ਜਲੰਧਰ (ਪੁਨੀਤ)— ਨਗਰ ਨਿਗਮ 'ਚ ਠੇਕੇ 'ਤੇ 160 ਸੀਵਰਮੈਨਾਂ ਦੀ ਭਰਤੀ ਨੂੰ ਲੈ ਕੇ ਚੱਲ ਰਹੇ ਟਕਰਾਅ ਦੌਰਾਨ ਭਰਤੀ 'ਤੇ ਹਾਊਸ ਦੀ ਮੀਟਿੰਗ ਿਵਚ ਦੋਬਾਰਾ ਮੋਹਰ ਲੱਗ ਗਈ ਜੋ ਕਿ ਕਾਂਗਰਸੀ ਲੀਡਰਸ਼ਿਪ ਦੇ ਸ਼ਕਤੀ ਪ੍ਰਦਰਸ਼ਨ ਦਾ ਹੀ ਨਤੀਜਾ ਹੈ। ਨਿਗਮ ਨੇ ਇਸ ਭਰਤੀ ਨੂੰ ਲੈ ਕੇ ਪਹਿਲਾਂ ਵੀ ਹਾਊਸ ਦੀ ਮੀਟਿੰਗ 'ਚ ਇਸ ਪ੍ਰਸਤਾਵ ਨੂੰ ਪਾਸ ਕੀਤਾ ਸੀ ਪਰ ਵਿਰੋਧ ਹੋਣ ਕਾਰਨ ਮੇਅਰ ਨੇ ਕੌਂਸਲਰਾਂ ਦੀ ਰਾਏ ਜਾਣਨ ਲਈ ਦੋਬਾਰਾ ਮੀਟਿੰਗ ਬੁਲਾਈ, ਜਿਸ ਵਿਚ ਰੱਖੀ ਗਈ ਭਰੋਸੇ ਦੀ ਵੋਟ ਵਿਚ ਕਾਂਗਰਸ ਪਾਸ ਹੋ ਗਈ। ਪੂਰੇ ਘਟਨਾ ਚੱਕਰ ਨੂੰ ਲੈ ਕੇ ਚੰਡੀਗੜ੍ਹ ਵਿਧਾਨ ਸਭਾ ਸੈਸ਼ਨ 'ਚ ਹਿੱਸਾ ਲੈਣ ਗਏ ਵਿਧਾਇਕ ਪਲ-ਪਲ ਦੀ ਜਾਣਕਾਰੀ ਲੈਂਦੇ ਰਹੇ।
ਭਰਤੀ ਖਿਲਾਫ ਨਿਗਮ ਯੂਨੀਅਨਾਂ ਵੱਲੋਂ ਸਵੇਰ ਤੋਂ ਨਿਗਮ ਕੰਪਲੈਕਸ 'ਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਸ਼ਾਮ ਦੇ ਸਮੇਂ ਮੇਅਰ ਜਗਦੀਸ਼ ਰਾਜਾ ਵੱਲੋਂ ਹਾਊਸ ਦੀ ਮੀਟਿੰਗ ਕਾਲ ਕੀਤੀ ਗਈ, ਕੁਝ ਦੇਰ ਚੱਲੀ ਇਸ ਮੀਟਿੰਗ 'ਚ 50 ਤੋਂ ਵੱਧ ਕੌਂਸਲਰ ਸ਼ਾਮਲ ਹੋਏ। ਮੀਟਿੰਗ 'ਚ ਭਰਤੀ ਨੂੰ ਲੈ ਕੇ ਕੌਂਸਲਰਾਂ ਕੋਲੋਂ ਰਾਏ ਜਾਣਨ ਲਈ ਭਰੋਸੇ ਦੀ ਵੋਟ ਪਾਸ ਕੀਤੀ ਗਈ, ਜਿਸ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ।
ਨਿਗਮ ਯੂਨੀਅਨਾਂ ਦੇ ਸੀਨੀਅਰ ਆਗੂ ਚੰਦਨ ਗਰੇਵਾਲ ਦੀ ਅਗਵਾਈ 'ਚ ਹੋ ਰਹੇ ਧਰਨਾ ਪ੍ਰਦਰਸ਼ਨ ਦੌਰਾਨ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਰੱਜ ਕੇ ਭੰਡਿਆ ਗਿਆ। ਧਰਨੇ ਕਾਰਨ ਸਫਾਈ ਸੇਵਕ ਜ਼ਿਆਦਾਤਰ ਇਲਾਕਿਆਂ 'ਚ ਨਹੀਂ ਗਏ ਜਿਸ ਕਾਰਨ ਘਰਾਂ ਵਿਚੋਂ ਕੂੜਾ ਚੁੱਕਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੌਰਾਨ ਨਿਗਮ ਨੇ ਪ੍ਰਾਈਵੇਟ ਗੱਡੀਆਂ ਨਾਲ ਡੰਪ ਤੋਂ ਕੂੜਾ ਚੁੱਕਿਆ। ਇਸ ਦੌਰਾਨ ਪ੍ਰਤਾਪ ਬਾਗ ਕੋਲ ਕੂੜਾ ਚੁੱਕਣ ਦਾ ਵਿਰੋਧ ਹੋਇਆ, ਜਿਸ ਬਾਰੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਸਬੰਧਤ ਥਾਣੇ 'ਚ ਸ਼ਿਕਾਇਤ ਕੀਤੀ ਗਈ ਹੈ। ਪ੍ਰਤਾਪ ਬਾਗ ਕੋਲ ਗੱਡੀ ਦਾ ਸ਼ੀਸ਼ਾ ਟੁੱਟਣਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਧਰਨਾ ਦੇ ਰਹੇ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਇਸ ਭਰਤੀ ਪ੍ਰਕਿਰਿਆ ਨੂੰ ਰੱਦ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਸਿਲਸਿਲੇ ਿਵਚ ਮੰਗਲਵਾਰ ਨੂੰ ਸ਼ਹਿਰ ਵਿਚ ਕੂੜਾ ਚੁੱਕਣ ਤੇ ਸਫਾਈ ਦਾ ਕੰਮ ਪ੍ਰਭਾਵਿਤ ਹੋਵੇਗਾ।

ਮੇਅਰ ਦੀ ਅਪੀਲ, ਕੂੜਾ ਡੰਪ ਤੱਕ ਪਹੁੰਚਾਉਣ 'ਚ ਲੋਕ ਕਰਨ ਸਹਿਯੋਗ
ਗੰਦਗੀ ਨਾਲ ਫੈਲਦੇ ਹਨ ਵਾਇਰਸ : ਰਾਜਾ
ਮੇਅਰ ਜਗਦੀਸ਼ ਰਾਜਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਘਰਾਂ ਵਿਚੋਂ ਕੂੜਾ ਚੁੱਕਣ ਵਿਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਇਲਾਕਿਆਂ ਦੇ ਲੋਕ ਨਜ਼ਦੀਕੀ ਕੂੜੇ ਦੇ ਡੰਪ ਵਿਚ ਆਪਣਾ ਕੂੜਾ ਸੁੱਟਣ ਤਾਂ ਜੋ ਉਥੋਂ ਕੂੜਾ ਚੁੱਕਿਆ ਜਾ ਸਕੇ। ਮੇਅਰ ਨੇ ਕਿਹਾ ਕਿ ਹੜਤਾਲ ਕਾਰਨ ਘਰ-ਘਰ ਜਾ ਕੇ ਕੂੜਾ ਚੁੱਕਣਾ ਸੰਭਵ ਨਹੀਂ ਹੈ ਪਰ ਡੰਪ ਵਿਚੋਂ ਚੁੱਕਣਾ ਸੌਖਾ ਹੈ ਇਸ ਲਈ ਲੋਕ ਸਹਿਯੋਗ ਕਰਨ।
ਰਾਜਾ ਨੇ ਕਿਹਾ ਕਿ ਵੱਖ-ਵੱਖ ਯੂਨੀਅਨਾਂ ਵੱਲੋਂ ਇਸ ਹੜਤਾਲ ਦਾ ਸਮਰਥਨ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਕੰਮਕਾਜ ਕੀਤਾ ਜਾ ਰਿਹਾ ਹੈ ਜਿਸ ਕਾਰਨ ਡੰਪ ਆਦਿ ਤੋਂ ਕੂੜਾ ਚੁੱਕਣ ਦਾ ਕੰਮ ਸੋਮਵਾਰ ਜਾਰੀ ਰਿਹਾ। ਰਾਜਾ ਨੇ ਕਿਹਾ ਕਿ ਸੀਵਰਮੈਨਾਂ ਦੀ ਭਰਤੀ ਸਮੇਂ ਦੀ ਲੋੜ ਹੈ, ਮੌਜੂਦਾ ਸਮੇਂ 'ਚ ਲੋਕਾਂ ਦੀ ਸੀਵਰੇਜ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਭਰਤੀ ਕੀਤੀ ਜਾ ਰਹੀ ਹੈ।
