ਹੁਸ਼ਿਆਰਪੁਰ (ਘੁੰਮਣ)– ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸਖ਼ਤ ਲਹਿਜੇ ਨਾਲ ਕਿਹਾ ਕਿ ਜ਼ਿਲ੍ਹੇ ਵਿਚ ਕਿਸੇ ਵੀ ਕੀਮਤ ’ਤੇ ਨਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਇਸ ’ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਪੰਜਾਬ ਸਰਕਾਰ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਖ਼ਤ ਨੀਤੀ ਬਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਦੀਪ ਹੰਸ ਨੇ ਮੀਡੀਆ ਤੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਹਿਯੋਗ ਮੰਗਿਆ ਅਤੇ ਭਰੋਸਾ ਦੁਆਇਆ ਕਿ ਜ਼ਿਲ੍ਹੇ ’ਚ ਕਿਸੇ ਵੀ ਕੀਮਤ ’ਤੇ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨਾਲ ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ, ਐੱਸ. ਪੀ. (ਹੈੱਡਕੁਆਟਰ) ਅਸ਼ਵਨੀ ਕੁਮਾਰ ਅਤੇ ਐਕਸੀਅਨ ਮਾਈਨਿੰਗ ਸਰਤਾਜ ਸਿੰਘ ਮੌਜੂਦ ਸਨ।
ਜ਼ਿਲ੍ਹੇ ’ਚ 9 ਟੋਏ, ਜੋ ਅਦਾਇਗੀ ਨਾ ਹੋਣ ਕਾਰਨ ਸਸਪੈਂਡ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਪ੍ਰਸ਼ਾਸਨ ਸਖ਼ਤ ਤਰੀਕੇ ਨਾਲ ਪੇਸ਼ ਆਵੇਗਾ ਅਤੇ ਕਾਨੂੰਨ ਮੁਤਾਬਕ ਜਿੱਥੇ ਇਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾਣਗੇ, ਉਥੇ ਹੀ ਨਿਯਮਾਂ ਮੁਤਾਬਕ ਭਾਰੀ ਜ਼ੁਰਮਾਨਾ ਵੀ ਵਸੂਲਿਆ ਜਾਵੇਗਾ। ਸਰਕਾਰ ਵੱਲੋਂ ਸਾਲ 2019 ਦੌਰਾਨ ਈ-ਆਕਸ਼ਨ ਰਾਹੀਂ ਜ਼ਿਲ੍ਹੇ ’ਚ 9 ਖੱਡਾਂ ਚੱਲ ਰਹੀਆਂ ਸਨ, ਜੋ ਠੇਕੇਦਾਰ ਵਲੋਂ ਬਣਦੀ ਅਦਾਇਗੀ ਨਾ ਹੋਣ ਕਾਰਨ ਮੌਜੂਦਾ ਤੌਰ ’ਤੇ ਸਸਪੈਂਡ ਹਨ।
ਜ਼ਿਲ੍ਹੇ ’ਚ ਇਸ ਸਮੇਂ 22 ਸਟੋਨ ਕਰੱਸ਼ਰ ਹਨ। ਜੇਕਰ ਕੋਈ ਵੀ ਸਟੋਨ ਕਰੱਸ਼ਰ ਦਾ ਮਾਲਕ ਮਾਈਨਿੰਗ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਬਾਹਰੀ ਸੂਬਿਆਂ ਤੋਂ/ਜ਼ਿਲ੍ਹਿਆਂ ਤੋਂ ਮਾਈਨਿੰਗ ਮਿਨਰਲ ਦੀ ਢੋਆ-ਢੁਆਈ ਕਰਦਾ ਹੈ, ਤਾਂ ਉਸ ਲਈ ਸਬੰਧਤ ਦਸਤਾਵੇਜ਼ ਵਿਖਾਉਣੇ ਜ਼ਰੂਰੀ ਹੋਣਗੇ ਅਤੇ ਦਸਤਾਵੇਜ਼ ਨਾ ਹੋਣ ਦੀ ਸੂਰਤ ’ਚ ਕਾਰਵਾਈ ਕੀਤੀ ਜਾਵਗੀ।
