ਜਲੰਧਰ (ਖੁਰਾਣਾ)-ਨਗਰ ਨਿਗਮਾਂ ਨੂੰ ਸੰਚਾਲਿਤ ਕਰਨ ਵਾਲੇ ਮਿਊਂਸੀਪਲ ਐਕਟ 1976 ਵਿਚ ਇਹ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਕੌਂਸਲਰ ਹਾਊਸ ਦੀ ਮੀਟਿੰਗ ਮਹੀਨੇ ਵਿਚ ਇਕ ਵਾਰ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਹ ਨਿਯਮ ਜਲੰਧਰ ਨਗਰ ਨਿਗਮ ਵਿਚ ਹੁਣ ਤਕ ਲਾਗੂ ਹੁੰਦਾ ਵਿਖਾਈ ਨਹੀਂ ਦੇ ਰਿਹਾ। ਇਸੇ ਕਾਰਨ ਲਗਭਗ 8 ਮਹੀਨਿਆਂ ਬਾਅਦ ਹੁਣ ਕੌਂਸਲਰ ਹਾਊਸ ਦੀ ਮੀਟਿੰਗ 18 ਨਵੰਬਰ ਨੂੰ ਹੋਣ ਜਾ ਰਹੀ ਹੈ। ਮੇਅਰ ਵਿਨੀਤ ਧੀਰ ਦੀ ਪ੍ਰਧਾਨਗੀ ਵਿਚ ਮੀਟਿੰਗ ਦੁਪਹਿਰ 3 ਵਜੇ ਰੈੱਡ ਕਰਾਸ ਭਵਨ ਵਿਚ ਹੋਵੇਗੀ। ਨਗਰ ਨਿਗਮ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਜਦੋਂ 400 ਕਰੋੜ ਤੋਂ ਵੱਧ ਦਾ ਏਜੰਡਾ ਕੌਂਸਲਰ ਹਾਊਸ ਵਿਚ ਪੇਸ਼ ਹੋਣ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਕੌਂਸਲਰ ਸਾਰੇ ਪ੍ਰਸਤਾਵਾਂ ’ਤੇ ਵਿਸਥਾਰ ਨਾਲ ਚਰਚਾ ਕਰਦੇ ਹਨ, ਤਾਂ ਇਹ ਮੀਟਿੰਗ ਕਾਫ਼ੀ ਲੰਬੀ ਚੱਲ ਸਕਦੀ ਹੈ। ਵਰਣਨਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿਚ ਹੁਣ ਤਕ ਸਿਰਫ਼ ਇਕ ਮੀਟਿੰਗ ਇਸ ਸਾਲ 20 ਮਾਰਚ ਨੂੰ ਹੋਈ ਸੀ, ਜੋ ਬਿਨਾਂ ਚਰਚਾ ਦੇ ਰੌਲੇ-ਰੱਪੇ ਵਿਚ ਸਮਾਪਤ ਹੋ ਗਈ ਸੀ। ਇਸ ਵਾਰ ਵੀ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਪ੍ਰਸਤਾਵਾਂ ’ਤੇ ਰਣਨੀਤੀ ਬਣਾਉਣ ਲਈ ਬਹੁਤ ਘੱਟ ਸਮਾਂ ਮਿਲਿਆ ਹੈ, ਜਿਸ ਕਾਰਨ 18 ਨਵੰਬਰ ਦੀ ਮੀਟਿੰਗ ਵਿਚ ਹੰਗਾਮੇ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ 'ਚ ਮਚੀ ਹਫ਼ੜਾ-ਦਫ਼ੜੀ, ਮੰਜ਼ਰ ਵੇਖ ਉੱਡੇ ਹੋਸ਼
ਕੌਂਸਲਰ ਹਾਊਸ ਦੀ ਮੀਟਿੰਗ ਵਿਚ ਸ਼ਾਮਲ ਮੁੱਖ ਪ੍ਰਸਤਾਵ
