾ ਨਿਵਾਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਰੇਲਵੇ ਸ਼ਟੇਸ਼ਨ ਰੋਡ 'ਤੇ ਵੀ. ਐੱਸ. ਡੀ. ਸਕੂਲ ਸਾਹਮਣੇ ਵੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਸੜਕ 'ਚ ਕਾਫੀ ਪਾਣੀ ਭਰਿਆ ਹੋਇਆ ਹੈ ਤੇ ਲੋਕਾਂ ਨੂੰ ਇੱਥੋਂ ਲੰਘਣ ਲਈ ਰਿਕਸ਼ਾ ਆਦਿ ਦਾ ਸਹਾਰਾ ਲੈਣਾ ਪੈ ਰਿਹਾ ਹੈ । ਮੋਰੀ ਮੁਹੱਲਾ ਦੇ ਨਿਵਾਸੀਆਂ ਵਲੋਂ ਕਈ ਵਾਰ ਨਗਰ ਕੌਸਲ ਤੇ ਸਥਾਨਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਜਾ ਚੁੱਕੀ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾਣ ਤੇ ਨੀਵੀਆਂ ਸੜਕਾਂ ਨੂੰ ਵੀ ਕੁਝ ਉੱਚਾ ਕੀਤਾ ਜਾਵੇ ਪਰ ਪ੍ਰਸ਼ਾਸ਼ਨ ਵਲੋਂ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ । ਗੁਰੂ ਨਗਰੀ ਦੀਆਂ ਸੜਕਾਂ 'ਤੇ ਮੀਂਹ ਦੇ ਭਰੇ ਹੋਏ ਪਾਣੀ ਦੇ ਮਾਮਲੇ ਤੇ ਭਾਜਪਾ ਦੇ ਸੁਲਤਾਨਪੁਰ ਲੋਧੀ ਮੰਡਲ ਦੇ ਪ੍ਰਧਾਨ ਓਮ ਪ੍ਰਕਾਸ਼ ਡੋਗਰਾ ਨੇ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਸਰਕਾਰ ਤੇ ਨਗਰ ਕੌਸਲ ਕਮੇਟੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਸ਼ਹਿਰ 'ਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਸੜਕਾਂ 'ਤੇ ਭਰਿਆ ਰਹਿੰਦਾ ਹੈ ਤੇ ਲੋਕ ਦੁਖੀ ਪ੍ਰੇਸ਼ਾਨ ਰਹਿੰਦੇ ਹਨ ।
ਟਰੈਕਟਰ-ਟਰਾਲੀ ਦੀ ਟੱਕਰ ਨਾਲ 2 ਨੌਜਵਾਨਾਂ ਦੀ ਮੌਤ
NEXT STORY