ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਦੂਜੀ ਮੀਟਿੰਗ ਮੰਗਲਵਾਰ ਮੇਅਰ ਵਿਨੀਤ ਧੀਰ ਦੀ ਪ੍ਰਧਾਨਗੀ ਵਿਚ ਆਯੋਜਿਤ ਹੋਈ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ, ਕਮਿਸ਼ਨਰ ਸੰਦੀਪ ਰਿਸ਼ੀ ਅਤੇ ਨਿਗਮ ਦੇ ਸਾਰੇ ਅਧਿਕਾਰੀ ਮੌਜੂਦ ਰਹੇ। ਸ਼ੁਰੂਆਤ ਵਿਚ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖਿਆ। 8 ਮਹੀਨਿਆਂ ਬਾਅਦ ਹੋ ਰਹੀ ਇਸ ਮਹੱਤਵਪੂਰਨ ਮੀਟਿੰਗ ਵਿਚ 13 ਕੌਂਸਲਰ ਹਾਜ਼ਰ ਹੀ ਨਹੀਂ ਹੋਏ। ਮੀਟਿੰਗ ਦੇ ਏਜੰਡੇ ਵਿਚ ਲਗਭਗ 400 ਕਰੋੜ ਰੁਪਏ ਦੇ ਪ੍ਰਸਤਾਵ ਸ਼ਾਮਲ ਸਨ ਪਰ ਕੌਂਸਲਰ ਹਾਊਸ ਨੇ ਪੂਰੇ ਏਜੰਡੇ ਨੂੰ ਪਾਸ ਕਰਨ ਵਿਚ 4 ਮਿੰਟ ਵੀ ਨਹੀਂ ਲਾਏ। ਇਸ ਤੋਂ ਇਹ ਸਾਫ਼ ਝਲਕਦਾ ਹੈ ਕਿ ਕੌਂਸਲਰ ਹਾਊਸ ਦੀਆਂ ਮੀਟਿੰਗਾਂ ਦਾ ਪ੍ਰਭਾਵ ਅਤੇ ਅਹਿਮੀਅਤ ਲਗਾਤਾਰ ਘਟਦੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ
ਮੇਅਰ ਨੇ ਮੀਟਿੰਗ ਦੀ ਸ਼ੁਰੂਆਤ ਵਿਚ ਹੀ ਸਾਰੇ ਮੈਂਬਰਾਂ ਨੂੰ ਸ਼ਾਂਤੀਪੂਰਵਕ ਬੈਠਣ, ਇਕ-ਦੂਜੇ ਦੀ ਗੱਲ ਸੁਣਨ ਅਤੇ ਸ਼ਹਿਰ ਦੇ ਹਿੱਤ ਵਿਚ ਚਰਚਾ ਕਰਨ ਦੀ ਅਪੀਲ ਕੀਤੀ। ਮੀਟਿੰਗ ਜ਼ੀਰੋ ਆਵਰ ਤੋਂ ਸ਼ੁਰੂ ਹੋਈ, ਜਿਸ ਵਿਚ ਵਧੇਰੇ ਕੌਂਸਲਰਾਂ ਨੇ ਸਿਰਫ਼ ਆਪਣੇ-ਆਪਣੇ ਵਾਰਡ ਪੱਧਰ ਦੇ ਮੁੱਦਿਆਂ ’ਤੇ ਹੀ ਚਰਚਾ ਕੀਤੀ। ਪੂਰਾ ਸੈਸ਼ਨ ਸ਼ਾਂਤੀਪੂਰਨ ਢੰਗ ਨਾਲ ਚੱਲਦਾ ਰਿਹਾ, ਹਾਲਾਂਕਿ ਆਖਿਰ ਵਿਚ ਹਲਕੀ ਨੋਕ-ਝੋਂਕ ਵੇਖਣ ਨੂੰ ਮਿਲੀ। ਪੂਰੀ ਮੀਟਿੰਗ ਦੌਰਾਨ ਵਿਰੋਧੀ ਧਿਰ ਬੇਅਸਰ ਦਿਸੀ ਅਤੇ ਆਮ ਆਦਮੀ ਪਾਰਟੀ ਨੂੰ ਘੇਰਨ ਵਿਚ ਅਸਫ਼ਲ ਸਾਬਤ ਹੋਈ। ਸੱਤਾ ਧਿਰ ਜਿੱਥੇ ਪੂਰੇ ਏਜੰਡੇ ਨੂੰ ਜਿਉਂ ਦਾ ਤਿਉਂ ਪਾਸ ਕਰਵਾਉਣਾ ਚਾਹੁੰਦੀ ਸੀ, ਉਥੇ ਹੀ ਵਿਰੋਧੀ ਧਿਰ ਬਰਲਟਨ ਪਾਰਕ ਉਦਘਾਟਨ ਸਮਾਰੋਹ ’ਤੇ ਹੋਏ ਲੱਗਭਗ ਪੌਣੇ 2 ਕਰੋੜ ਰੁਪਏ ਦੇ ਖਰਚ ਨੂੰ ਲੈ ਕੇ ਪੇਸ਼ ਪ੍ਰਸਤਾਵ ਨੂੰ ਰੱਦ ਕਰਵਾਉਣ ’ਤੇ ਅੜੀ ਹੋਈ ਸੀ। ਅਜਿਹੇ ਵਿਚ ਕੁਝ ਵਿਰੋਧ ਜ਼ਰੂਰ ਦੇਖਣ ਨੂੰ ਮਿਲਿਆ।
ਕਿਸ ਕੌਂਸਲਰ ਨੇ ਕੀ-ਕੀ ਮੁੱਦੇ ਉਠਾਏ

