ਫਗਵਾੜਾ (ਜਲੋਟਾ) : ਫਗਵਾੜਾ ਦੀ ਸਕੀਮ ਨੰਬਰ 3 ਦੇ ਰਹਿਣ ਵਾਲੇ ਇੱਕ ਜੋੜੇ ਵਿਚਕਾਰ ਚੱਲ ਰਿਹਾ ਆਪਸੀ ਪਰਿਵਾਰਕ ਵਿਵਾਦ ਅੱਜ ਦੇਖਦਿਆਂ ਹੀ ਦੇਖਦਿਆਂ ਬੇਹੱਦ ਹਿੰਸਕ ਮੋੜ ''ਤੇ ਪਹੁੰਚ ਜਾਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਦੁਕਾਨ ਤੋਂ ਸ਼ੁਰੂ ਹੋਇਆ ਇਹ ਝਗੜਾ ਫਗਵਾੜਾ ਦੇ ਸਿਵਲ ਹਸਪਤਾਲ ਤੱਕ ਜਾ ਪਹੁੰਚਿਆ ਜਿੱਥੇ ਦੋਵਾਂ ਧਿਰਾਂ ਨੇ ਇੱਕ-ਦੂਜੇ ''ਤੇ ਕੁੱਟਮਾਰ, ਮਾੜਾ ਵਿਵਹਾਰ ਅਤੇ ਆਰਥਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਬੇਹੱਦ ਗੰਭੀਰ ਦੋਸ਼ ਲਗਾਏ। ਘਟਨਾ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਇਲਾਜ ਕਰਵਾ ਰਹੇ ਪਤੀ ਅਤੇ ਉਸ ਦੀ ਗਰਭਵਤੀ ਪਤਨੀ ਦੋਵਾਂ ਨੇ ਹੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਠੱਪ ਰਹੇਗਾ ਕੰਮ! ਰਜਿਸਟਰੀ ਕਰਾਉਣ ਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਹੋ ਜਾਣ ALERT
ਹਸਪਤਾਲ ''ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ੇਰੇ ਇਲਾਜ ਪੀੜਤ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ, ਸੱਸ ਅਤੇ ਸਾਲੀ ਨਾਲ ਉਸ ਦਾ ਪੁਰਾਣਾ ਪਾਰਿਵਾਰਕ ਵਿਵਾਦ ਚੱਲ ਰਿਹਾ ਹੈ। ਪਤੀ ਅਨੁਸਾਰ ਉਸ ਦੀ ਪਤਨੀ 8 ਮਹੀਨੇ ਦੀ ਗਰਭਵਤੀ ਹੈ ਅਤੇ ਉਸ ਦੇ ਇਲਾਜ ਦੇ ਖਰਚੇ ਨੂੰ ਲੈ ਕੇ ਖਿੱਚੋਤਾਣ ਜਾਰੀ ਸੀ। ਪਤੀ ਦਾ ਦੋਸ਼ ਹੈ ਕਿ ਉਸ ਦੀ ਪਤਨੀ, ਸੱਸ ਅਤੇ ਸਾਲੀ ਨੇ ਹੋਰ ਨੌਜਵਾਨਾਂ ਨਾਲ ਮਿਲ ਕੇ ਪਹਿਲਾਂ ਉਸ ਦੀ ਦੁਕਾਨ ''ਤੇ ਧਾਵਾ ਬੋਲਿਆ। ਉੱਥੇ ਮੁਲਜ਼ਮਾਂ ਨੇ ਉਸ ਨਾਲ ਅਤੇ ਉਸ ਦੇ ਬਜ਼ੁਰਗ ਮਾਤਾ-ਪਿਤਾ ਨਾਲ ਮਾਰਕੁੱਟ ਕੀਤੀ ਅਤੇ ਦੁਕਾਨ ਦੇ ਗੱਲੇ ''ਚੋਂ 50,000 ਰੁਪਏ ਕੱਢ ਕੇ ਫਰਾਰ ਹੋ ਗਏ। ਪੀੜਤ ਪਤੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਸਿਵਲ ਹਸਪਤਾਲ ਪਰਿਸਰ ''ਚ ਆ ਕੇ ਵੀ ਉਸ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਮੰਗ ਕੀਤੀ ਹੈ ਕਿ ਹਸਪਤਾਲ ਅਤੇ ਦੁਕਾਨ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਉਸ ਦੀ ਪਤਨੀ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ''ਤੇ ਪ੍ਰਤਾੜਨਾ ਦੇ ਪਲਟਵਾਰ ਕਰਦਿਆਂ ਗੰਭੀਰ ਦੋਸ਼ ਲਗਾਏ ਹਨ। ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ ਢਾਈ ਸਾਲ ਹੋ ਚੁੱਕੇ ਹਨ ਅਤੇ ਉਹ ਇਸ ਸਮੇਂ 8 ਮਹੀਨੇ ਦੀ ਗਰਭਵਤੀ ਹੈ। ਇਸ ਦੇ ਬਾਵਜੂਦ ਪਤੀ ਵੱਲੋਂ ਉਸ ਨੂੰ ਨਾ ਤਾਂ ਕਿਸੇ ਕਿਸਮ ਦਾ ਗੁਜ਼ਾਰਾ ਭੱਤਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਡਾਕਟਰੀ ਇਲਾਜ ਦਾ ਖਰਚਾ ਚੁੱਕਿਆ ਜਾ ਰਿਹਾ ਹੈ। ਪਤਨੀ ਦਾ ਦੋਸ਼ ਹੈ ਕਿ ਉਸ ਦਾ ਪਤੀ ਉਸ ''ਤੇ ਆਪਣੇ ਮਾਪਿਆਂ ਦੇ ਘਰੋਂ 5 ਲੱਖ ਰੁਪਏ ਲਿਆਉਣ ਦਾ ਲਗਾਤਾਰ ਦਬਾਅ ਬਣਾ ਰਿਹਾ ਹੈ। ਉਸ ਨੇ ਸਪੱਸ਼ਟੀਕਰਨ ਦਿੱਤਾ ਕਿ ਉਹ ਵੂਮੈਨ ਸੈੱਲ ''ਚ ਹੋਈ ਸੁਣਵਾਈ ਤੋਂ ਬਾਅਦ ਸਿੱਧਾ ਆਪਣੇ ਪਤੀ ਦੀ ਦੁਕਾਨ ''ਤੇ ਸਿਰਫ਼ ਆਪਣਾ ਇਲਾਜ ਅਤੇ ਰੋਜ਼ਾਨਾ ਦੇ ਖਰਚੇ ਮੰਗਣ ਗਈ ਸੀ। ਆਪਣੀ ਸੁਰੱਖਿਆ ਦੇ ਮੱਦੇਨਜ਼ਰ ਉਸ ਦੀ ਭੈਣ ਵੀ ਉਸ ਦੇ ਪਿੱਛੇ ਦੁਕਾਨ ''ਤੇ ਆਈ ਸੀ। ਪਤਨੀ ਦਾ ਦਾਅਵਾ ਹੈ ਕਿ ਜਦੋਂ ਉਸ ਨੇ ਖਰਚਾ ਮੰਗਿਆ ਤਾਂ ਪਤੀ ਨੇ ਦੇਣ ਤੋਂ ਇਨਕਾਰ ਕਰਦਿਆਂ ਉਸ ਨਾਲ ਅਤੇ ਉਸ ਦੀ ਭੈਣ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਵੱਲੋਂ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ, ਅਭਿਜੀਤ ਦੀਪਕੇ ਬਣੇ ਨੈਸ਼ਨਲ ਕਨਵੀਨਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਸਿਵਲ ਹਸਪਤਾਲ ਪਹੁੰਚੀ ਅਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਹਸਪਤਾਲ ''ਚ ਪਾਰਿਵਾਰਕ ਝਗੜੇ ਅਤੇ ਮਾਰਕੁੱਟ ਦੀ ਸੂਚਨਾ ਮਿਲੀ ਸੀ। ਪੁਲਸ ਨੇ ਮੌਕੇ ''ਤੇ ਪਹੁੰਚ ਕੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲਸ ਨੇ ਕਿਹਾ ਕਿ ਮਾਮਲਾ ਪਤੀ-ਪਤਨੀ ਦੇ ਆਪਸੀ ਵਿਵਾਦ ਨਾਲ ਜੁੜਿਆ ਹੋਇਆ ਹੈ। ਦੁਕਾਨ ਅਤੇ ਹਸਪਤਾਲ ਦੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੇ ਜਾ ਰਹੇ ਹਨ। ਜਾਂਚ ''ਚ ਜੋ ਵੀ ਤੱਥ ਅਤੇ ਸੱਚਾਈ ਸਾਹਮਣੇ ਆਵੇਗੀ, ਉਸ ਦੇ ਆਧਾਰ ''ਤੇ ਨਿਯਮਾਂ ਅਨੁਸਾਰ ਨਿਰਪੱਖ ਅਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ''ਚ ਲਿਆਂਦੀ ਜਾਵੇਗੀ। ਫਿਲਹਾਲ ਪੁਲਸ ਨੇ ਪ੍ਰਕਰਨ ਸਬੰਧੀ ਕਿਸੇ ਖ਼ਿਲਾਫ਼ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ ਹੈ। ਇਹ ਮਾਮਲਾ ਲੋਕਾਂ ''ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਵੱਡਾ ਅਤੇ ਅਹਿਮ ਸਵਾਲ ਇਹ ਹੈ ਕਿ ਕੀ ਸਰਕਾਰੀ ਸਿਵਲ ਹਸਪਤਾਲ ''ਚ ਇਸ ਤਰ੍ਹਾਂ ਮਾਰਕੁੱਟ ਅਤੇ ਹੰਗਾਮਾ ਕਰਨਾ ਕਾਨੂੰਨੀ ਤੌਰ ''ਤੇ ਵਾਜਬ ਹੈ? ਕੀ ਇਸ ਮਾਮਲੇ ''ਚ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਬਣਦੀ ਕਾਨੂੰਨੀ ਕਾਰਵਾਈ ਨਹੀਂ ਕਰਨੀ ਚਾਹੀਦੀ ਹੈ? ਇਹ ਸਰਕਾਰੀ ਹਸਪਤਾਲ ਹੈ ਜਾਂ ਲੜਾਈ ਦਾ ਖੁੱਲਾ ਮੈਦਾਨ? ਇਹ ਸਵਾਲ ਆਮ ਜਨਤਾ ਕਰ ਰਹੀ ਹੈ ਜੋ ਅੱਜ ਹਸਪਤਾਲ ਚ ਆਪਣਾ ਇਲਾਜ ਕਰਾਉਣ ਲਈ ਆਈ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਸ਼ਤੇ ਹੋਏ ਸ਼ਰਮਸਾਰ: ਪਿਓ ਨੇ ਰੋਲੀ ਨਾਬਾਲਗ ਧੀ ਦੀ ਪੱਤ
NEXT STORY