ਜਲੰਧਰ (ਵਰੁਣ)— ਸਾਲ ਦੇ ਆਖਰੀ ਦਿਨ ਜਲੰਧਰ ਕਮਿਸ਼ਨਰੇਟ ਪੁਲਸ ਨੇ ਸਾਲ ਭਰ ਦੀ ਕਾਰਗੁਜ਼ਾਰੀ ਦੇ ਅੰਕੜੇ ਮੀਡੀਆ 'ਚ ਸ਼ੇਅਰ ਕੀਤੇ। ਅੰਕੜਿਆਂ ਦੇ ਹਿਸਾਬ ਨਾਲ ਜਲੰਧਰ ਪੁਲਸ ਨੇ 2019 'ਚ ਬਹਿਤਰੀਨ ਟੀਮ ਵਰਕ ਕਾਰਨ ਨਸ਼ਾ ਸਮੱਗਲਰਾਂ 'ਤੇ ਸ਼ਿਕੰਜਾ ਕੱਸਿਆ, ਉਥੇ ਹੀ ਫਿਰੋਜ਼ਪੁਰ 'ਚ ਛਾਪੇਮਾਰੀ ਕਰਕੇ ਉਥੋਂ ਦੀ ਪੁਲਸ ਦੇ ਨੱਕ ਹੇਠਾਂ ਪਾਕਿਸਤਾਨ ਤੋਂ ਚੱਲਣ ਵਾਲੇ ਹੈਰੋਇਨ ਰੈਕੇਟ ਦੇ ਕਿੰਗਪਿਨ ਉਜਾਗਰ ਸਿੰਘ ਅਤੇ ਉਸ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ। ਜਲੰਧਰ ਕਮਿਸ਼ਨਰੇਟ ਪੁਲਸ ਨੇ ਗੈਂਗਸਟਰਾਂ, ਚੋਰਾਂ ਅਤੇ ਲੁਟੇਰਿਆਂ 'ਤੇ ਵੀ ਖੂਬ ਡੰਡਾ ਚਲਾਇਆ। 2018 ਦੇ ਮੁਕਾਬਲੇ 'ਚ 2019 'ਚ ਸਨੈਚਿੰਗ ਦੀਆਂ ਵਾਰਦਾਤਾਂ 63 ਫੀਸਦੀ ਘੱਟ ਰਹੀਆਂ। 2018 'ਚ ਜਿੱਥੇ ਸਨੈਚਿੰਗ ਦੀਆਂ 312 ਵਾਰਦਾਤਾਂ ਹੋਈਆਂ, ਉਥੇ ਹੀ 2019 'ਚ 118 ਵਾਰਦਾਤਾਂ ਹੀ ਹੋਈਆਂ। 118 ਸਨੈਚਿੰਗ ਦੀਆਂ ਵਾਰਦਾਤਾਂ 'ਚ ਕਮਿਸ਼ਨੇਟ ਪੁਲਸ ਨੇ 142 ਸਨੈਚਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 16.28 ਲੱਖ ਰੁਪਏ ਲੁੱਟ ਦੀ ਰਾਸ਼ੀ ਵੀ ਜ਼ਬਤ ਕੀਤੀ। ਜੈਕੀ ਗੈਂਗ ਦੇ ਤਿੰਨ ਬਦਮਾਸ਼ ਪਰਮਜੀਤ ਉਰਫ ਬਾਬਾ, ਪਰਮਜੀਤ ਉਰਫ ਪੰਮਾ ਅਤੇ ਕੁਲਵਿੰਦਰ ਸਿੰਘ ਉਰਫ ਕਾਕਾ ਨੂੰ ਗ੍ਰਿਫਤਾਰ ਕਰ ਕੇ ਸ਼ਹਿਰ 'ਚ ਅਮਨ-ਸ਼ਾਂਤੀ ਦਾ ਮਾਹੌਲ ਬਰਕਰਾਰ ਰੱਖਿਆ ਗਿਆ।
ਕਮਿਸ਼ਨਰੇਟ ਪੁਲਸ ਦੇ ਸਾਰੇ ਥਾਣਿਆਂ ਨੇ ਮਿਲ ਕੇ ਕੁਲ 693 ਭਗੌੜੇ ਗ੍ਰਿਫਤਾਰ ਕਰਕੇ ਜੇਲ ਭੇਜੇ। ਨਸ਼ਾ ਸਮੱਗਲਿੰਗ ਦੇ 247 ਕੇਸ ਦਰਜ ਕਰਕੇ 321 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਤੋਂ 9.5 ਕਿਲੋ ਹੈਰੋਇਨ, 24 ਕਿਲੋ ਅਫੀਮ, 825 ਗ੍ਰਾਮ ਨਸ਼ੇ ਵਾਲਾ ਪਾਊਡਰ, 619 ਕਿਲੋ ਚੂਰਾ-ਪੋਸਤ, 150 ਗ੍ਰਾਮ ਸਮੈਕ, 17 ਕਿਲੋ ਗਾਂਜਾ, ਇਕ ਕਿਲੋ ਚਰਸ, 9337 ਕੈਪਸੂਲ, 15882 ਨਸ਼ੇ ਵਾਲੇ ਇੰਜੈਕਸ਼ਨ ਬਰਾਮਦ ਕਰ ਕੇ ਸਮੱਗਲਰਾਂ ਦੀ 1.11 ਕਰੋੜ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ।