ਜ਼ੀਰੋ ਆਵਰ ਦੀ ਸ਼ੁਰੂਆਤ ਕਾਂਗਰਸੀ ਕੌਂਸਲਰ ਪਵਨ ਕੁਮਾਰ ਤੋਂ ਹੋਈ। ਉਨ੍ਹਾਂ ਪੁੱਛਿਆ ਕਿ ਹਾਲ ਹੀ ਵਿਚ ਨਗਰ ਨਿਗਮ ਨੇ ਕਿੰਨੀ ਅਤੇ ਕਿਹੜੀ-ਕਿਹੜੀ ਮਸ਼ੀਨਰੀ ਖਰੀਦੀ ਹੈ। ਇਸ ’ਤੇ ਕਮਿਸ਼ਨਰ ਨੇ ਸਮਾਰਟ ਸਿਟੀ ਫੰਡ ਤਹਿਤ 42 ਕਰੋੜ ਰੁਪਏ ਨਾਲ ਖਰੀਦੀ ਗਈ ਪੂਰੀ ਮਸ਼ੀਨਰੀ ਦਾ ਬਿਓਰਾ ਦਿੱਤਾ। ਪਵਨ ਕੁਮਾਰ ਨੇ ਆਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ’ਤੇ ਚਿੰਤਾ ਪ੍ਰਗਟਾਈ, ਜਿਸ ’ਤੇ ਮੇਅਰ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਭਾਰ ਸੰਭਾਲਣ ਦੇ ਬਾਅਦ ਨਸਬੰਦੀ ਦੀ ਸਮਰੱਥਾ 8 ਤੋਂ ਵਧਾ ਕੇ ਰੋਜ਼ਾਨਾ 30 ਕਰ ਿਦੱਤੀ ਗਈ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿਚ 100 ਤਕ ਪਹੁੰਚਾਉਣ ਦਾ ਟੀਚਾ ਹੈ ਅਤੇ ਇਸ ਦੀ ਲਗਾਤਾਰ ਮਾਨੀਟਰਿੰਗ ਵੀ ਕੀਤੀ ਜਾ ਰਹੀ ਹੈ। ਪਵਨ ਕੁਮਾਰ ਨੇ ਇਹ ਵੀ ਕਿਹਾ ਕਿ ਜਦੋਂ ਨਵੇਂ ਸਫ਼ਾਈ ਕਰਮਚਾਰੀ ਰੱਖੇ ਜਾਣ ਤਾਂ ਉਨ੍ਹਾਂ ਦੀ ਵਾਰਡ ਵੇਖ ਕੇ ਹੀ ਵੰਡ ਕੀਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ 21 ਤਾਰੀਖ਼ ਤੱਕ Weather ਦੀ ਪੜ੍ਹੋ ਨਵੀਂ ਅਪਡੇਟ! ਮੀਂਹ ਨੂੰ ਲੈ ਕੇ ਦਿੱਤੇ ਇਹ ਸੰਕੇਤ

ਵਿਰੋਧੀ ਧਿਰ ਦੇ ਆਗੂ ਅਤੇ ਭਾਜਪਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਮੇਅਰ ’ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਅਤੇ ਪੁੱਛਿਆ ਕਿ ਉਹ ਪੂਰੇ ਸ਼ਹਿਰ ਦੇ ਮੇਅਰ ਹਨ ਜਾਂ ਸਿਰਫ਼ ਵਾਰਡ ਨੰਬਰ 62 ਦੇ। ਟੀਟੂ ਨੇ ਕਿਹਾ ਕਿ ਇਕ ਹੀ ਪ੍ਰਸਤਾਵ ਵਿਚ ਮੇਅਰ ਦੇ ਵਾਰਡ ਦੇ 17 ਕੰਮ ਸ਼ਾਮਲ ਹਨ ਪਰ ਉਨ੍ਹਾਂ ਦੇ ਵਾਰਡ ਦਾ ਇਕ ਵੀ ਕੰਮ ਉਸ ਵਿਚ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਚੱਲ ਰਹੀਆਂ ਵਧੇਰੇ ਟਰੈਕਟਰ-ਟਰਾਲੀਆਂ ਨਾਜਾਇਜ਼ ਹਨ ਕਿਉਂਕਿ ਉਹ ਸਿਰਫ ਖੇਤੀ ਦੇ ਕੰਮ ਲਈ ਅਧਿਕਾਰਤ ਹਨ, ਉਨ੍ਹਾਂ ਨਾਲ ਕੂੜਾ ਢੋਇਆ ਨਹੀਂ ਜਾ ਸਕਦਾ। ਉਨ੍ਹਾਂ ਨਿਗਮ ਦੇ ਇਕ ਜੇ. ਈ. ’ਤੇ ਆਪਣੇ ਸਹੁਰੇ ਦੇ ਨਾਂ ’ਤੇ ਫਰਮ ਖੋਲ੍ਹ ਕੇ ਘਪਲਾ ਕਰਨ ਦਾ ਦੋਸ਼ ਲਾਇਆ, ਜਿਸ ’ਤੇ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ। ਟੀਟੂ ਨੇ ਕਿਹਾ ਕਿ ਮੰਤਰੀ ਨੇ 120 ਫੁੱਟੀ ਰੋਡ ’ਤੇ 1.80 ਕਰੋੜ ਦਾ ਕੰਮ ਪਾਸ ਕਰਵਾਇਆ ਪਰ ਇਸ ਨੂੰ ਨਾਜਾਇਜ਼ ਕਾਲੋਨੀ ਵਿਚ ਬਦਲ ਦਿੱਤਾ ਗਿਆ, ਜੋ ਇਕ ਵੱਡਾ ਘਪਲਾ ਹੈ। ਉਨ੍ਹਾਂ ਕਿਹਾ ਕਿ ਅੱਜ ਹਾਰੇ ਅਤੇ ਨਕਾਰੇ ਹੋਏ ਆਗੂਆਂ ਨੂੰ ਜਿੱਤੇ ਕੌਂਸਲਰਾਂ ਦੇ ਬਰਾਬਰ ਖੜ੍ਹਾ ਕੀਤਾ ਜਾ ਰਿਹਾ ਹੈ। ਇਹ ਰਾਜ-ਭਾਗ ਸਦਾ ਨਹੀਂ ਰਹਿਣ ਵਾਲਾ। ਟੀਟੂ ਨੇ ਕੁੰਡਲ ਕੋਆਪ੍ਰੇਟਿਵ ਸੋਸਾਇਟੀ ਵੱਲੋਂ 9.50 ਲੱਖ ਦੇ ਕੰਮ ਦੀ ਜਾਂਚ ਦੀ ਮੰਗ ਕੀਤੀ, ਜੋ ਸਿਰਫ 4.50 ਲੱਖ ਵਿਚ ਪੂਰਾ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਨਿਗਮ ਵਿਚ ਆਏ 8 ਨਵੇਂ ਜੇ. ਈਜ਼ ਵਿਚ 2 ਪੰਜਾਬ ਦੇ ਅਤੇ 6 ਹਰਿਆਣਾ ਤੋਂ ਹਨ। ਜਵਾਬ ਵਿਚ ਮੇਅਰ ਨੇ ਦੱਸਿਆ ਕਿ ਗਲੋਬਲ ਕੰਸਟਰੱਕਸ਼ਨ ਦੇ ਸਾਰੇ ਕੰਮ ਰੱਦ ਕਰ ਦਿੱਤੇ ਗਏ ਹਨ ਅਤੇ 9 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਿਵਚ ਸਾਰੇ ਕੌਂਸਲਰਾਂ ਦੇ ਕੰਮਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਤੋਂ ਸਿਰਫ 1.75 ਕਰੋੜ ਰੁਪਏ ਦਾ ਕੰਮ ਹੀ ਇਸ ਏਜੰਡੇ ਵਿਚ ਸ਼ਾਮਲ ਹੈ।

ਬੰਟੀ ਨੀਲਕੰਠ ਨੇ ਕਿਹਾ ਕਿ ਪਹਿਲਾਂ ਅਫਸਰਾਂ ਕੋਲ 5000 ਰੁਪਏ ਤਕ ਦਾ ਕੰਮ ਮਨਜ਼ੂਰ ਕਰਨ ਦੀ ਪਾਵਰ ਸੀ ਪਰ ਹੁਣ ਏਜੰਡੇ ਵਿਚ ਹੀ 5-5 ਲੱਖ ਰੁਪਏ ਦੇ 2.50 ਕਰੋੜ ਰੁਪਏ ਦੇ ਕੰਮ ਪਾ ਦਿੱਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਟਰਾਂਸਪੇਰੈਂਸੀ ਐਕਟ ਤਹਿਤ ਹੋ ਰਹੇ ਕੰਮਾਂ ਵਿਚ ਵੱਡਾ ਘਪਲਾ ਚੱਲ ਰਿਹਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਇਕ ਹੀ ਕੰਮ ਦੀਆਂ ਕਈ ਫਾਈਲਜ਼ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਊਸ ਦੀ ਮੀਟਿੰਗ ਵਿਚ ਉੱਪਰੋਂ ਪਾਈਆਂ ਜਾਣ ਵਾਲੀਆਂ ਆਈਟਮਾਂ ਦੀ ਸੂਚਨਾ ਵੀ ਸਾਰਿਆਂ ਨੂੰ ਿਦੱਤੀ ਜਾਵੇ। ਉਨ੍ਹਾਂ ਕਿਹਾ ਕਿ ਪੀ. ਐਂਡ ਟੀ. ਕਾਲੋਨੀ ਵਿਚ ਨਿਗਮ ਦੀ ਕੀਮਤੀ ਜ਼ਮੀਨ ’ਤੇ ਕਬਜ਼ਾ ਹੈ, ਜਿਸ ਨੂੰ ਛੁਡਾਉਣ ਲਈ ਅਧਿਕਾਰੀ ਕੋਈ ਦਿਲਚਸਪੀ ਨਹੀਂ ਲੈ ਰਹੇ। ਬੰਟੀ ਨੇ ਪੁੱਛਿਆ ਕਿ ਸੁਪਰ-ਸਕਸ਼ਨ ਮਸ਼ੀਨਾਂ ਨਾਲ ਨਿਕਲਣ ਵਾਲੀ ਗਾਰ ਕਿੱਥੇ ਸੁੱਟੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਗਾਰ ਦੂਜੀਆਂ ਸੀਵਰ ਲਾਈਨਾਂ ਿਵਚ ਪਾ ਦਿੱਤੀ ਜਾਂਦੀ ਹੈ, ਜਿਸ ਨਾਲ ਰੁਕਾਵਟਾਂ ਹੋਰ ਵਧ ਰਹੀਆਂ ਹਨ।

ਅਰੁਣਾ ਅਰੋੜਾ ਨੇ ਕਿਹਾ ਕਿ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਘੱਟ ਨਹੀਂ ਰਹੀ। ਮਾਡਲ ਟਾਊਨ ਵਰਗੀਆਂ ਪਾਸ਼ ਕਾਲੋਨੀਆਂ ਵਿਚ ਵੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਨਗਰ ਨਿਗਮ ਨੰਗਲਸ਼ਾਮਾ ਜਾਂ ਆਲੇ-ਦੁਆਲੇ ਕੋਈ ਜਗ੍ਹਾ ਅਲਾਟ ਕਰੇ, ਜਿਥੇ ਡਾਗ ਕੰਪਾਊਂਡ ਬਣਾਇਆ ਜਾ ਸਕੇ। ਉਥੇ ਡਾਕਟਰ ਤਾਇਨਾਤ ਕਰ ਕੇ ਕੁੱਤਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਵਿਵਸਥਿਤ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਿਕ ਇਸ ਪ੍ਰਾਜੈਕਟ ਵਿਚ ਐੱਨ. ਜੀ. ਓ. ਵੀ ਸਹਿਯੋਗ ਕਰ ਸਕਦੇ ਹਨ।
ਇਹ ਵੀ ਪੜ੍ਹੋ: ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਪੰਜਾਬ ਰੋਡਵੇਜ਼, ਪਨਬੱਸ ਤੇ PRTC ਨੇ ਲਿਆ ਨਵਾਂ ਫ਼ੈਸਲਾ