-ਸ਼ਹਿਰ ਵਿਚ 143 ਕਰੋੜ ਦੀ ਲਾਗਤ ਨਾਲ ਸਾਲਿਡ ਵੇਸਟ ਮੈਨੇਜਮੈਂਟ ਦਾ ਕੰਮ ਕੀਤਾ ਜਾਵੇਗਾ। ਪ੍ਰਸਤਾਵ ਵਿਚ ਕੰਪਨੀ ਅਤੇ ਨਿਗਮ ਵਿਚਕਾਰ ਵੰਡੇ ਗਏ ਕੰਮ ਦਾ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਰਿਆਣਾ ਡੰਪ ’ਤੇ ਪਏ 11 ਲੱਖ ਟਨ ਕੂੜੇ ਦੇ ਬਾਇਓ-ਰੀਮੈਡੀਏਸ਼ਨ ਲਈ 42 ਕਰੋੜ ਰੁਪਏ ਦਾ ਟੈਂਡਰ ਜਾਰੀ ਕਰਨ ਦਾ ਪ੍ਰਸਤਾਵ ਵੀ ਮੀਟਿੰਗ ਵਿਚ ਪੇਸ਼ ਹੋਵੇਗਾ।
-ਅਰਬਨ ਪਲਾਨਿੰਗ ਤਹਿਤ ਸਪੈਸ਼ਲ ਅਸਿਸਟੈਂਸ ਟੂ ਸਟੇਟਸ ਫਾਰ ਕੈਪੀਟਲ ਇਨਵੈਸਟਮੈਂਟ ਦੀ ਗ੍ਰਾਂਟ ਨਾਲ ਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਲਈ 60 ਕਰੋੜ ਰੁਪਏ ਤੋਂ ਵੱਧ ਦੇ ਐਸਟੀਮੇਟ ਏਜੰਡੇ ਵਿਚ ਸ਼ਾਮਲ ਹਨ।
-ਕੇਂਦਰ ਸਰਕਾਰ ਦੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਪ੍ਰਾਪਤ ਫੰਡਾਂ ਨੂੰ ਸੜਕ ਨਿਰਮਾਣ ’ਤੇ ਖਰਚ ਕਰਨ ਸਬੰਧੀ ਪ੍ਰਸਤਾਵ ਵੀ ਹਾਊਸ ਵਿਚ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਸੈਂਟਰਲ ਹਲਕੇ ਨੂੰ ਰੰਗਲਾ ਪੰਜਾਬ ਗ੍ਰਾਂਟ ਤਹਿਤ ਪ੍ਰਾਪਤ 5 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵਿਚੋਂ ਲਗਭਗ 2 ਕਰੋੜ ਰੁਪਏ ਖਰਚ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: Punjab: ਇਹਨੂੰ ਕਹਿੰਦੇ ਨੇ ਕਿਸਮਤ! 100 ਲਾਟਰੀਆਂ ਖ਼ਰੀਦੀਆਂ ਤੇ 100 ਹੀ ਜਿੱਤੀਆਂ, ਹੋ ਗਿਆ ਮਾਲੋ-ਮਾਲ
-ਨਗਰ ਨਿਗਮ ਦੀਆਂ ਜਾਇਦਾਦਾਂ ਦੀਆਂ ਦਰਾਂ ਨੂੰ ਸੋਧਣ ਦਾ ਪ੍ਰਸਤਾਵ ਵੀ ਏਜੰਡੇ ਵਿਚ ਸ਼ਾਮਲ ਹੈ।
-ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ਨੂੰ ਕਮਰਸ਼ੀਅਲ ਐਲਾਨਣ ਦੀ ਯੋਜਨਾ ਵੀ ਵਿਚਾਰੀ ਜਾਵੇਗੀ। ਇਨ੍ਹਾਂ ਵਿਚ ਗੁਜਰਾਲ ਨਗਰ, ਚਿਕਚਿਕ ਚੌਕ-ਆਦਰਸ਼ ਨਗਰ ਤੋਂ ਬਸਤੀ ਰੋਡ, ਕਪੂਰਥਲਾ ਚੌਕ-ਕਪੂਰਥਲਾ ਰੋਡ, ਜੇ. ਪੀ. ਨਗਰ-ਆਦਰਸ਼ ਨਗਰ ਗੁਰਦੁਆਰਾ ਤੋਂ ਹਰਬੰਸ ਨਗਰ, ਆਦਰਸ਼ ਨਗਰ ਗੁਰਦੁਆਰਾ-ਝੰਡੀਆਂ ਵਾਲਾ ਪੀਰ, ਨਿਊ ਕਾਲੋਨੀ-ਜੋਤੀ ਨਗਰ, ਕੂਲ ਰੋਡ ਅਤੇ ਮਾਸਟਰ ਤਾਰਾ ਸਿੰਘ ਰੋਡ ਸ਼ਾਮਲ ਹਨ।
-ਪਿਛਲੇ ਸਮੇਂ ਵਿਚ ਬਿਨਾਂ ਟੈਂਡਰ ਅਤੇ ਪ੍ਰਵਾਨਗੀ ਦੇ ਕੀਤੇ ਗਏ ਕੰਮਾਂ ਨੂੰ ਹੁਣ ਟਰਾਂਸਪੇਰੈਂਸੀ ਐਕਟ ਤਹਿਤ ਹਾਊਸ ਤੋਂ ਪ੍ਰਵਾਨਗੀ ਲਈ ਏਜੰਡੇ ਵਿਚ ਸ਼ਾਮਲ ਕੀਤਾ ਗਿਆ ਹੈ।
-ਸਿਟੀ ਲਾਈਵਲੀਹੁੱਡ ਕਮੇਟੀ ਤਹਿਤ ਨਿਗਮ ਵਿਚ ਹੋੲੀਆਂ ਭਰਤੀਆਂ ਨਾਲ ਸਬੰਧਤ ਪ੍ਰਸਤਾਵ ਵੀ ਚਰਚਾ ਲੲੀ ਪੇਸ਼ ਕੀਤਾ ਜਾਵੇਗਾ।
-ਸ਼ਹਿਰ ਦੇ ਇਸ਼ਤਿਹਾਰ ਸਬੰਧੀ ਟੈਂਡਰ ਅਤੇ ਪੀ. ਸੀ. ਪੀ. ਕੰਪਨੀ ਵੱਲੋਂ ਲਾਈਆਂ ਗਈਆਂ ਲਾਈਟਾਂ ਦੀ ਮੇਨਟੀਨੈਂਸ ਅੈਗਰੀਮੈਂਟ ਵੀ ਏਜੰਡੇ ਵਿਚ ਹੈ।
-ਚੌਥਾ ਦਰਜਾ ਕਰਮਚਾਰੀਆਂ ਨੂੰ 13ਵੀਂ ਤਨਖਾਹ ਦੇਣ ਲੲੀ ਕਰੋੜਾਂ ਰੁਪਏ ਦੇ ਵਿੱਤੀ ਖਰਚ ਨੂੰ ਵੀ ਹਾਊਸ ਵਿਚ ਰੱਖਿਆ ਗਿਆ ਹੈ।
-ਬਰਲਟਨ ਪਾਰਕ ਸਪੋਰਟਸ ਹੱਬ ਦੇ ਉਦਘਾਟਨ ਸਮਾਰੋਹ ਦੌਰਾਨ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਦੇ ਆਗਮਨ ’ਤੇ ਹੋਏ 1 ਕਰੋੜ 75 ਲੱਖ ਰੁਪਏ ਦੇ ਖਰਚ ਨੂੰ ਨਿਗਮ ਫੰਡ ਤੋਂ ਮਨਜ਼ੂਰੀ ਦੇਣ ਦਾ ਪ੍ਰਸਤਾਵ ਵੀ ਮੀਟਿੰਗ ਵੀ ਆਵੇਗਾ।
-ਪੂਰੇ ਏਜੰਡੇ ਵਿਚ ਵਿਕਾਸ ਕਾਰਜਾਂ ਅਤੇ ਨਿਗਮ ਨੂੰ ਚਲਾਉਣ ਲਈ ਕਾਫ਼ੀ ਖਰਚਿਆਂ ਨੂੰ ਤਾਂ ਪ੍ਰਸਤਾਵ ਰੱਖਿਆ ਗਿਆ ਹੈ ਪਰ ਨਿਗਮ ਦੀ ਆਮਦਨੀ ਵਧਾਉਣ ਲਈ ਕੋਈ ਠੋਸ ਯੋਜਨਾ ਚਰਚਾ ਲੲੀ ਪੇਸ਼ ਨਹੀਂ ਕੀਤੀ ਗਈ। ਪਿਛਲੇ ਸਮੇਂ ਦੌਰਾਨ ਨਿਗਮ ਵਿਚ ਕੲੀ ਗੜਬੜੀਆਂ ਸਾਹਮਣੇ ਆਈਆਂ ਪਰ ਕਿਸੇ ਅਫਸਰ ਨੂੰ ਜਵਾਬਦੇਹ ਬਣਾਉਣ ਨਾਲ ਸਬੰਧਤ ਕੋਈ ਪ੍ਰਸਤਾਵ ਨਹੀਂ ਪਾਇਆ ਗਿਆ।
ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ 2027 ਦੀਆਂ ਚੋਣਾਂ ਭਾਜਪਾ ਲਈ ਵੱਡੀ ਚੁਣੌਤੀ
ਕੌਂਸਲਰਾਂ ਦਾ ਭੱਤਾ ਤਾਂ ਨਹੀਂ ਵਧਿਆ ਪਰ ਕਮਿਸ਼ਨਰ ਆਫਿਸ ਦੀ ਮਹਿਮਾਨਨਿਵਾਜ਼ੀ ਦਾ ਖਰਚ 5 ਗੁਣਾ ਵਧਾਉਣ ਦਾ ਪ੍ਰਸਤਾਵ
ਪਿਛਲੇ ਕਈ ਸਾਲਾਂ ਤੋਂ ਜਲੰਧਰ ਨਗਰ ਨਿਗਮ ਦੇ ਕੌਂਸਲਰ ਆਪਣਾ ਮਹੀਨਾਵਾਰ ਭੱਤਾ 18000 ਰੁਪਏ ਤੋਂ ਵਧਾਉਣ ਦੀ ਮੰਗ ਕਰਦੇ ਆ ਰਹੇ ਹਨ। ਇਹ ਪ੍ਰਸਤਾਵ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਪੇਸ਼ ਕੀਤਾ ਗਿਆ ਸੀ ਪਰ ਉਸ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਵੀ ਕੌਂਸਲਰ ਕਈ ਵਾਰ ਭੱਤਾ ਵਧਾਉਣ ਦੀ ਮੰਗ ਕਰ ਚੁੱਕੇ ਹਨ ਪਰ ਹਾਊਸ ਦੀ ਇਸ ਮੀਟਿੰਗ ਵਿਚ ਇਸ ਸਬੰਧੀ ਕੋਈ ਪ੍ਰਸਤਾਵ ਨਹੀਂ ਲਿਆਂਦਾ ਗਿਆ ਹੈ। ਇਸ ਦੇ ਉਲਟ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਦੀ ਮਹਿਮਾਨਨਿਵਾਜ਼ੀ ’ਤੇ ਹੋਣ ਵਾਲੇ ਖਰਚ ਨੂੰ ਮੌਜੂਦਾ 3000 ਤੋਂ ਵਧਾ ਕੇ 15000 ਰੁਪਏ ਕਰਨ ਦਾ ਪ੍ਰਸਤਾਵ ਏਜੰਡੇ ਵਿਚ ਜ਼ਰੂਰ ਸ਼ਾਮਲ ਕੀਤਾ ਗਿਆ ਹੈ। ਸਾਰਿਆਂ ਦੀਆਂ ਨਜ਼ਰਾਂ 18 ਨਵੰਬਰ ਦੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ ਕਿ ਕੀ ਇਸ ਵਾਰ ਹਾਊਸ ਵਿਚ ਸਾਰਥਕ ਚਰਚਾ ਹੋ ਪਾਵੇਗੀ ਜਾਂ ਮੀਟਿੰਗ ਫਿਰ ਤੋਂ ਹੰਗਾਮੇ ਦੀ ਭੇਟ ਚੜ੍ਹ ਜਾਵੇਗੀ।
ਜਲਦਬਾਜ਼ੀ ’ਚ ਮੀਟਿੰਗ ਬੁਲਾਉਣ ਦਾ ਕਾਰਨ ਆਇਆ ਸਾਹਮਣੇ
ਗ੍ਰਾਂਟ ਵਾਪਸ ਜਾਣ ਦਾ ਖ਼ਦਸ਼ਾ, 9 ਦਸੰਬਰ ਨੂੰ ਫਿਰ ਹੋ ਸਕਦੀ ਹੈ ਹਾਊਸ ਦੀ ਮੀਟਿੰਗ
ਆਮ ਆਦਮੀ ਪਾਰਟੀ ਦੇ ਰਾਜ ਵਿਚ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਦੂਜੀ ਵਾਰ ਲੱਗਭਗ 8 ਮਹੀਨਿਆਂ ਦੇ ਵਕਫ਼ੇ ਬਾਅਦ ਹੋ ਰਹੀ ਹੈ। ਏਜੰਡਾ ਐਤਵਾਰ ਨੂੰ ਜਾਰੀ ਕੀਤਾ ਗਿਆ ਅਤੇ ਸਿਰਫ਼ ਦੋ ਦਿਨ ਬਾਅਦ ਮੰਗਲਵਾਰ ਨੂੰ ਮੀਟਿੰਗ ਰੱਖ ਦਿੱਤੀ ਗਈ। ਹੁਣ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਮੀਟਿੰਗ ਇੰਨੀ ਜਲਦਬਾਜ਼ੀ ਵਿਚ ਕਿਉਂ ਬੁਲਾਈ ਗਈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਮੰਗਿਆ ਪੱਖ ਰੱਖਣ ਲਈ ਸਮਾਂ, ਬਾਜਵਾ ਨੂੰ ਵੀ ਨੋਟਿਸ ਜਾਰੀ, ਐੱਸ. ਸੀ. ਕਮਿਸ਼ਨ ਕਰ ਸਕਦੈ ਵੱਡੀ ਕਾਰਵਾਈ
ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਨਿਗਮ ਨੂੰ ਸਪੈਸ਼ਲ ਅਸਿਸਟੈਂਟ ਟੂ ਸਟੇਟਸ ਫਾਰ ਕੈਪੀਟਲ ਇਨਵੈਸਟਮੈਂਟ ਅੰਡਰ ਅਰਬਨ ਪਲਾਨਿੰਗ ਤਹਿਤ ਮਿਲਣ ਵਾਲੀ 60-62 ਕਰੋੜ ਰੁਪਏ ਦੀ ਗ੍ਰਾਂਟ ਜੇਕਰ ਹਾਊਸ ਤੋਂ ਜਲਦ ਮਨਜ਼ੂਰ ਨਾ ਕਰਵਾਈ ਜਾਂਦੀ ਤਾਂ ਇਹ ਗ੍ਰਾਂਟ ਵਾਪਸ ਵੀ ਜਾ ਸਕਦੀ ਸੀ। ਇਸੇ ਵਜ੍ਹਾ ਕਾਰਨ ਮੀਟਿੰਗ ਤੁਰੰਤ ਬੁਲਾੳੁਣ ਦਾ ਦਬਾਅ ਬਣਿਆ ਹੋਇਆ ਸੀ। ਸੂਤਰਾਂ ਅਨੁਸਾਰ ਸਰਕਾਰ ਦੇ ਦਬਾਅ ਕਾਰਨ ਨਿਗਮ ਪ੍ਰਸ਼ਾਸਨ ਨੂੰ ਜਲਦਬਾਜ਼ੀ ਵਿਚ ਹਾਊਸ ਦੀ ਮੀਟਿੰਗ ਦਾ ਪ੍ਰਬੰਧ ਕਰਨਾ ਪਿਆ। ਜਦੋਂ ਇਸ ਸਬੰਧ ਵਿਚ ਮੇਅਰ ਵਿਨੀਤ ਧੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੌਂਸਲਰਾਂ ਵੱਲੋਂ ਹਾਊਸ ਦੀ ਮੀਟਿੰਗ ਵਿਚ ਸ਼ਾਮਲ ਕੀਤੇ ਜਾਣ ਵਾਲੇ ਹੋਰ ਪ੍ਰਸਤਾਵਾਂ ’ਤੇ ਵਿਚਾਰ ਕਰਨ ਲਈ ਕੌਂਸਲਰ ਹਾਊਸ ਦੀ ਮੀਟਿੰਗ 9 ਦਸੰਬਰ ਨੂੰ ਦੋਬਾਰਾ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪੁਲਸ ਸਟੇਸ਼ਨ ਨੂੰ ਮਿਲੀ ਧਮਕੀ! ਵਧਾਈ ਗਈ ਸੁਰੱਖਿਆ, ਪੁਲਸ ਫੋਰਸ ਤਾਇਨਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਆਗੂ ਵਿਰੁੱਧ ਲਿਆ ਗਿਆ ਵੱਡਾ ਐਕਸ਼ਨ! ਕਦੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ
NEXT STORY