ਸ਼ਰਾਬ ਸਮੱਗਲਰਾਂ 'ਤੇ ਸ਼ਿਕੰਜਾ ਕੱਸਦੇ ਹੋਏ ਕਮਿਸ਼ਨਰੇਟ ਪੁਲਸ ਨੇ ਸ਼ਰਾਬ ਸਮੱਗਲਿੰਗ ਦੇ 408 ਕੇਸ ਦਰਜ ਕਰਕੇ 476930 ਮਿਲੀਲਿਟਰ ਨਾਜਾਇਜ਼ ਸ਼ਰਾਬ, 1806900 ਮਿਲੀਲਿਟਰ ਸ਼ਰਾਬ, 55677090 ਮਿਲੀਲਿਟਰ ਅੰਗਰੇਜ਼ੀ ਸ਼ਰਾਬ, 29 ਕਿਲੋਗ੍ਰਾਮ ਲਾਹਣ ਜ਼ਬਤ ਕੀਤੀ। ਜੂਏ ਦੇ 159 ਕੇਸ ਦਰਜ ਕਰਕੇ 318 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 45.89 ਲੱਖ ਰੁਪਏ ਬਰਾਮਦ ਕੀਤੇ। ਆਰਮਸ ਐਕਟ ਦੇ 20 ਕੇਸ ਦਰਜ ਕਰਕੇ 16 ਪਿਸਟਲ, 3 ਰਿਵਾਲਵਰ, ਪੰਜ ਦੇਸੀ ਕੱਟੇ, ਤਿੰਨ ਮੈਗਜ਼ੀਨ ਅਤੇ 280 ਕਾਰਤੂਸ ਬਰਾਮਦ ਕੀਤੇ। ਆਈ. ਪੀ. ਸੀ. ਦੀ ਧਾਰਾ 411 ਤਹਿਤ ਲੁੱਟ-ਖੋਹ ਦੇ 52 ਲੱਖ ਅਤੇ 18.15 ਲੱਖ ਅਤੇ ਚੋਰੀ ਦੇ ਮਾਮਲਿਆਂ 'ਚ 91.71 ਲੱਖ ਵਸੂਲੇ ਗਏ।
ਸਾਰੇ ਥਾਣਿਆਂ ਦੇ ਮੁਕਾਬਲੇ ਅੱਗੇ ਰਹੀ ਸੀ. ਆਈ. ਏ. ਸਟਾਫ-1 ਦੀ ਟੀਮ
ਜਲੰਧਰ ਕਮਿਸ਼ਨਰੇਟ ਪੁਲਸ ਦਾ ਸੀ. ਆਈ. ਏ. ਸਟਾਫ-1 ਸਾਰੇ ਥਾਣਿਆਂ ਨਾਲੋਂ ਅੱਗੇ ਰਿਹਾ। ਹਾਲਾਂਕਿ ਬਾਕੀ ਥਾਣਿਆਂ ਨੇ ਕਾਫ਼ੀ ਮਿਹਨਤ ਨਾਲ ਮੁਲਜ਼ਮਾਂ 'ਤੇ ਸ਼ਿਕੰਜਾ ਕੱਸਿਆ ਪਰ 2019 'ਚ ਇਕੱਲੇ ਸੀ. ਆਈ. ਏ. ਸਟਾਫ-1 ਨੇ ਐੱਨ. ਡੀ. ਪੀ. ਐੱਸ. ਐਕਟ ਦੇ 36 ਕੇਸ ਦਰਜ ਕਰ ਕੇ 55 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਤੋਂ 7 ਕਿਲੋ 544 ਗ੍ਰਾਮ ਹੈਰੋਇਨ, 24 ਕਿਲੋ ਅਫੀਮ, 520 ਗਰਾਮ ਨਸ਼ੇ ਵਾਲਾ ਪਾਊਡਰ, 5880 ਨਸ਼ੇ ਵਾਲੀਆਂ ਗੋਲੀਆਂ, 432 ਨਸ਼ੇ ਵਾਲੇ ਕੈਪਸੂਲ, ਇਕ ਕਿਲੋ ਚਰਸ, 5 ਕੁਇੰਟਲ 44 ਕਿਲੋ ਚੂਰਾ ਪੋਸਤ, 15 ਲੱਖ 26 ਹਜ਼ਾਰ ਡਰਗ ਮਨੀ ਬਰਾਮਦ ਕੀਤੀ। ਐੱਨ. ਡੀ. ਪੀ. ਐੱਸ. ਐਕਟ 'ਚ ਕੁਲ 16 ਵ੍ਹੀਕਲ ਵੀ ਜ਼ਬਤ ਕੀਤੇ ਗਏ। ਐਕਸਾਈਜ਼ ਐਕਟ ਦੇ 37 ਕੇਸ ਦਰਜ ਕਰ ਕੇ 53 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਤੋਂ 1039 ਪੇਟੀਆਂ ਅਤੇ ਚਾਰ ਬੋਤਲਾਂ ਸ਼ਰਾਬ, 150 