ਗੁਰਨਾਮ ਸਿੰਘ ਮੁਲਤਾਨੀ ਨੇ ਦੋਸ਼ ਲਾਇਆ ਕਿ ਉਦਘਾਟਨੀ ਪੱਥਰਾਂ ’ਤੇ ਜਿੱਤੇ ਕੌਂਸਲਰਾਂ ਦੇ ਨਾਂ ਦੀ ਜਗ੍ਹਾ ਹਾਰੇ ਹੋਏ ਆਗੂਆਂ ਦੇ ਨਾਂ ਲਿਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਕਰਨਾ ਹੈ ਤਾਂ ਕਾਂਗਰਸ ਦੇ ਹਾਰੇ ਉਮੀਦਵਾਰਾਂ ਦੇ ਨਾਂ ਵੀ ਪੱਥਰਾਂ ’ਤੇ ਲਿਖੇ ਜਾਣ। ਉਨ੍ਹਾਂ ਦੱਸਿਆ ਕਿ ਸੈਂਕਸ਼ਨ ਜ਼ਰੀਏ ਖੰਭਿਆਂ ’ਤੇ ਲਾਈਆਂ ਗਈਆਂ ਸਟ੍ਰਿਪ ਲਾਈਟਾਂ ਬੰਦ ਪਈਆਂ ਹਨ। ਜਗ੍ਹਾ-ਜਗ੍ਹਾ ਲਾਏ ਗਏ ਡਸਟਬਿਨ ਵੀ ਗਾਇਬ ਹੋ ਚੁੱਕੇ ਹਨ ਜਾਂ ਟੁੱਟੇ ਪਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਊਟੀਫਿਕੇਸ਼ਨ ਦੇ ਕੰਮਾਂ ਨਾਲ ਜਨਤਾ ਦੇ ਪੈਸਿਆਂ ਦੀ ਬਰਬਾਦੀ ਹੋ ਰਹੀ ਹੈ। ਮੁਲਤਾਨੀ ਨੇ ਇਹ ਵੀ ਕਿਹਾ ਕਿ ਨਿਗਮ ਦੇ ਅਧਿਕਾਰੀ ਕੌਂਸਲਰਾਂ ਦੇ ਫੋਨ ਤਕ ਨਹੀਂ ਚੁੱਕਦੇ।

ਕਾਂਗਰਸੀ ਕੌਂਸਲਰ ਉਮਾ ਬੇਰੀ ਨੇ ਕਿਹਾ ਕਿ ਮੇਅਰ ਸਾਹਿਬ ਮਾਨਸਿਕਤਾ ਬਦਲਣ ਦੀਆਂ ਗੱਲਾਂ ਤਾਂ ਕਰ ਰਹੇ ਹਨ ਪਰ ਉਨ੍ਹਾਂ ਦੇ ਰਾਜ ਵਿਚ ਕਾਂਗਰਸੀ ਕੌਂਸਲਰਾਂ ਨਾਲ ਭੇਦਭਾਵ ਹੋ ਰਿਹਾ ਹੈ। ਉਦਘਾਟਨਾਂ ਵਿਚ ਨਾ ਤਾਂ ਕਾਂਗਰਸੀ ਕੌਂਸਲਰਾਂ ਨੂੰ ਬੁਲਾਇਆ ਜਾਂਦਾ ਹੈ ਤੇ ਨਾ ਉਨ੍ਹਾਂ ਦੇ ਨਾਂ ਪੱਥਰਾਂ ’ਤੇ ਲਿਖੇ ਜਾਂਦੇ ਹਨ, ਜਦੋਂ ਕਿ ਹਾਰੇ ਹੋਏ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਲੀਆਂ ਦਾ ਪੇਅ ਸਕੇਲ ਵਧਾਇਆ ਜਾਵੇ।

ਅਮਿਤ ਢੱਲ ਨੇ ਕਿਹਾ ਕਿ ਨਿਗਮ ਦੇ ਠੇਕੇਦਾਰ ਕੌਂਸਲਰਾਂ ਤੋਂ ਨੋ-ਆਬਜੈਕਸ਼ਨ ਸਰਟੀਫਿਕੇਟ ਲੈਂਦੇ ਹੀ ਨਹੀਂ, ਸਗੋਂ ਸਿੱਧੀ ਪੇਮੈਂਟ ਕਰਵਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕਈ ਰੈਗ ਪਿਕਰਸ ਨੇ ਮੋਟਰਸਾਈਕਲਾਂ ’ਤੇ ਰੇਹੜੇ ਲਾ ਕੇ ਕੂੜਾ ਚੁੱਕਣਾ ਸ਼ੁਰੂ ਕੀਤਾ ਪਰ ਟ੍ਰੈਫਿਕ ਪੁਲਸ ਉਨ੍ਹਾਂ ਨੂੰ ਜਗ੍ਹਾ-ਜਗ੍ਹਾ ਰੋਕ ਕੇ ਚਲਾਨ ਕਰ ਰਹੀ ਹੈ, ਜਿਸ ਨਾਲ ਕਈਆਂ ਨੇ ਕੰਮ ਬੰਦ ਕਰ ਿਦੱਤਾ ਹੈ। ਢੱਲ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਘਰ ਦਾ ਕੂੜਾ ਵੀ ਇਕ ਹਫਤੇ ਤੋਂ ਚੁੱਕਿਆ ਨਹੀਂ ਗਿਆ।

