ਭੋਗਪੁਰ (ਸੂਰੀ) : ਥਾਣਾ ਭੋਗਪੁਰ ਦੀ ਪੁਲਸ ਚੌਕੀ ਪਚਰੰਗਾ ਹੇਠ ਪੈਂਦੇ ਪਿੰਡ ਨਿਜ਼ਾਮਦੀਨਪੁਰ 'ਚ ਇਕ ਵਿਆਹੁਤਾ ਵਲੋਂ ਚੁੰਨੀ ਨਾਲ ਫਾਹ ਲੈ ਕੇ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਏ. ਐੱਸ. ਪੀ. ਅੰਕੁਰ ਗੁਪਤਾ, ਥਾਣਾ ਮੁਖੀ ਨਰੇਸ਼ ਜੋਸ਼ੀ ਅਤੇ ਸਹਾਇਕ ਥਾਣਾ ਮੁਖੀ ਗੁਰਵਿੰਦਰਜੀਤ ਸਿੰਘ ਨਾਗਰਾ ਪਿੰਡ ਨਿਜ਼ਾਮਦੀਨਪੁਰ ਪੁੱਜੇ ਅਤੇ ਉਨ੍ਹਾਂ ਮ੍ਰਿਤਕਾ ਦੀ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ। ਇਸ ਸਬੰਧ 'ਚ ਬਲਦੇਵ ਸਿੰਘ ਪੁੱਤਰ ਤਾਰੂ ਸਿੰਘ ਵਾਸੀ ਪਿੰਡ ਸਹੋਤਾ ਥਾਣਾ ਬੁੱਲ੍ਹੋਵਾਲ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੀ ਛੋਟੀ ਲੜਕੀ ਰਜਨੀ ਜਿਸ ਦੀ ਸ਼ਾਦੀ ਅਮਨ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਨਿਜ਼ਾਮਦੀਨਪੁਰ ਨਾਲ 10 ਸਾਲ ਪਹਿਲਾਂ ਹੋਈ ਸੀ ਅਤੇ ਲੜਕੀ ਦੇ ਦੋ ਬੱਚੇ ਹਨ।
ਰਜਨੀ ਨਾਲ ਉਸ ਦਾ ਘਰ ਵਾਲਾ ਅਮਨ ਕੁਮਾਰ, ਦਿਓਰ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਪਾਲ, ਸਹੁਰਾ ਜੋਗਿੰਦਰ ਪਾਲ ਪੁੱਤਰ ਹਜ਼ਾਰਾ ਸਿੰਘ, ਦਰਾਣੀ ਸਰਬਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਸਾਰੇ ਵਾਸੀ ਨਿਜ਼ਾਮਦੀਨਪੁਰ ਇਸ ਗੱਲ ਨੂੰ ਲੈ ਕੇ ਝਗੜਾ-ਲੜਾਈ ਜਿਹੜਾ ਕਰਦੇ ਸਨ ਕਿ ਇਹ ਆਪਣੇ ਘਰ ਵਾਲੇ ਨੂੰ ਰੋਟੀ ਟਾਈਮ ਸਿਰ ਨਹੀਂ ਦਿੰਦੀ ਅਤੇ ਬੱਚਿਆਂ ਨੂੰ ਵੀ ਠੀਕ ਤਰ੍ਹਾਂ ਨਹੀਂ ਸੰਭਾਲਦੀ।
ਬਿਆਨਕਰਤਾ ਨੇ ਦੱਸਿਆ ਹੈ ਕਿ ਇਕ ਵਾਰ ਉਸ ਦੀ ਪੁੱਤਰੀ ਨੇ ਪੇਕੇ ਘਰ ਆ ਕੇ ਸਹੁਰਾ ਪਰਿਵਾਰ ਵਲੋਂ ਕੀਤੇ ਜਾਂਦੇ ਲੜਾਈ-ਝਗੜੇ ਬਾਰੇ ਦੱਸਿਆ ਸੀ ਪਰ ਉਸ ਨੇ ਉਸ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ। ਜਦੋਂ ਸਵੇਰੇ ਰਜਨੀ ਦਾ ਸਹੁਰਾ ਜੋਗਿੰਦਰ ਪਾਲ ਉਸ ਦੇ ਪੇਕੇ ਪਿੰਡ ਗਿਆ ਅਤੇ ਉਸ ਨੇ ਜਾ ਕੇ ਦੱਸਿਆ ਕਿ ਰਜਨੀ ਨੂੰ ਹਾਰਟ ਅਟੈਕ ਆ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ। ਬਲਦੇਵ ਸਿੰਘ ਜਦੋਂ ਆਪਣੀ ਪੁੱਤਰੀ ਦੇ ਘਰ ਨਿਜ਼ਾਮਦੀਨਪੁਰ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਨੇ ਗਲ 'ਚ ਚੁੰਨੀ ਪਾ ਕੇ ਫਾਹ ਲੈ ਕੇ ਜਾਨ ਦੇ ਦਿੱਤੀ ਹੈ। ਉਸ ਨੇ ਕਿਹਾ ਕਿ ਰਜਨੀ ਦੇ ਸਹੁਰਾ ਪਰਿਵਾਰ ਵਲੋਂ ਰਜਨੀ ਨਾਲ ਲੜਾਈ-ਝਗੜਾ ਕੀਤਾ ਜਾਂਦਾ ਸੀ। ਇਸ ਤੋਂ ਤੰਗ ਆ ਕੇ ਮਜਬੂਰ ਹੋ ਕੇ ਉਸ ਨੇ ਆਪਣੀ ਜਾਨ ਦੇ ਦਿੱਤੀ ਅਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਉਸ ਦਾ ਸਹੁਰਾ ਪਰਿਵਾਰ ਹੈ। ਪੁਲਸ ਵਲੋਂ ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਹਿਣੇ ਤੇ ਨਕਦੀ 'ਤੇ ਕੀਤਾ ਹੱਥ ਸਾਫ
NEXT STORY