ਗੁਰਦਾਸਪੁਰ (ਹਰਮਨ)-ਦਿਨੋਂ ਦਿਨ ਬਦਲ ਰਹੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਢੰਗ ਤਰੀਕਿਆਂ ਨੇ ਜਿੱਥੇ ਇਨਸਾਨ ਨੂੰ ਕਈ ਹੋਰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਬਣਾ ਦਿੱਤਾ ਹੈ, ਉੱਥੇ ਉੱਠਣ-ਬੈਠਣ, ਲੇਟਣ ਅਤੇ ਹੋਰ ਕੰਮ ਕਾਜ ਕਰਨ ਮੌਕੇ ਵਰਤੀ ਜਾਂਦੀ ਲਾਪਰਵਾਹੀ ਕਾਰਨ ਅਜੋਕੇ ਦੌਰ ’ਚ ਹਰੇਕ ਉਮਰ ਦੇ ਲੋਕ ‘ਸਰਵਾਈਕਲ’ ਤੋਂ ਪੀੜਤ ਹੁੰਦੇ ਜਾ ਰਹੇ ਹਨ।
ਪਹਿਲਾਂ ਆਮ ਤੌਰ ’ਤੇ ਸਿਰਫ਼ 60 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਨੂੰ ਸਰਵਾਈਕਲ ਦੀ ਸਮੱਸਿਆ ਹੁੰਦੀ ਸੀ ਪਰ ਹੁਣ ਮੋਬਾਈਲ ਫੋਨ, ਲੈਪਟਾਪ, ਟੀ. ਵੀ. ਦੀ ਵੱਧ ਰਹੀ ਵਰਤੋਂ ਸਮੇਤ ਕਈ ਕਾਰਨਾਂ ਸਦਕਾ ਨੌਜਵਾਨ ਅਤੇ ਬੱਚੇ ਵੀ ਸਰਵਾਈਕਲ ਦੀ ਸਮੱਸਿਆ ਤੋਂ ਪੀੜਤ ਹੁੰਦੇ ਜਾ ਰਹੇ ਹਨ। ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਸਹੀ ਢੰਗ ਨਾਲ ਨਾ ਬੈਠਣਾ ਅਤੇ ਲੇਟਣਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
ਇਸ ਦੇ ਬਾਵਜੂਦ ਲੋਕ ਇਸ ਬਿਮਾਰੀ ਤੋਂ ਸੁਚੇਤ ਨਹੀਂ ਹਨ। ਕਈ ਡਾਕਟਰਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤੇ ਲੋਕਾਂ ਨੂੰ ਇਸ ਬਿਮਾਰੀ ਦੇ ਅਸਲ ਕਾਰਨਾਂ ਦਾ ਪਤਾ ਹੀ ਨਹੀਂ ਹੈ, ਜਿਨ੍ਹਾਂ ਵੱਲੋਂ ਸਿਰਫ਼ ਦਰਦ ਘੱਟ ਕਰਨ ਵਾਲੀਆਂ ਦਵਾਈਆਂ ਖਾ ਕੇ ਹੀ ਡੰਗ ਟਪਾਇਆ ਜਾ ਰਿਹਾ ਹੈ।
ਸਰਵਾਈਕਲ ਹੋਣ ਦੇ ਮੁੱਖ ਕਾਰਨ
ਡਾਕਟਰਾਂ ਅਨੁਸਾਰ ਕਰੀਬ 75 ਫੀਸਦੀ ਲੋਕ ਸਰਵਾਈਕਲ ਤੋਂ ਪੀੜਤ ਹਨ। ਇਨ੍ਹਾਂ ’ਚੋਂ ਬਹੁਤੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਧੌਣ ’ਚ ਹਲਕੀ ਦਰਦ ਰਹਿੰਦੀ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਸਰਵਾਈਕਲ ਤੋਂ ਪੀੜਤ ਹਨ। ਇਸੇ ਤਰ੍ਹਾਂ ਨੌਜਵਾਨ ਅਤੇ ਬੱਚੇ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਦਾ ਸਭ ਤੋਂ ਵੱਡਾ ਕਾਰਨ ਕਈ ਘੰਟੇ ਲੈਪਟਾਪ ’ਤੇ ਕੰਮ ਕਰਨ ਤੋਂ ਇਲਾਵਾ ਹਰ ਵੇਲੇ ਮੋਬਾਈਲ ਫੋਨਾਂ ’ਤੇ ਰੁੱਝੇ ਰਹਿਣਾ ਹੈ।
ਇਹ ਵੀ ਪੜ੍ਹੋ- ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...
