ਜਲੰਧਰ (ਸੁਧੀਰ)— ਕਸ਼ਮੀਰ 'ਚ ਧਾਰਾ 370 ਹਟਾਉਣ ਕਾਰਨ ਅਤੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦਿਹਾਤੀ ਪੁਲਸ ਨੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ। ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਆਜ਼ਾਦੀ ਦਿਹਾੜਾ ਆਉਣ 'ਤੇ ਪੁਲਸ ਨੇ ਦਿਹਾਤੀ ਖੇਤਰਾਂ 'ਚ ਰਾਤ ਨੂੰ ਚੌਕਸੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਉਹ ਦੇਰ ਰਾਤ ਖੁਦ ਫੀਲਡ 'ਚ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਐੱਸ. ਪੀ. ਤੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਪੁਲਸ ਪਾਰਟੀਆਂ ਸਮੇਤ ਰਾਤ ਨੂੰ ਦਿਹਾਤੀ ਖੇਤਰਾਂ 'ਚ ਵਿਸ਼ੇਸ਼ ਨਾਕਾਬੰਦੀ ਕਰਨ ਅਤੇ ਸ਼ੱਕੀ ਲੋਕਾਂ 'ਤੇ ਨਕੇਲ ਕੱਸਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਐੱਸ. ਐੱਸ. ਪੀ ਮਾਹਲ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿਹਾਤੀ ਪੁਲਸ ਵਲੋਂ ਪਿੰਡਾਂ ਤੇ ਹੋਰ ਥਾਵਾਂ 'ਤੇ ਪੁਲਸ-ਪਬਲਿਕ ਮੀਟ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦਿਹਾਤੀ ਖੇਤਰਾਂ 'ਚ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਦੀ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਨਾਲ ਹੀ ਕਿਹਾ ਕਿ ਕਿਸੇ ਵੀ ਸ਼ੱਕੀ ਵਸਤੂ ਜਾਂ ਲਾਵਾਰਸ ਚੀਜ਼ ਦੀ ਸੂਚਨਾ ਲੋਕ ਪੁਲਸ ਕੰਟਰੋਲ ਰੂਮ 'ਚ ਦੇਣ।
ਕਸ਼ਮੀਰੀ ਵਿਦਿਆਰਥੀਆਂ ਨਾਲ ਕੀਤੀ ਮੀਟਿੰਗ, ਸੁਰੱਖਿਆ ਦਾ ਦਿੱਤਾ ਭਰੋਸਾ
ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਤੇ ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਪਠਾਨਕੋਟ ਰੋਡ 'ਤੇ ਸਥਿਤ ਡੀ. ਏ. ਵੀ. ਯੂਨੀਵਰਸਿਟੀ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਪੜ੍ਹ ਰਹੇ ਕੁਝ ਕਸ਼ਮੀਰੀ ਵਿਦਿਆਰਥੀਆਂ ਅਤੇ ਸਟਾਫ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ।
ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਦਿਹਾਤੀ ਪੁਲਸ ਹੋਰ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕਰੇਗੀ। ਵਰਣਨਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਕਸ਼ਮੀਰ 'ਚ ਧਾਰਾ 370 ਹਟਾਉਣ ਕਾਰਨ ਪੰਜਾਬ ਦੇ ਸਾਰੇ ਡੀ. ਸੀ. ਤੇ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਪੰਜਾਬ 'ਚ ਪੜ੍ਹ ਰਹੇ 8 ਹਜ਼ਾਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮੁਲਾਕਾਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਿੱਧੂ ਵਾਲੀ ਸਥਿਤੀ 'ਚ ਪਹੁੰਚੀ ਹਰਸਿਮਰਤ, ਭਾਜਪਾ ਤੋਂ ਰੁੱਸੀ (ਵੀਡੀਓ)
NEXT STORY