ਮਿੰਟੂ ਜੁਨੇਜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿਸ਼ੇਸ਼ ਗ੍ਰਾਂਟ ਤਹਿਤ ਪਾਰਕਾਂ ਦੀ ਮੇਨਟੀਨੈਂਸ ਲਈ 2 ਰੁਪਏ 50 ਪੈਸੇ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਮਿਲਣ ਵਾਲੀ ਰਕਮ ਸੋਸਾਇਟੀਆਂ ਨੂੰ ਘੱਟ ਪੈ ਰਹੀ ਹੈ, ਇਸ ਨੂੰ ਵਧਾਇਆ ਜਾਵੇ। ਉਨ੍ਹਾਂ ਦੱਸਿਆ ਕਿ ਅਰਬਨ ਅਸਟੇਟ ਨੇੜੇ ਸੀ-7 ਫਾਟਕ ਦਿਨ ਵਿਚ ਕਈ-ਕਈ ਘੰਟੇ ਬੰਦ ਰਹਿੰਦਾ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਜਾਮ ਲੱਗ ਜਾਂਦਾ ਹੈ। ਉਨ੍ਹਾਂ ਇਸ ਸਮੱਸਿਆ ਦਾ ਹੱਲ ਕੱਢਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: Punjab: ਇਹਨੂੰ ਕਹਿੰਦੇ ਨੇ ਕਿਸਮਤ! 100 ਲਾਟਰੀਆਂ ਖ਼ਰੀਦੀਆਂ ਤੇ 100 ਹੀ ਜਿੱਤੀਆਂ, ਹੋ ਗਿਆ ਮਾਲੋ-ਮਾਲ

ਡਾ. ਜਸਲੀਨ ਸੇਠੀ ਨੇ ਕਿਹਾ ਕਿ ਪਾਰਕ ਦੀ ਮੇਨਟੀਨੈਂਸ ਸਬੰਧੀ ਗ੍ਰਾਂਟ ਨਗਰ ਨਿਗਮ ਵੱਲੋਂ ਤਾਂ ਦਿੱਤੀ ਜਾਂਦੀ ਹੈ ਪਰ ਇਹ ਗ੍ਰਾਂਟ ਆਗੂਆਂ ਕੋਲ ਪਹੁੰਚ ਜਾਂਦੀ ਹੈ ਅਤੇ ਕਈ ਚੈੱਕਾਂ ਦੀ ਤਰੀਕ ਤਕ ਨਿਕਲ ਜਾਂਦੀ ਹੈ। ਡਾ. ਸੇਠੀ ਨੇ ਕਿਹਾ ਕਿ ਇਕ ਕੌਂਸਲਰ ਨੂੰ ਕੁੱਲ 17000 ਰੁਪਏ ਮਹੀਨਾ ਭੱਤਾ ਮਿਲਦਾ ਹੈ, ਜਦਕਿ ਉਸ ਨੂੰ ਸਫਾਈ, ਸੀਵਰ, ਸਟਰੀਟ ਲਾਈਟ ਤੇ ਮੇਨਟੀਨੈਂਸ ਨਾਲ ਜੁੜੇ ਕੰਮ ਕਰਵਾਉਣੇ ਪੈਂਦੇ ਹਨ। ਇਹ ਭੱਤਾ ਵਧਾਇਆ ਜਾਣਾ ਚਾਹੀਦਾ। ਪੂਰੇ ਹਾਊਸ ਨੇ ਇਸ ਗੱਲ ਦਾ ਸਮਰਥਨ ਕੀਤਾ।
ਉਨ੍ਹਾਂ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਵਾਰਡ ਵਿਚ ਕੂੜਾ ਚੁੱਕਣ ਵਾਲੀ ਟਰਾਲੀ ਆਉਂਦੀ ਹੀ ਨਹੀਂ। ਜਦੋਂ ਟਰਾਲੀ ਵਾਲੇ ਤੋਂ ਪੁੱਛਿਆ ਜਾਂਦਾ ਹੈ ਤਾਂ ਉਹ ਬਾਰਾਦਰੀ, ਡੀ. ਸੀ. ਜਾਂ ਸੀ. ਐੱਮ. ਦੀ ਕੋਠੀ ਵਿਚ ਡਿਊਟੀ ਹੋਣ ਦਾ ਹਵਾਲਾ ਦਿੰਦਾ ਹੈ। ਇਸ ਕਾਰਨ ਨਾਮਦੇਵ ਚੌਕ ਨੇੜੇ ਕੂੜੇ ਦੇ ਢੇਰ ਲੱਗਣ ਲੱਗੇ ਹਨ। ਡਾ. ਜਸਲੀਨ ਨੇ ਦੱਸਿਆ ਕਿ ਮਖਦੂਮਪੁਰਾ ਦੇ ਲੋਕ ਲੰਮੇ ਸਮੇਂ ਤੋਂ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ।

ਹਰਜਿੰਦਰ ਸਿੰਘ ਲਾਡਾ ਨੇ ਉਨ੍ਹਾਂ ਕਿਹਾ ਕਿ ਕਪੂਰਥਲਾ ਰੋਡ ਫੁੱਟਪਾਥ ’ਤੇ ਥਾਂ-ਥਾਂ ਕਬਜ਼ੇ ਹਨ ਅਤੇ ਪਟੇਲ ਚੌਕ ਵਿਚ ਸਾਰਾ ਦਿਨ ਟਰੱਕ ਖੜ੍ਹੇ ਰਹਿੰਦੇ ਹਨ। ਉਨ੍ਹਾਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ। ਮੇਅਰ ਨੇ ਇਸ ਸਬੰਧ ਵਿਚ ਕਮਿਸ਼ਨਰ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ।

