ਜਲੰਧਰ (ਖੁਰਾਣਾ)-ਜਲੰਧਰ ਸ਼ਹਿਰ ਵਿਚ ਸਾਈਬਰ ਠੱਗੀ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਸ਼ਹਿਰ ਦੇ ਪ੍ਰਸਿੱਧ ਰਬੜ ਕਾਰੋਬਾਰੀ ਦਾ ਮੋਬਾਈਲ ਫ਼ੋਨ ਹੈਕ ਕਰਕੇ ਉਨ੍ਹਾਂ ਦੇ ਨਜ਼ਦੀਕੀਆਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ। ਇਸ ਸਾਈਬਰ ਅਪਰਾਧ ਵਿਚ ਹੈਕਰਾਂ ਨੇ ਭਰੋਸੇ ਦੀ ਦੁਰਵਰਤੋਂ ਕਰਦੇ ਹੋਏ ਯੂ. ਪੀ. ਆਈ. ਰਾਹੀਂ 1 ਲੱਖ 15 ਹਜ਼ਾਰ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਸਿਕਸਰ ਬਾਲਜ਼ ਦੇ ਨਾਂ ਨਾਲ ਦੇਸ਼-ਵਿਦੇਸ਼ ਵਿਚ ਪਛਾਣ ਬਣਾ ਚੁੱਕੀ ਰਬੜ ਸਪੋਰਟਸ ਇੰਡਸਟਰੀ ਗ੍ਰੇਟਵੇਅ ਇੰਡੀਆ ਕਾਰਪੋਰੇਸ਼ਨ ਦੇ ਪਾਰਟਨਰ ਰਾਜੇਸ਼ ਮਹਿੰਦੀਰੱਤਾ ਉਰਫ਼ ਕੁੱਕੂ ਦਾ ਮੋਬਾਇਲ ਫ਼ੋਨ ਅੱਜ ਹੈਕਰਾਂ ਨੇ ਹੈਕ ਕਰ ਲਿਆ। ਫ਼ੋਨ ਹੈਕ ਹੋਣ ਤੋਂ ਬਾਅਦ ਠੱਗਾਂ ਨੇ ਉਨ੍ਹਾਂ ਦੇ ਵ੍ਹਟਸਐਪ ਅਕਾਊਂਟ ਤੋਂ ਸਾਰੇ ਰਿਸ਼ਤੇਦਾਰਾਂ, ਦੋਸਤਾਂ ਅਤੇ ਵਪਾਰਕ ਸੰਪਰਕਾਂ ਨੂੰ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਨਸ਼ੇ ਨੇ ਖਾ ਲਿਆ ਮਾਪਿਆਂ ਦਾ ਜਵਾਨ ਪੁੱਤ, ਧਾਹਾਂ ਮਾਰ ਰੋਂਦੀ ਮਾਂ ਬੋਲੀ, ਕਿੱਥੋਂ ਲੱਭਾਂਗੀ...
ਹੈਕਰਾਂ ਵੱਲੋਂ ਭੇਜੇ ਗਏ ਸੰਦੇਸ਼ਾਂ ਵਿਚ ਵਧੇਰੇ ਲੋਕਾਂ ਤੋਂ ਯੂ. ਪੀ. ਆਈ. ਰਾਹੀਂ 65,000 ਰੁਪਏ ਤੁਰੰਤ ਭੇਜਣ ਦੀ ਮੰਗ ਕੀਤੀ ਗਈ ਅਤੇ ਇਹ ਭਰੋਸਾ ਵੀ ਦਿਵਾਇਆ ਗਿਆ ਕਿ ਰਾਤ ਤੱਕ ਪੂਰੀ ਰਕਮ ਵਾਪਸ ਮੋੜ ਦਿੱਤੀ ਜਾਵੇਗੀ। ਸੰਦੇਸ਼ ਰਾਜੇਸ਼ ਮਹਿੰਦੀਰੱਤਾ ਦੇ ਵ੍ਹਟਸਐਪ ਨੰਬਰ ਤੋਂ ਆਉਣ ਕਾਰਨ ਕਈ ਲੋਕਾਂ ਨੂੰ ਸ਼ੁਰੂਆਤ ਵਿਚ ਕਿਸੇ ਧੋਖਾਧੜੀ ਦਾ ਸ਼ੱਕ ਨਹੀਂ ਹੋਇਆ। ਹਾਲਾਂਕਿ ਵਧੇਰੇ ਨੇੜਲਿਆਂ ਨੇ ਸਥਿਤੀ ਨੂੰ ਭਾਂਪਦੇ ਹੋਏ ਸਾਵਧਾਨੀ ਵਰਤੀ ਅਤੇ ਪੈਸੇ ਨਹੀਂ ਭੇਜੇ ਪਰ ਦੋ ਨਜ਼ਦੀਕੀ ਦੋਸਤ ਠੱਗਾਂ ਦੇ ਜਾਲ ਵਿਚ ਫਸ ਗਏ। ਇਨ੍ਹਾਂ ਵਿਚੋਂ ਇਕ ਰਬੜ ਕਾਰੋਬਾਰੀ ਨੇ ਦੋ ਕਿਸ਼ਤਾਂ ਵਿਚ ਕੁੱਲ੍ਹ 65,000 ਰੁਪਏ, ਜਦਕਿ ਦੂਜੇ ਲੋਹਾ ਕਾਰੋਬਾਰੀ ਨੇ 50,000 ਰੁਪਏ ਯੂ. ਪੀ. ਆਈ. ਰਾਹੀਂ ਉਨ੍ਹਾਂ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੇ, ਜੋ ਸਾਈਬਰ ਠੱਗਾਂ ਵੱਲੋਂ ਦੱਸੇ ਗਏ ਸਨ।