ਠੇਕੇ 'ਤੇ ਕੰਮ ਕਰ ਰਹੇ ਮੌਜੂਦਾ ਕਰਮਚਾਰੀਆਂ ਦੇ ਵਿਸ਼ੇ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਵੀ ਹਾਊਸ ਵਿਚ ਪ੍ਰਸਤਾਵ ਪੇਸ਼ ਕਰਨ ਸਬੰਧੀ ਜ਼ਰੂਰੀ ਕਦਮ ਚੁੱਕਣ। ਮੇਅਰ ਨੇ ਕਿਹਾ ਕਿ ਕਿਸੇ ਵੀ ਕਰਮਚਾਰੀ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਮੇਅਰ ਨੇ ਕਿਹਾ ਕਿ ਚੀਨ ਤੋਂ ਆਇਆ ਕੋਰੋਨਾ ਵਾਇਰਸ ਇਸ ਗੱਲ ਦੀ ਚਿਤਾਵਨੀ ਹੈ ਕਿ ਆਪਣੇ ਆਲੇ-ਦੁਆਲੇ ਸਫਾਈ ਰੱਖੀ ਜਾਵੇ ਤਾਂ ਜੋ ਬੀਮਾਰੀਆਂ ਫੈਲਣ ਤੋਂ ਰੋਕੀਆਂ ਜਾ ਸਕਣ।
ਮੇਅਰ ਦੇ ਦੰਦ ਖਾਣ ਦੇ ਹੋਰ, ਵਿਖਾਉਣ ਦੇ ਹੋਰ : ਗਰੇਵਾਲ
ਯੂਨੀਅਨ ਆਗੂ ਚੰਦਨ ਗਰੇਵਾਲ ਦਾ ਕਹਿਣਾ ਹੈ ਕਿ ਮੇਅਰ ਦੇ ਦੰਦ ਖਾਣ ਦੇ ਹੋਰ ਅਤੇ ਵਿਖਾਉਣ ਦੇ ਹੋਰ ਹਨ। ਉਨ੍ਹਾਂ ਕਿਹਾ ਕਿ ਮੇਅਰ ਉਕਤ ਕਰਮਚਾਰੀਆਂ ਨੂੰ ਬਾਅਦ ਵਿਚ ਪੱਕਾ ਕਰਵਾਉਣ ਦੀ ਗੱਲ ਕਰ ਰਹੇ ਹਨ ਜੋ ਕਿ ਹਾਸੋਹੀਣਾ ਹੈ। ਉਨ੍ਹਾਂ ਕਿਹਾ ਕਿ ਨਿਗਮ ਵਿਚ ਠੇਕੇ 'ਤੇ ਅਜਿਹੇ ਕਈ ਕਰਮਚਾਰੀ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਕੰਮ ਕਰਦਿਆਂ 10 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਠੇਕੇ ਵਾਲੇ ਕਰਮਚਾਰੀ ਪੱਕੇ ਕਰਵਾਉਣ ਦੀ ਮੇਅਰ ਨੂੰ ਚਿੰਤਾ ਹੈ ਤਾਂ ਪਹਿਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ।
ਹਾਊਸ 'ਚ ਇਹ ਕੌਂਸਲਰ ਮੁੱਖ ਤੌਰ 'ਤੇ ਰਹੇ ਮੌਜੂਦ
ਹਾਊਸ ਦੀ ਮੀਟਿੰਗ ਵਿਚ 50 ਤੋਂ ਵੱਧ ਕੌਂਸਲਰ ਸ਼ਾਮਲ ਹੋਏ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਨਿਰਮਲ ਸਿੰਘ ਨਿੰਮਾ, ਬੰਟੀ ਨੀਲਕੰਠ, ਤਰਸੇਮ ਸਿੰਘ ਲਖੋਤਰਾ, ਪਵਨ ਕੁਮਾਰ, ਜਗਦੀਸ਼ ਸਮਰਾਏ, ਵਿੱਕੀ ਕਾਲੀਆ, ਉਮਾ ਬੇਰੀ, ਜਸਲੀਨ ਸੇਠੀ, ਮਨਜੀਤ ਕੌਰ, ਰੋਹਣ ਸਹਿਗਲ, ਮਨਦੀਪ ਜੱਸਲ, ਸੁੱਚਾ ਸਿੰਘ, ਸਤਿੰਦਰਜੀਤ ਕੌਰ, ਰੀਨਾ ਕੌਰ ਸਣੇ ਕਈ ਆਗੂ ਮੌਜੂਦ ਸਨ। ਉਥੇ ਭਾਜਪਾ ਕੌਂਸਲਰ ਸੁਸ਼ੀਲ ਸ਼ਰਮਾ, ਦਲਜੀਤ ਪ੍ਰਿੰਸ, ਵੀਰੇਸ਼ ਮਿੰਟੂ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ।
ਟਿਊਸ਼ਨ ਜਾ ਰਹੀ ਬੱਚੀ ਨੂੰ ਆਵਾਰਾ ਕੁੱਤੇ ਨੇ ਵੱਢਿਆ
NEXT STORY