ਪਉੂਏ ਅਤੇ 15 ਹਜ਼ਾਰ ਰੁਪਏ ਕੈਸ਼ ਬਰਾਮਦ ਕਰ ਕੇ 18 ਵ੍ਹੀਕਲ ਜ਼ਬਤ ਕੀਤੇ ਗਏ। ਆਰਮਸ ਐਕਟ 'ਚ 5 ਕੇਸ ਦਰਜ ਕਰ ਕੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਤੋਂ 15 ਵੱਖ-ਵੱਖ ਵੈਪਨ ਅਤੇ 161 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਸੀ. ਆਈ. ਏ. ਨੇ ਜੂਆ ਐਕਟ 'ਚ 18 ਕੇਸ ਦਰਜ 32 ਮੁਲਜ਼ਮ ਗ੍ਰਿਫਤਾਰ ਕੀਤੇ ਜਿਨ੍ਹਾਂ ਤੋਂ 4 ਲੱਖ 5 ਹਜ਼ਾਰ 520 ਕੈਸ਼ ਬਰਾਮਦ ਕੀਤਾ।
ਸ਼ਹਿਰ ਦੀ ਸਭ ਤੋਂ ਵੱਡੀ ਲੁੱਟ ਨੂੰ ਟਰੇਸ ਕਰ ਕੇ ਸਾਰੀ ਰਕਮ ਵੀ ਕੀਤੀ ਬਰਾਮਦ
ਸੀ. ਆਈ. ਏ. ਸਟਾਫ-1 ਨੇ 2019 'ਚ ਸ਼ਹਿਰ ਦੀ ਸਭ ਤੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਟ੍ਰੇਸ ਕਰਕੇ ਸਾਰੀ ਰਕਮ ਵੀ ਬਰਾਮਦ ਕੀਤੀ। ਇਹ ਲੁੱਟ 48 ਲੱਖ ਰੁਪਏ ਦੀ ਸੀ, ਜੋ ਇਕ ਐੱਨ. ਆਰ. ਆਈ. ਦੇ ਰਿਸ਼ਤੇਦਾਰ ਤੋਂ ਲੁੱਟੇ ਗਏ ਸਨ। ਸੀ. ਆਈ. ਏ. ਸਟਾਫ ਨੇ ਇਸ ਕੇਸ 'ਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੂਰੇ 48 ਲੱਖ ਰੁਪਏ ਬਰਾਮਦ ਕੀਤੇ। ਇਸ ਤੋਂ ਇਲਾਵਾ ਚਾਰ ਹੋਰ ਲੁੱਟ ਦੇ ਕੇਸ ਟ੍ਰੇਸ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 55 ਹਜ਼ਾਰ ਰੁਪਏ ਬਰਾਮਦ ਕੀਤੇ। ਸੀ. ਆਈ. ਏ. ਨੇ ਹੱਤਿਆ ਦੇ 2 ਕੇਸ ਟ੍ਰੇਸ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਹੱਤਿਆ ਦੀ ਕੋਸ਼ਿਸ਼ ਦੇ 2 ਕੇਸ ਟ੍ਰੇਸ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਜ਼ਬਰਦਸਤੀ ਵਸੂਲੀ ਦੇ ਕੇਸ 'ਚ ਸੀ. ਆਈ. ਏ. ਨੇ 4 ਲੋਕਾਂ ਨੂੰ ਗ੍ਰਿਫਤਾਰ ਕਰਕੇ 50 ਹਜ਼ਾਰ ਰੁਪਏ ਅਤੇ ਹੋਰ ਸਾਮਾਨ ਬਰਾਮਦ ਕੀਤਾ।