ਕੁਝ ਸਮੇਂ ਬਾਅਦ ਜਦੋਂ ਫ਼ੋਨ ਰਿਕਵਰ ਕੀਤਾ ਗਿਆ ਤਾਂ ਮਹਿੰਦੀਰੱਤਾ ਬ੍ਰਦਰਜ਼ ਨੇ ਤੁਰੰਤ ਸਾਰੇ ਨਜ਼ਦੀਕੀਆਂ ਨੂੰ ਆਪਣੇ ਵੱਲੋਂ ਸਪੱਸ਼ਟ ਸੰਦੇਸ਼ ਭੇਜ ਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਠੱਗੀ ਦਾ ਇਹ ਸਿਲਸਿਲਾ ਰੁਕ ਸਕਿਆ ਅਤੇ ਹੋਰ ਲੋਕ ਸੰਭਾਵੀ ਨੁਕਸਾਨ ਤੋਂ ਬਚ ਗਏ।
ਇਸ ਘਟਨਾ ਨੇ ਇਕ ਵਾਰ ਫਿਰ ਸਾਈਬਰ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਦੇ ਨਾਂ ਤੋਂ ਪੈਸਿਆਂ ਦੀ ਮੰਗ ਆਉਣ ’ਤੇ ਤੁਰੰਤ ਫ਼ੋਨ ਕਾਲ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪੁਸ਼ਟੀ ਜ਼ਰੂਰ ਕਰਨੀ ਚਾਹੀਦੀ ਹੈ। ਉੱਥੇ ਹੀ, ਪੀੜਤ ਧਿਰ ਵੱਲੋਂ ਇਸ ਮਾਮਲੇ ਦੀ ਸੂਚਨਾ ਸਾਈਬਰ ਕ੍ਰਾਈਮ ਸੈੱਲ ਨੂੰ ਦੇਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 'ਆਪ' ਸਰਕਾਰ 'ਤੇ ਵਰ੍ਹੇ ਸੁਖਪਾਲ ਖਹਿਰਾ, ਵਾਤਾਵਰਣ ਨੂੰ ਤਬਾਹ ਕਰਨ ਤੇ ਭੂਮੀ ਮਾਫ਼ੀਆ ਨਾਲ ਮਿਲੀਭੁਗਤ ਦੇ ਲਾਏ ਦੋਸ਼
ਸਾਈਬਰ ਠੱਗੀ ’ਤੇ ਸਮਾਜ ਦੇ ਸੂਝਵਾਨ ਲੋਕਾਂ ਦੀ ਤਿੱਖੀ ਪ੍ਰਤੀਕਿਰਿਆ, ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ
ਸ਼ਹਿਰ ਦੇ ਵੱਕਾਰੀ ਰਬੜ ਕਾਰੋਬਾਰੀ ਦਾ ਫ਼ੋਨ ਹੈਕ ਕਰ ਕੇ ਕੀਤੀ ਗਈ ਸਾਈਬਰ ਠੱਗੀ ਦੀ ਘਟਨਾ ਨੂੰ ਲੈ ਕੇ ਸਮਾਜ ਦੇ ਜ਼ਿੰਮੇਵਾਰ ਨਾਗਰਿਕਾਂ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਇਸ ਸਬੰਧ ਵਿਚ ਅਮਰਜੀਤ ਆਹੂਜਾ, ਜਸਬੀਰ ਸਿੰਘ ਬਿੱਟੂ, ਨਿਤਿਨ ਬਹਿਲ ਅਤੇ ਅਤੁਲ ਚਾਵਲਾ ਨੇ ਇਕ ਸੁਰ ਵਿਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਸਾਈਬਰ ਅਪਰਾਧਾਂ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ।
ਅਮਰਜੀਤ ਆਹੂਜਾ ਨੇ ਕਿਹਾ ਕਿ ਅੱਜ ਸਾਈਬਰ ਅਪਰਾਧ ਤੇਜ਼ੀ ਨਾਲ ਵਧ ਰਹੇ ਹਨ ਅਤੇ ਆਮ ਨਾਗਰਿਕ ਇਨ੍ਹਾਂ ਦੇ ਸ਼ਿਕਾਰ ਬਣ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਬੈਂਕ ਖਾਤਿਆਂ ਵਿਚ ਹਜ਼ਾਰਾਂ ਅਤੇ ਲੱਖਾਂ ਰੁਪਏ ਦੀ ਠੱਗੀ ਨਾਲ ਜੁੜੀ ਟਰਾਂਜੈਕਸ਼ਨ ਹੋਈ ਹੈ, ਉਨ੍ਹਾਂ ਦੀ ਤੁਰੰਤ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਠੱਗਾਂ ਤੱਕ ਜਲਦ ਤੋਂ ਜਲਦ ਪਹੁੰਚਿਆ ਜਾ ਸਕੇ। ਜਸਬੀਰ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਬੈਂਕ ਖਾਤਾ ਆਧਾਰ ਕਾਰਡ ਨਾਲ ਖੁੱਲ੍ਹਦਾ ਹੈ, ਪੈਨ ਕਾਰਡ ਨਾਲ ਲਿੰਕ ਹੁੰਦਾ ਹੈ ਅਤੇ ਉਸ ਵਿਚ ਮੋਬਾਈਲ ਨੰਬਰ ਵੀ ਦਰਜ ਹੁੰਦਾ ਹੈ। ਅਜਿਹੇ ਵਿਚ ਠੱਗਾਂ ਤੱਕ ਪਹੁੰਚਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ, ਬਸ ਲੋੜ ਹੈ ਪ੍ਰਸ਼ਾਸਨਿਕ ਇੱਛਾ-ਸ਼ਕਤੀ ਅਤੇ ਤੇਜ਼ ਕਾਰਵਾਈ ਦੀ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਅਜਿਹੇ ਖਾਤਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਵੇ ਤਾਂ ਵੱਡੇ ਸਾਈਬਰ ਗਿਰੋਹਾਂ ਦਾ ਵੀ ਪਰਦਾਫਾਸ਼ ਹੋ ਸਕਦਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਵੱਡੀ ਖ਼ਬਰ! ਲੋਹੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਘਰ 'ਚ ਅੱਗ ਲੱਗਣ ਕਾਰਨ ਪਿਓ-ਧੀ ਦੀ ਮੌਤ
ਜਿਮਖਾਨਾ ਕਲੱਬ ਦੇ ਐਗਜ਼ੀਕਿਊਟਿਵ ਮੈਂਬਰ ਨਿਤਿਨ ਬਹਿਲ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਈਬਰ ਠੱਗੀ ਦੇ ਮਾਮਲਿਆਂ ਵਿਚ ਬੈਂਕਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ। ਜਿਹੜੇ ਖਾਤਿਆਂ ਵਿਚ ਸ਼ੱਕੀ ਅਤੇ ਵਾਰ-ਵਾਰ ਵੱਡੀ ਰਾਸ਼ੀ ਦੀ ਟਰਾਂਜੈਕਸ਼ਨ ਹੁੰਦੀ ਹੈ, ਉਨ੍ਹਾਂ ਨੂੰ ਤੁਰੰਤ ਫ੍ਰੀਜ਼ ਕਰ ਕੇ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇ। ਇਸ ਨਾਲ ਨਾ ਸਿਰਫ਼ ਠੱਗੀ ਨੂੰ ਠੱਲ੍ਹ ਪਵੇਗੀ, ਸਗੋਂ ਆਮ ਲੋਕਾਂ ਦਾ ਡਿਜੀਟਲ ਲੈਣ-ਦੇਣ ’ਤੇ ਭਰੋਸਾ ਵੀ ਬਣਿਆ ਰਹੇਗਾ। ਉੱਥੇ ਹੀ, ਗਾਰਮੈਂਟ ਕਾਰੋਬਾਰੀ ਅਤੁਲ ਚਾਵਲਾ ਨੇ ਆਮ ਜਨਤਾ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਨਾਂ ਤੋਂ ਜੇਕਰ ਵ੍ਹਟਸਐਪ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪੈਸਿਆਂ ਦੀ ਮੰਗ ਕੀਤੀ ਜਾਵੇ ਤਾਂ ਬਿਨਾਂ ਪੁਸ਼ਟੀ ਕੀਤੇ ਇਕ ਵੀ ਰੁਪਿਆ ਟਰਾਂਸਫਰ ਨਾ ਕਰੋ। ਪਹਿਲਾਂ ਫ਼ੋਨ ’ਤੇ ਗੱਲ ਕਰੋ, ਪੂਰੀ ਤਹਿਕੀਕਾਤ ਕਰੋ ਅਤੇ ਉਸ ਤੋਂ ਬਾਅਦ ਹੀ ਕੋਈ ਆਰਥਿਕ ਲੈਣ-ਦੇਣ ਕਰੋ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਵੱਡੇ ਅਫ਼ਸਰ ਦਾ ਹੋਇਆ ਤਬਾਦਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਹਿਰ ਓ ਰੱਬਾ! ਨਸ਼ੇ ਨੇ ਖਾ ਲਿਆ ਮਾਪਿਆਂ ਦਾ ਜਵਾਨ ਪੁੱਤ, ਧਾਹਾਂ ਮਾਰ ਰੋਂਦੀ ਮਾਂ ਬੋਲੀ, ਕਿੱਥੋਂ ਲੱਭਾਂਗੀ...
NEXT STORY