ਬਲਰਾਜ ਠਾਕੁਰ ਨੇ ਕਿਹਾ ਕਿ ਪਿਛਲੇ ਬਰਸਾਤੀ ਸੀਜ਼ਨ ਵਿਚ ਪਾਣੀ ਭਰਨ ਦੀ ਗੰਭੀਰ ਸਮੱਸਿਆ ਰਹੀ, ਮਾਡਲ ਟਾਊਨ ਤਕ ਡੁੱਬ ਗਿਆ ਅਤੇ ਸੁਭਾਨਾ ਅੰਡਰਬ੍ਰਿਜ ਵੀ ਪਾਣੀ ਭਰ ਗਿਆ। ਉਨ੍ਹਾਂ ਅੰਡਰਬ੍ਰਿਜ ’ਤੇ ਛੱਤ ਪਾਉਣ ਅਤੇ ਫੋਲੜੀਵਾਲ ਪਲਾਂਟ ਦੀ ਸਮਰੱਥਾ ਵਧਾਉਣ ਦੀ ਜ਼ਰੂਰਤ ਦੱਸੀ, ਜਿਥੇ ਇਸ ਸਮੇਂ ਸ਼ਹਿਰ ਦਾ 80 ਫੀਸਦੀ ਪਾਣੀ ਜਾਂਦਾ ਹੈ। ਉਨ੍ਹਾਂ ਸ਼ਹਿਰ ਵਿਚ ਨਵੇਂ ਐੱਸ. ਟੀ. ਪੀ. ਬਣਾਉਣ ਦੀ ਮੰਗ ਕੀਤੀ। ਠਾਕੁਰ ਨੇ ਕਿਹਾ ਕਿ ਸਟਰੀਟ ਲਾਈਟ ਸਬੰਧੀ ਸ਼ਿਕਾਇਤਾਂ ਦੂਰ ਨਹੀਂ ਹੋ ਰਹੀਆਂ ਅਤੇ ਸਫਾਈ ਵਿਚ ਵੀ ਵਾਰਡ ਵਾਈਜ਼ ਸਿਸਟਮ ਲਾਗੂ ਨਹੀਂ ਹੋ ਪਾ ਰਿਹਾ। ਉਨ੍ਹਾਂ ਨਵੇਂ ਵਾਰਡਾਂ ਅਨੁਸਾਰ ਸਵੀਪਰਾਂ ਦੀ ਦੁਬਾਰਾ ਵੰਡ ਜ਼ਰੂਰੀ ਦੱਸੀ। ਉਨ੍ਹਾਂ ਕਿਹਾ ਕਿ ਅਨਡਿਕਲੇਅਰ ਕਾਲੋਨੀ ਦਾ ਬਹਾਨਾ ਸਿਰਫ ਜਲੰਧਰ ਨਿਗਮ ਵਿਚ ਲਾਇਆ ਜਾਂਦਾ ਹੈ, ਜਦੋਂ ਕਿ ਅੰਮ੍ਰਿਤਸਰ ਆਦਿ ਨਿਗਮਾਂ ਵਿਚ ਅਜਿਹੀ ਕੋਈ ਰੁਕਾਵਟ ਨਹੀਂ ਹੈ। ਉਨ੍ਹਾਂ ਇਸ ਮੁੱਦੇ ਨੂੰ ਸਮਾਂ ਰਹਿੰਦੇ ਹੱਲ ਕਰਨ ਦੀ ਮੰਗ ਕੀਤੀ।

ਤਰਸੇਮ ਸਿੰਘ ਲਖੋਤਰਾ ਨੇ ਕਿਹਾ ਕਿ ਸੜਕਾਂ ਅਤੇ ਪਾਰਕਾਂ ਦੇ ਐਸਟੀਮੇਟ ਬਣਾਉਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਜਿਹੜੇ ਕੰਮਾਂ ਦੀ ਲੋੜ ਹੈ, ਉਥੇ ਕਰਵਾਏ ਜਾਣ। ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨ ਦੀ ਗੱਲ ਕਹੀ। ਨਵੇਂ ਟਿਊਬਵੈੱਲ ਲਾਉਣ ਸਮੇਂ ਪੁਰਾਣੇ ਸਾਮਾਨ ਦੀ ਜਾਂਚ ਕਰਨ ਦੀ ਮੰਗ ਕੀਤੀ ਕਿ ਉਹ ਕਿੱਥੇ ਜਾ ਰਹੇ ਹਨ। ਉਨ੍ਹਾਂ ਪ੍ਰਸ਼ਨ ਉਠਾਇਆ ਕਿ ਕਿਤੇ ਮਾਲੀ ਅਧਿਕਾਰੀਆਂ ਦੇ ਘਰਾਂ ਵਿਚ ਤਾਂ ਕੰਮ ਨਹੀਂ ਕਰ ਰਹੇ। ਤਰਸੇਮ ਲਖੋਤਰਾ ਨੇ ਕਿਹਾ ਕਿ ਕਿਰਾਏ ’ਤੇ ਟਰੈਕਟਰ-ਟਰਾਲੀ ਲੈਣਾ ਮਹਿੰਗਾ ਪੈਂਦਾ ਹੈ, ਨਵਾਂ ਖਰੀਦਣਾ ਜ਼ਿਆਦਾ ਫਾਇਦੇਮੰਦ ਰਹੇਗਾ। ਉਨ੍ਹਾਂ ਵਿਕਾਸ ਕਾਰਜਾਂ ਵਿਚ ਕੌਂਸਲਰ ਦਾ ਸਰਟੀਫਿਕੇਟ ਲਾਜ਼ਮੀ ਕਰਨ ਦੀ ਮੰਗ ਕੀਤੀ।