ਸਨੈਚਿੰਗ ਦੇ 28 ਕੇਸ ਦਰਜ ਕਰਕੇ 15 ਸਨੈਚਰਾਂ ਨੂੰ ਗ੍ਰਿਫਤਾਰ ਕਰਕੇ ਸੋਨੇ ਦੇ ਗਹਿਣੇ, ਇਕ ਲੱਖ 15 ਹਜ਼ਾਰ ਰੁਪਏ, 18 ਵ੍ਹੀਕਲ ਅਤੇ 15 ਲੁੱਟ ਦੇ ਮੋਬਾਇਲ ਬਰਾਮਦ ਕੀਤੇ। ਚੋਰੀ ਦੀਆਂ 6 ਵਾਰਦਾਤਾਂ ਨੂੰ ਟ੍ਰੇਸ ਕਰ ਕੇ ਸੀ. ਆਈ. ਏ. ਨੇ 8 ਚੋਰਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ। ਸੀ. ਆਈ. ਏ. ਨੇ ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਗੱਡੀਆਂ ਚੋਰੀ ਕਰ ਕੇ ਜੇ. ਐਂਡ ਕੇ. 'ਚ ਵੇਚਣ ਵਾਲੇ ਅੰਤਰਰਾਸ਼ਟਰੀ ਚੋਰ ਗਿਰੋਹ ਨੂੰ ਵੀ ਗ੍ਰਿਫਤਾਰ ਕੀਤਾ।
ਇਸ ਤੋਂ ਇਲਾਵਾ ਧੋਖਾਦੇਹੀ ਦੇ 2 ਕੇਸਾਂ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 4 ਭਗੌੜੇ ਵੀ ਫੜੇ। ਇਸ ਤੋਂ ਇਲਾਵਾ ਪੈਟਰੋਲ ਪੰਪ ਲੁੱਟਣ ਵਾਲੇ ਗਿਰੋਹ ਨੂੰ ਫੜਿਆ ਗਿਆ, ਪ੍ਰਿੰਸ ਬਾਬਾ ਨਾਂ ਦੇ ਬਦਮਾਸ਼ ਨੂੰ ਗ੍ਰਿਫਤਾਰ ਕਰਕੇ ਕੁਲ 8 ਕੇਸ ਵੀ ਟ੍ਰੇਸ ਕੀਤੇ ਗਏ, ਜਦਕਿ ਹਵਾਈ ਫਾਇਰ ਕਰਨ ਦੇ 2 ਕੇਸਾਂ ਨੂੰ ਟ੍ਰੇਸ ਕਰਨ 'ਚ ਸੀ. ਆਈ. ਏ. ਸਟਾਫ ਦੀ ਮੁੱਖ ਭੂਮਿਕਾ ਰਹੀ। ਕੁਲ ਮਿਲਾ ਕੇ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ 2019 'ਚ ਜ਼ਬਰਦਸਤ ਪਰਫਾਰਮੈਂਸ ਦਿੱਤੀ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅਪਰਾਧ ਨੂੰ ਰੋਕਣ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਵਿਸ਼ੇਸ਼ ਧਿਆਨ ਦਿੱਤਾ ਗਿਆ। ਪੀ. ਸੀ. ਆਰ. ਟੀਮਾਂ ਨੂੰ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਹਦਾਇਤਾਂ ਦਿੱਤੀਆਂ ਸੀ। ਪੀ. ਸੀ. ਆਰ. ਨੂੰ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚਣ ਅਤੇ ਥਾਣੇ 'ਚ ਰਿਪੋਰਟ ਦੇਣ ਨੂੰ ਕਿਹਾ ਗਿਆ ਸੀ, ਜਿਸ 'ਚ ਸਫਲਤਾ ਵੀ ਮਿਲੀ। ਪੁਲਸ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਨਿਭਾਈ ਅਤੇ ਸ਼ਹਿਰ ਦੀ ਸੁਰੱਖਿਆ ਲਈ ਪੂਰੀ ਚੌਕਸੀ ਵੀ ਵਰਤੀ ਗਈ। 2020 'ਚ ਵੀ ਕਮਿਸ਼ਨਰੇਟ ਪੁਲਸ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਲਈ ਹਰ ਇਕ ਸੰਭਵ ਕੋਸ਼ਿਸ਼ ਕਰੇਗੀ।
ਜ਼ਿਲਾ ਪੁਲਸ ਮੁੱਖ ਦਫਤਰ 'ਚ ਕੇਕ ਕੱਟ ਕੇ ਕੀਤਾ ਨਵੇਂ ਸਾਲ ਦਾ ਸਵਾਗਤ
NEXT STORY