ਫਗਵਾੜਾ (ਜਲੋਟਾ) - ਬੰਗਾ ਰੋਡ ’ਤੇ ਸਥਿਤ ਚੱਡਾ ਮਾਰਕੀਟ ਵਿਚ ਲੰਬੇ ਸਮੇਂ ਤੋਂ ਬਣੀ ਹੋਈ ਗੰਦੇ ਪਾਣੀ ਦੀ ਨਿਕਾਸੀ, ਸੀਵਰੇਜ ਵਿਵਸਥਾ ਅਤੇ ਸਰਕਾਰੀ ਨਾਲਿਆਂ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਨਗਰ ਨਿਗਮ ਦੀ ਕਾਰਜਪ੍ਰਣਾਲੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ, ਜਿਸ ਦਾ ਪਰਦਾਫਾਸ਼ ਅੱਜ ਇਲਾਕੇ ਦੇ ਦਰਜਨਾਂ ਦੁਕਾਨਦਾਰਾਂ ਨੇ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਸਾਹਮਣੇ ਬੇਬਾਕੀ ਨਾਲ ਕੀਤਾ ਹੈ।
ਜਾਣਕਾਰੀ ਅਨੁਸਾਰ ਬੰਗਾ ਚੌਂਕ ਦੇ ਨੇੜੇ ਸਥਿਤ ਚੱਡਾ ਮਾਰਕੀਟ ਵਿਚ ਪਿਛਲੇ ਲੰਬੇ ਸਮੇਂ ਤੋਂ ਪਾਣੀ ਭਰਨ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਤੋਂ ਪਰੇਸ਼ਾਨ ਦੁਕਾਨਦਾਰਾਂ ਦਾ ਦਰਦ ਉਸ ਸਮੇਂ ਸਾਹਮਣੇ ਆਇਆ, ਜਦੋਂ ਫਗਵਾੜਾ ਦੇ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਸਾਥੀਆਂ ਸਮੇਤ ਮਾਰਕੀਟ ਦਾ ਖੁਦ ਦੌਰਾ ਕਰ ਕੇ ਮੌਕੇ ਦੇ ਹਾਲਾਤ ਦਾ ਜਾਇਜ਼ਾ ਲਿਆ ਹੈ। ਇਸ ਮੌਕੇ ਨਗਰ ਨਿਗਮ ਫਗਵਾੜਾ ਦੇ ਕੌਂਸਲਰ ਸੰਜੀਵ ਬੁੱਗਾ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ, ਵਿਨੋਦ ਵਰਮਾਨੀ, ਗੁਰਜੀਤ ਪਾਲ ਵਾਲੀਆ, ਤਜਿੰਦਰ ਬਾਵਾ ਸਮੇਤ ਕਈ ਪਤਵੰਤੇ ਮੌਜੂਦ ਸਨ।
ਦੁਕਾਨਦਾਰਾਂ ਨੇ ਵਿਧਾਇਕ ਧਾਲੀਵਾਲ ਨੂੰ ਦੱਸਿਆ ਕਿ ਹਲਕੀ ਜਿਹੀ ਬਾਰਿਸ਼ ਹੁੰਦੇ ਹੀ ਚੱਡਾ ਮਾਰਕੀਟ ਦੀਆਂ ਸੜਕਾਂ ਅਤੇ ਆਸ-ਪਾਸ ਦਾ ਖੇਤਰ ਗੰਦੇ ਪਾਣੀ ਨਾਲ ਭਰ ਜਾਂਦਾ ਹੈ। ਹਾਲਾਤ ਇੰਨੇ ਖਰਾਬ ਹੋ ਜਾਂਦੇ ਹਨ ਕਿ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਤੱਕ ਪਹੁੰਚਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਬੀਤੇ ਦਿਨੀਂ ਹੋਈ ਬਾਰਿਸ਼ ਦੇ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਲਗਾਤਾਰ 2 ਦਿਨਾਂ ਤੱਕ ਬੰਦ ਰਹੀਆਂ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਬਾਜ਼ਾਰ ਵਿੱਚ ਆਉਣ ਵਾਲੇ ਗਾਹਕਾਂ, ਰਾਹਗੀਰਾਂ ਅਤੇ ਵਿਸ਼ੇਸ਼ ਕਰ ਕੇ ਸਕੂਲੀ ਬੱਚਿਆਂ ਨੂੰ ਗੰਦੇ ਪਾਣੀ ਦੇ ਵਿੱਚੋਂ ਲੰਘਣ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਦੁਕਾਨਦਾਰ ਸੰਜੂ ਚਾਹਲ ਸਮੇਤ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਬੰਗਾ ਰੋਡ ਦੇ ਨਾਲ ਬਣਿਆ ਨਾਲਾ ਲੰਬੇ ਸਮੇਂ ਤੋਂ ਬੰਦ ਹੈ। ਮਾਰਕੀਟ ਦਾ ਬਰਸਾਤੀ ਪਾਣੀ ਇਸੇ ਨਾਲੇ ਵਿੱਚ ਜਾਂਦਾ ਹੈ ਪਰ ਗੰਦੇ ਨਾਲੇ ਦੀ ਨਿਕਾਸੀ ਕੁਝ ਸ਼ਾਤਰ ਲੋਕਾਂ ਵੱਲੋਂ ਰੇਤ ਦੀਆਂ ਬੋਰੀਆਂ ਠੂਸ ਕੇ ਅਤੇ ਨਿੱਜੀ ਪਾਈਪਾਂ ਪਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਇਸ ਦੇ ਕਾਰਨ ਗੰਦਾ ਪਾਣੀ ਅੱਗੇ ਨਹੀਂ ਜਾਂਦਾ ਅਤੇ ਕਈ ਦਿਨਾਂ ਤੱਕ ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਜਮ੍ਹਾਂ ਰਹਿੰਦਾ ਹੈ।
ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਹ ਬੇਹੱਦ ਹੈਰਾਨੀ ਦੀ ਗੱਲ ਹੈ ਕਿ ਫਗਵਾੜਾ ਦੀ ਇੰਨੀ ਗੰਭੀਰ ਜਨਸਮੱਸਿਆ ਦੀ ਪੂਰੀ ਜਾਣਕਾਰੀ ਨਗਰ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ, ਮੇਅਰ ਰਾਮਪਾਲ ਉੱਪਲ ਸਮੇਤ ਜ਼ਿਲਾ ਕਪੂਰਥਲਾ ਦੇ ਜ਼ਿਲਾਧੀਸ਼ ਸਮੇਤ ਸਮੂਹ ਜ਼ਿਲਾ ਪ੍ਰਸ਼ਾਸਨ ਨੂੰ ਹੈ ਪਰ ਇਸ ਦੇ ਬਾਵਜੂਦ ਜਨਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ? ਖੁਦ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨੂੰ ਸਵੀਕਾਰ ਕੀਤਾ ਜਾ ਚੁੱਕਾ ਹੈ। ਫਿਰ ਬਣਦੀ ਕੜੀ ਕਾਰਵਾਈ ਕਰ ਕੇ ਸਰਕਾਰੀ ਗੰਦੇ ਨਾਲੇ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖਿਲਾਫ਼ ਕੁਝ ਕਿਉਂ ਨਹੀਂ ਹੋ ਰਿਹਾ? ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਾਧਾਰੀਆਂ ਅੱਗੇ ਨਗਰ ਨਿਗਮ ਫਗਵਾੜਾ ਤੇ ਜ਼ਿਲਾ ਪ੍ਰਸ਼ਾਸਨ ਬੇਵੱਸ ਲੱਗਦਾ ਨਜ਼ਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਵੱਲੋਂ ਕਬਜ਼ਿਆਂ ਅਤੇ ਸੰਬੰਧਿਤ ਸਮੱਸਿਆ ਨੂੰ ਲੈ ਕੇ ਆਧਿਕਾਰਿਕ ਤੌਰ ’ਤੇ ਲੋਕ ਦਿਖਾਵਾ ਕਰਨ ਲਈ 3 ਦਿਨ ਦਾ ਨੋਟਿਸ ਜਾਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਹੈਰਾਨੀ ਦੀ ਗੱਲ ਹੈ ਕਿ ਨੋਟਿਸ ਦੀ ਮਿਆਦ ਬੀਤ ਜਾਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਨਿਗਮ ਦੀ ਕਾਰਵਾਈ ਲਗਭਗ ਸਿਫ਼ਰ ਦਿਖਾਈ ਦੇ ਰਹੀ ਹੈ।
ਜਨਸਮੱਸਿਆ ਦਾ ਹੁਣ ਪੱਕੇ ਤੌਰ ’ਤੇ ਹੱਲ ਕੀਤਾ ਜਾਵੇਗਾ : ਮੇਅਰ
ਮੇਅਰ ਰਾਮਪਾਲ ਉੱਪਲ ਨੇ ਨਿਗਮ ਦਾ ਪੱਖ ਰੱਖਦੇ ਹੋਏ ਦਾਅਵਾ ਕੀਤਾ ਹੈ ਕਿ ਇਸ ਜਨਸਮੱਸਿਆ ਦਾ ਹੁਣ ਬਣਦੀ ਕੜੀ ਸਰਕਾਰੀ ਕਾਰਵਾਈ ਕਰ ਕੇ ਪੱਕਾ ਸਮਾਧਾਨ ਕੀਤਾ ਜਾ ਰਿਹਾ ਹੈ।
ਮੇਅਰ ਉੱਪਲ ਨੇ ਕਿਹਾ ਕਿ ਉਨ੍ਹਾਂ ਨੇ ਬਤੌਰ ਮੇਅਰ ਫਗਵਾੜਾ ਨਗਰ ਨਿਗਮ ਕਮਿਸ਼ਨਰ ਘੱਟ ਏ.ਡੀ.ਸੀ. ਰਣਦੀਪ ਸਿੰਘ ਹੀਰ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਕਿ ਸਰਕਾਰੀ ਗੰਦੇ ਨਾਲੇ ’ਤੇ ਜਿਸ ਨੇ ਵੀ ਨਾਜਾਇਜ਼ ਕਬਜ਼ਾ ਕੀਤਾ ਹੈ, ਉਸ ਦੇ ਖਿਲਾਫ਼ ਬਿਨਾ ਕਿਸੇ ਪੱਖਪਾਤ ਦੇ ਕਾਨੂੰਨ ਦੇ ਤਹਿਤ ਕਾਰਵਾਈ ਕਰ ਕੇ ਨਿਗਮ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਪੂਰਨ ਰੂਪ ਵਿਚ ਬਹਾਲ ਕੀਤਾ ਜਾਵੇ।
ਪਠਾਨਕੋਟ ਗਏ ਪਰਿਵਾਰ ਦੇ ਪਿੱਛੋਂ ਘਰ ਦੇ ਤਾਲੇ ਤੋੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ; ਇਲਾਕੇ ’ਚ ਦਹਿਸ਼ਤ ਦਾ ਮਾਹੌਲ
NEXT STORY