ਕੰਵਰ ਸਰਤਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਜੋਤੀ ਨਗਰ ਡੰਪ ਬੇਹੱਦ ਵੱਡੀ ਸਮੱਸਿਆ ਬਣ ਚੁੱਕਾ ਹੈ, ਜਿਸ ਨੂੰ ਉਥੋਂ ਹਟਾਇਆ ਜਾਵੇ ਕਿਉਂਕਿ ਫੋਲੜੀਵਾਲ ਵਿਚ ਕਾਫੀ ਥਾਂ ਮੁਹੱਈਆ ਹੈ। ਉਨ੍ਹਾਂ ਦੱਸਿਆ ਕਿ ਇਸ ਡੰਪ ਨੇੜੇ ਪੈਟਰੋਲ ਪੰਪ, ਰੇਲਵੇ ਲਾਈਨ, ਹਸਪਤਾਲ, ਰੈਸਟੋਰੈਂਟ ਆਦਿ ਹਨ ਅਤੇ ਉੱਪਰੋਂ ਹਾਈ ਟੈਨਸ਼ਨ ਵਾਇਰ ਲੰਘਦੀ ਹੈ, ਜੋ ਵੱਡਾ ਖਤਰਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਟ੍ਰੈਫਿਕ ਵਧ ਰਿਹਾ ਹੈ, ਇਸ ਲਈ ਇਸ ਮੋੜ ’ਤੇ ਮਿਰਰ ਲਾਏ ਜਾਣ, ਜਿਵੇਂ ਕੈਂਟ ਹਲਕੇ ਵਿਚ ਲਾਏ ਗਏ ਹਨ।
ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ 2027 ਦੀਆਂ ਚੋਣਾਂ ਭਾਜਪਾ ਲਈ ਵੱਡੀ ਚੁਣੌਤੀ

ਆਸ਼ੂ ਸ਼ਰਮਾ ਨੇ ਕਿਹਾ ਕਿ ਇੰਦਰਾ ਕਾਲੋਨੀ ਵਿਚ ਸਮੱਸਿਆਵਾਂ ਘੱਟ ਨਹੀਂ ਹੋ ਰਹੀਆਂ। ਕਈ ਗਲੀਆਂ ਵਿਚ ਹਮੇਸ਼ਾ ਪਾਣੀ ਭਰਿਆ ਰਹਿੰਦਾ ਹੈ ਅਤੇ ਸੜਕਾਂ ਟੁੱਟੀਆਂ ਹੋਈਆਂ ਹਨ। ਵਾਰਡ ਵਿਚ 2 ਡਿਸਪੋਜ਼ਲ ਹਨ, ਜਿਨ੍ਹਾਂ ਦੇ ਚੱਲਣ ਦਾ ਸਮਾਂ ਤੈਅ ਨਹੀਂ ਅਤੇ ਉਨ੍ਹਾਂ ਦੀਆਂ ਮੋਟਰਾਂ ਅਕਸਰ ਖਰਾਬ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਵਾਰਡ ਵਿਚ 35 ਕਾਲੋਨੀਆਂ ਹਨ, ਪਰ ਸਿਰਫ 4 ਸਵੀਪਰ ਆਉਂਦੇ ਹਨ, ਗਿਣਤੀ ਵਧਾਈ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਰਡ ਿਵਚ ਕੋਈ ਰੇਹੜੀ ਅਲਾਟ ਨਹੀਂ ਕੀਤੀ ਜਾ ਰਹੀ।

ਰਾਜੇਸ਼ ਠਾਕੁਰ ਨੇ ਕਿਹਾ ਕਿ ਸਾਰੇ ਕੌਂਸਲਰ ਆਪਣੇ-ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਉਠਾ ਰਹੇ ਹਨ ਪਰ ਸ਼ਹਿਰ ਦੇ ਹਿੱਤ ਦੀ ਕੋਈ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਪਲਾਸਟਿਕ ਸ਼ਹਿਰ ਲਈ ਬਹੁਤ ਵੱਡਾ ਖਤਰਾ ਬਣ ਚੁੱਕਾ ਹੈ। ਇਹ ਸੀਵਰ ਜਾਮ ਦਾ ਮੁੱਖ ਕਾਰਨ ਹਨ। ਪਲਾਸਟਿਕ ’ਤੇ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਲਗਾਤਾਰ ਵਿਸ਼ੇਸ਼ ਮੁਹਿੰਮ ਚਲਾਉਣ ਦੀ ਮੰਗ ਕੀਤੀ।