ਮੋਬਾਈਲ ਫੋਨ ਦੀ ਵਰਤੋਂ ਕਰਨ ਮੌਕੇ ਜ਼ਿਆਦਾ ਸਮਾਂ ਧੌਣ ਹੇਠਾਂ ਵੱਲ ਝੁਕੀ ਰਹਿੰਦੀ ਹੈ, ਜਿਸ ਕਾਰਨ ਧੌਣ ਦੀਆਂ ਮਾਸਪੇਸ਼ੀਆਂ ਇਕੋ ਥਾਂ ’ਤੇ ਸਖ਼ਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਲਚਕੀਲਾਪਣ ਵੀ ਘੱਟ ਜਾਂਦਾ ਹੈ। ਇਸੇ ਤਰ੍ਹਾਂ ਟੀ. ਵੀ. ਦੇਖਣ ਲੱਗੇ ਵੀ ਜ਼ਿਆਦਾਤਰ ਲੋਕ ਬੈੱਡ ਉੱਪਰ ਟੇਢੇ ਲੇਟ ਜਾਂਦੇ ਹਨ ਅਤੇ ਕਈ ਵਾਰ ਬੈੱਡ ਦਾ ਆਸਰਾ ਲੈ ਕੇ ਗਲਤ ‘ਪੋਸਚਰ’ ’ਚ ਬੈਠਦੇ ਹਨ, ਜਿਸ ਦੇ ਨਤੀਜੇ ਵਜੋਂ ਸਿੱਧੇ ਤੌਰ ’ਤੇ ਸਰਵਾਈਕਲ ਦੀ ਦਰਦ ਸ਼ੁਰੂ ਹੋ ਜਾਂਦੀ ਹੈ।ਉਮਰ ਵੱਧਣ ਨਾਲ ਵੀ ਸਰਵਾਈਕਲ ਦਰਦ ਜ਼ਿਆਦਾ ਵੱਧਣੀ ਸ਼ੁਰੂ ਹੋ ਜਾਂਦੀ ਹੈ। ਉਕਤ ਤੋਂ ਇਲਾਵਾ ਕੋਈ ਪੁਰਾਣੀ ਸੱਟ ਜਾਂ ਹੋਰ ਵੀ ਕਈ ਕਾਰਨ ਇਸ ਦਰਦ ਨੂੰ ਜਨਮ ਦਿੰਦੇ ਹਨ।
ਸਰਵਾਈਕਲ ਦੀਆਂ ਨਿਸ਼ਾਨੀਆਂ
ਸਰਵਾਈਕਲ ਹੋਣ ’ਤੇ ਧੌਣ ’ਚ ਅਕੜਾਅ ਪੈਦਾ ਹੋ ਜਾਂਦਾ ਹੈ ਅਤੇ ਸ਼ੁਰੂ ’ਚ ਹਲਕੀ ਦਰਦ ਮਹਿਸੂਸ ਹੁੰਦੀ ਹੈ। ਬਾਅਦ ’ਚ ਇਹ ਦਰਦ ਪਿੱਠ ਅਤੇ ਬਾਂਹ ਵੱਲ ਨੂੰ ਵੱਧਣੀ ਸ਼ੁਰੂ ਹੋ ਜਾਂਦੀ ਹੈ, ਜੋ ਹੌਲੀ-ਹੌਲੀ ਹੱਥਾਂ ਅਤੇ ਬਾਂਹਾਂ ਨੂੰ ਸੁੰਨ ਕਰਨਾ ਸ਼ੁਰੂ ਕਰ ਦਿੰਦੀ ਹੈ। ਕਈ ਵਾਰ ਇਸ ਸਮੱਸਿਆ ਨਾਲ ਪੈਰ ਵੀ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਰੀਜ਼ ਨੂੰ ਚੱਕਰ ਆਉਣ ਤੋਂ ਇਲਾਵਾ ਉਲਟੀ ਵਾਲਾ ਮਨ ਬਣਨਾ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਦੀ ਮੌਤ
ਕੀ ਹੈ ਇਲਾਜ?
ਗੁਰਦਾਸਪੁਰ ਨਾਲ ਸਬੰਧਤ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਦੀਪਕ ਸਹੋਤਰਾ ਨੇ ਦੱਸਿਆ ਕਿ ਇਸ ਸਮੱਸਿਆ ਦੇ ਇਲਾਜ ਲਈ ਸਭ ਤੋਂ ਪਹਿਲਾਂ ਬੈਠਣ ਅਤੇ ਲੇਟਣ ਲਈ ‘ਪੋਸਚਰ’ ਸਹੀ ਕਰਨਾ ਚਾਹੀਦਾ ਹੈ। ਹਮੇਸ਼ਾਂ ਸਿੱਧੇ ਬੈਠਣਾ ਅਤੇ ਸਿੱਧੇ ਲੇਟਣਾ ਚਾਹੀਦਾ ਹੈ। ਖ਼ਾਸ ਤੌਰ ’ਤੇ ਦਰਦ ਖ਼ਤਮ ਕਰਨ ਵਾਲੀਆਂ ਦਵਾਈਆਂ ਖਾਣ ਦੀ ਬਜਾਏ ਕਸਰਤ, ਯੋਗਾ ਅਤੇ ਫਿਜਿਓਥਰੈਪੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦਵਾਈ ਨਾਲ ਕੁਝ ਸਮੇਂ ਦੀ ਰਾਹਤ ਤਾਂ ਮਿਲ ਸਕਦੀ ਹੈ ਪਰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਪਣੀ ਜੀਵਨਸ਼ੈਲੀ ’ਚ ਸੁਧਾਰ ਕਰਨਾ ਸਭ ਤੋਂ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੱਧ ਪ੍ਰਦੇਸ਼ ਤੋਂ ਅਫ਼ੀਮ ਲੈ ਕੇ ਆ ਰਹੇ 2 ਨਸ਼ਾ ਸਮੱਗਲਰ ਕਾਬੂ
NEXT STORY