ਇਹ ਵੀ ਪੜ੍ਹੋ: ਸੋਢਲ ਰੋਡ ’ਤੇ ਫਤਿਹ ਗੈਂਗ ਦੇ ਮੈਂਬਰਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ
ਦੁਕਾਨਦਾਰਾਂ ਕੋਲ ਰੇਤ ਜਾਂ ਬਜਰੀ ਦੇ ਡੰਪ ਦਾ ਰਿਕਾਰਡ ਹੋਣਾ ਜ਼ਰੂਰੀ
ਸੰਦੀਪ ਹੰਸ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਅਨੁਸਾਰ ਮਿੱਟੀ ਦੀ ਵਰਤੋਂ ਆਪਣੀ ਜ਼ਰੂਰਤ ਲਈ ਆਪਣੀ ਜ਼ਮੀਨ ’ਚੋਂ ਤਿੰਨ ਫੁੱਟ ਦੀ ਡੂੰਘਾਈ ਤੱਕ ਕੀਤੀ ਜਾ ਸਕਦੀ ਹੈ ਪਰ ਇਸ ਸਬੰਧੀ ਮਾਈਨਿੰਗ ਮਹਿਕਮੇ ਨੂੰ ਸੂਚਿਤ ਕਰਨਾ ਜ਼ਰੂਰੀ ਹੋਵੇਗਾ। ਚੈਕਿੰਗ ਦੌਰਾਨ ਕੋਈ ਵੀ ਟਿੱਪਰ/ਟਰਾਲੀ ਬਿੱਲ ਤੋਂ ਬਿਨ੍ਹਾਂ ਪਾਈ ਜਾਂਦੀ ਹੈ ਤਾਂ ਉਸ ਖ਼ਿਲਾਫ਼ ਵੀ ਗੈਰ ਕਾਨੂੰਨੀ ਮਾਈਨਿੰਗ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਦੁਕਾਨਦਾਰ ਰੇਤ/ਬਜਰੀ ਦੇ ਡੰਪ ਦਾ ਕੰਮ ਕਰਦਾ ਹੈ, ਤਾਂ ਉਸ ਦਾ ਰਸੀਟ ਅਤੇ ਰਵਾਨਗੀ ਰਜਿਸਟਰ ਮੇਨਟੇਨ ਹੋਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ਵਾਲਿਆਂ ’ਤੇ ਵੀ ਗੈਰ ਕਾਨੂੰਨੀ ਮਾਈਨਿੰਗ ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਭੱਠਾ ਮਾਲਕ ਲਾਇਸੈਂਸ ਫ਼ੀਸ ਅਦਾ ਨਹੀਂ ਕਰਦਾ ਤਾਂ ਇਹ ਗੈਰਕਾਨੂੰਨੀ ਹੋਵੇਗਾ
ਉਨ੍ਹਾਂ ਦੱਸਿਆ ਕਿ ਮਾਈਨਿੰਗ ਪਾਲਿਸੀ ਮੁਤਾਬਕ ਜ਼ਿਲ੍ਹੇ ’ਚ ਕਰੀਬ 122 ਭੱਠੇ ਚੱਲ ਰਹੇ ਹਨ, ਜਿਨ੍ਹਾਂ ਦੇ ਮਾਲਕਾਂ ਪਾਸੋਂ ਮਾਈਨਿੰਗ ਮਹਿਕਮੇ ਵੱਲੋਂ 60 ਹਜ਼ਾਰ ਰੁਪਏ ਲਾਇਸੈਂਸ ਫ਼ੀਸ ਵਸੂਲ ਕੀਤੀ ਜਾਂਦੀ ਹੈ। ਜਿਸ ਤਹਿਤ ਭੱਠੇ ਦਾ ਮਾਲਕ ਕਿਸੇ ਵੀ ਜ਼ਮੀਨ ਮਾਲਕ ਤੋਂ ਇਕਰਾਰਨਾਮਾ ਕਰਕੇ 2 ਏਕੜ ਜ਼ਮੀਨ ਤੋਂ ਤਿੰਨ ਫੁੱਟ ਦੀ ਡੂੰਘਾਈ ਤੱਕ ਆਰਜ਼ੀ ਮਿੱਟੀ ਚੁੱਕ ਸਕਦਾ ਹੈ। ਜੇਕਰ ਭੱਠੇ ਦਾ ਮਾਲਕ ਲਾਇਸੈਂਸ ਫ਼ੀਸ ਨਹੀਂ ਭਰਦਾ ਤਾਂ ਉਸ ਨੂੰ ਵੀ ਗੈਰ ਕਾਨੂੰਨੀ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼
ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਕਰਨ ਦੀਆਂ ਹਦਾਇਤਾਂ
ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਜ਼ਿਲਾ ਪੁਲਿਸ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਸ ਨਾਜਾਇਜ਼ ਕੰਮ ’ਚ ਲਿਪਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਮਾਈਨਿੰਗ ਦੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਪੁਲਸ ਨਾਲ ਇਸ ਨੂੰ ਸਾਂਝਾ ਕਰ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵਗੀ। ਇਸ ਤੋਂ ਪਹਿਲਾਂ ਸਮੂਹ ਐੱਸ. ਡੀ. ਐੱਮਜ਼, ਡੀ. ਐੱਸ. ਪੀਜ਼ ਅਤੇ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੇ ਹਦਾਇਤ ਕਰਦਿਆਂ ਕਿਹਾ ਕਿ ਆਪਸੀ ਤਾਲਮੇਲ ਕਰ ਕੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਲਗਾਤਾਰ ਚੈਕਿੰਗ ਕੀਤੀ ਜਾਵੇ।
24 ਘੰਟੇ ਆਪਣੇ ਮੋਬਾਇਲ ਚਾਲੂ ਰੱਖੋ : ਮਾਈਨਿੰਗ ਅਧਿਕਾਰੀ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਫ਼ੀ ਗੰਭੀਰ ਹੈ, ਇਸ ਲਈ ਸਬੰਧਤ ਜ਼ਿਲ੍ਹਾ ਅਧਿਕਾਰੀ ਪੂਰੇ ਚੌਕੰਨੇ ਹੋ ਕੇ ਇਸ ਸਬੰਧੀ ਜ਼ਮੀਨੀ ਪੱਧਰ ’ਤੇ ਕਾਰਵਾਈ ਅਮਲ ’ਚ ਲਿਆਉਣ। ਉਨ੍ਹਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਲਹਿਜੇ ’ਚ ਕਿਹਾ ਕਿ ਉਨ੍ਹਾਂ ਦੇ ਮੋਬਾਇਲ ਫੋਨ 24 ਘੰਟੇ ਚਾਲੂ ਰਹਿਣੇ ਚਾਹੀਦੇ ਹਨ। ਮਾਈਨਿੰਗ ਅਧਿਕਾਰੀ ਜ਼ਿਲ੍ਹਾ ਪੁਲਸ ਨਾਲ ਤਾਲਮੇਲ ਕਰਕੇ ਵਿਸ਼ੇਸ਼ ਨਿਗਰਾਨੀ ਰੱਖਣ। ਜੇਕਰ ਕੋਈ ਨਾਜਾਇਜ਼ ਮਾਈਨਿੰਗ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਬਿਨ੍ਹਾਂ ਦੇਰੀ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੋਢਲ ਰੋਡ ’ਤੇ ਫਤਿਹ ਗੈਂਗ ਦੇ ਮੈਂਬਰਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ
NEXT STORY