ਹਰਪ੍ਰੀਤ ਵਾਲੀਆ ਨੇ ਦੱਸਿਆ ਕਿ ਟਰਾਂਸਪੋਰਟ ਨਗਰ ਡਿਸਪੋਜ਼ਲ ਦੇ ਟੈਂਡਰ ਕੋਈ ਠੇਕੇਦਾਰ ਨਹੀਂ ਚੁੱਕ ਰਿਹਾ। ਵਾਰਡ ਦਾ 75 ਫੀਸਦੀ ਇਲਾਕਾ ਅਨਡਿਕਲੇਅਰ ਹੈ, ਜਿਥੇ ਕੋਈ ਕੰਮ ਨਹੀਂ ਹੋ ਰਿਹਾ ਅਤੇ ਕੌਂਸਲਰ ਤੋਂ ਕੋਈ ਰਾਏ ਨਹੀਂ ਲਾਈ ਜਾਂਦੀ। ਉਨ੍ਹਾਂ ਕਿਹਾ ਕਿ ਜਿਥੇ 40-50 ਵਾਰ ਸੁਪਰ-ਸਕਸ਼ਨ ਹੋਈ, ਉਥੇ ਵੀ ਕੋਈ ਨਤੀਜਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬਿੱਲ ਬਣਾਉਣ ਸਮੇਂ ਕੌਂਸਲਰ ਦਾ ਸਰਟੀਫਿਕੇਟ ਕਿਉਂ ਨਹੀਂ ਲਿਆ ਜਾਂਦਾ। ਵਾਲੀਆ ਨੇ ਕਿਹਾ ਕਿ ਵਾਰਡ ਇੰਚਾਰਜ ਦੇ ਜ਼ਰੀਏ ਹੀ ਕੰਮ ਕਰਵਾਏ ਜਾ ਰਹੇ ਹਨ, ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਰੋਡ ’ਤੇ ਰੇਰੂ ਨੇੜੇ ਹਾਈਵੇਅ ਵਿਚ ਜੋ ਨਵੇਂ ਕੱਟ ਬਣਾਏ ਗਏ ਹਨ, ਉਨ੍ਹਾਂ ਕਾਰਨ ਐਕਸੀਡੈਂਟ ਵਧ ਰਹੇ ਹਨ, ਉਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ।

ਲਵ ਰੌਬਿਨ ਨੇ ਕਿਹਾ ਕਿ ਉਨ੍ਹਾਂ ਦਾ ਵਾਰਡ ਬਿਲਕੁਲ ਨਵਾਂ ਹੈ ਅਤੇ ਕਈ ਜ਼ੋਨਾਂ ਤਹਿਤ ਆਉਂਦਾ ਹੈ, ਫਿਰ ਵੀ ਉਥੇ ਨਾ ਕੋਈ ਸੁਪਰ-ਸਕਸ਼ਨ ਹੈ, ਨਾ ਐੱਸ. ਡੀ. ਓ. ਅਤੇ ਨਾ ਹੀ ਜੇ. ਈ.। ਇਸ ਵਜ੍ਹਾ ਨਾਲ ਿਵਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ।

ਕਿੰਨੂ ਸੰਦਲ ਨੇ ਕਿਹਾ ਕਿ ਨਿਊ ਦਸਮੇਸ਼ ਨਗਰ ਵਿਚ ਅੰਡਰਗਰਾਊਂਡ ਵਾਟਰ ਟੈਂਕ ਬਣ ਰਿਹਾ ਹੈ ਅਤੇ ਇਸ ਦੇ ਨੇੜੇ ਨਿਗਮ ਦੀ ਕੀਮਤੀ ਜ਼ਮੀਨ ਹੈ, ਜਿਸ ’ਤੇ ਕਬਜ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਛੁਡਵਾਇਆ ਜਾਵੇ ਅਤੇ ਇਸ ਜ਼ਮੀਨ ਦੀ ਵਰਤੋਂ ਨਿਗਮ ਕਿਸੇ ਪ੍ਰਾਜੈਕਟ ਵਿਚ ਕਰੇ।

ਡਾ. ਮਨੀਸ਼ ਕਰਲੂਪੀਆ ਨੇ ਦੱਸਿਆ ਕਿ ਬਾਬੂ ਜਗਜੀਵਨ ਰਾਮ ਚੌਕ ਤੋਂ ਕੜ੍ਹੀਵਾਲਾ ਚੌਕ ਤਕ ਸੀਵਰ ਲਾਈਨ ਦਾ ਕੰਮ ਬਹੁਤ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ। ਸਾਰਾ ਦਿਨ ਇਥੇ ਭਾਰੀ ਟ੍ਰੈਫਿਕ ਰਹਿੰਦਾ ਹੈ ਅਤੇ ਹਾਲਾਤ ਬੇਹੱਦ ਖਰਾਬ ਹਨ। ਫਰਵਰੀ ਵਿਚ ਇਥੇ ਜਨਮ ਉਤਸਵ ਸਬੰਧੀ ਸ਼ੋਭਾ ਯਾਤਰਾ ਕੱਢੀ ਜਾਣੀ ਹੈ, ਇਸ ਲਈ ਕੰਮ ਜਲਦੀ ਪੂਰਾ ਕੀਤਾ ਜਾਵੇ।

ਜਤਿਨ ਗੁਲਾਟੀ ਨੇ ਕਿਹਾ ਕਿ ਜਲੰਧਰ ਦੇ ਨਾਗਰਿਕਾਂ ਨੂੰ ਹਰ ਹਾਲ ਵਿਚ ਸਾਫ ਪਾਣੀ ਹੀ ਸਪਲਾਈ ਹੋਣਾ ਚਾਹੀਦਾ ਹੈ, ਪਹਿਲੀ ਜ਼ਿੰਮੇਵਾਰੀ ਕੌਂਸਲਰ ’ਤੇ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡੈੱਥ ਕੇਸ ਵਿਚ ਭਰਤੀ ਕਰਮਚਾਰੀ ਪਤਾ ਨਹੀਂ ਕਿੱਥੇ ਭੇਜ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ਸਬੰਧਤ ਵਾਰਡਾਂ ਵਿਚ ਹੀ ਲਾਇਆ ਜਾਵੇ।ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਦੱਸੀ ਕਿ ਕੂੜਾ ਇਧਰ-ਉਧਰ ਨਾ ਸੁੱਟਣ ਅਤੇ ਇਸ ਦੀ ਮਾਨੀਟਰਿੰਗ ਹੋਣੀ ਚਾਹੀਦੀ।
ਇਹ ਵੀ ਪੜ੍ਹੋ: ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ 'ਚ ਮਚੀ ਹਫ਼ੜਾ-ਦਫ਼ੜੀ, ਮੰਜ਼ਰ ਵੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ
NEXT STORY