ਬੰਗਾ, (ਚਮਨ ਲਾਲ/ਰਾਕੇਸ਼ ਅਰੋਡ਼ਾ)- ਬੰਗਾ ਮੁੱਖ ਮਾਰਗ ’ਤੇ ਪੈਂਦੇ ਬੱਸ ਸਟੈਂਡ ਦੇ ਕੋਲ ਕੁਝ ਕੁ ਦੁਕਾਨਾਂ ਦੇ ਮਾਲਕਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੀਤੀ ਗਈ ਨਿਸ਼ਾਨਦੇਹੀ ਤੋਂ ਬਾਅਦ ਉਪਰੋਕਤ ਦੁਕਾਨਾਂ ਨੂੰ ਖਾਲੀ ਕਰਵਾ ਲਿਆ ਗਿਆ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ਪਹਿਲਾਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਰੂਪਨਗਰ-ਫਗਵਾਡ਼ਾ ਤੱਕ ਬਣਨ ਜਾ ਰਹੇ ਚਹੁੰ ਮਾਰਗੀ ਪ੍ਰੋਜੈਕਟ ਤਹਿਤ ਬੰਗਾ ਵਿਚ ਫਲਾਈਓਵਰ ਦਾ ਨਿਰਮਾਣ ਜਿਥੇ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਉਥੇ ਹੀ ਇਸ ਦੇ ਨਾਲ ਬਿਜਲੀ ਦੀਅਾਂ ਲਾਈਨਾਂ ਨੂੰ ਸਡ਼ਕ ਤੋਂ ਦੂਰ ਕਰਨ ਤੇ ਨਵੇਂ ਸੀਵਰੇਜ ਪਾਉਣ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬੰਗਾ ਬੱਸ ਸਟੈਂਡ ਨੇਡ਼ੇ ਪੈਣ ਵਾਲੇ ਸੀਵਰੇਜ ਤੇ ਰੁਕੇ ਪੁਲ ਦੇ ਨਿਰਮਾਣ ਨੂੰ ਚਲਾਉਣ ਲਈ ਸਥਾਨਕ ਬੱਸ ਸਟੈਂਡ ਨੇਡ਼ੇ ਪੈਂਦੀਅਾਂ ਕੁਝ ਕੁ ਦੁਕਾਨਾਂ ਵਾਲਿਅਾਂ ਨੂੰ ਦੁਕਾਨਾਂ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ ਤੇ ਉਪਰੋਕਤ ਨੋਟਿਸ ਦੀ ਮਿਆਦ ਬੀਤੀ ਰਾਤ ਖਤਮ ਹੋਣ ਤੋਂ ਬਾਅਦ ਅੱਜ ਅਥਾਰਟੀ ਤੇ ਸਥਾਨਕ ਪ੍ਰਸ਼ਾਸਨ ਨੇ ਪੁਲਸ ਦੀ ਮਦਦ ਨਾਲ ਉਪਰੋਕਤ ਦੁਕਾਨਾਂ ਨੂੰ ਖਾਲੀ ਕਰਵਾ ਲਿਆ।
ਕੀ ਕਹਿਣੈ ਨੈਸ਼ਨਲ ਹਾਈਵੇ ਪ੍ਰੋਜੈਕਟ ਡਾਇਰੈਕਟਰ ਦਾ
ਜਦੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਮੌਕੇ ’ਤੇ ਪੁੱਜੇ ਪੀ. ਡੀ. ਯਸ਼ਪਾਲ ਜਾਡਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਥਾਰਟੀ ਤੇ ਪ੍ਰਸ਼ਾਸਨ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਕਰ ਰਿਹਾ। ਬਲਕਿ ਦੁਕਾਨਦਾਰ ਜੋ ਸਾਲਾਂ ਤੋਂ ਨਾਜਾਇਜ਼ ਸਰਕਾਰੀ ਥਾਵਾਂ ’ਤੇ ਕਬਜ਼ਾ ਕਰ ਕੇ ਬੈਠੇ ਹਨ ਉਹ ਉਨ੍ਹਾਂ ਦੇ ਕੰਮ ਨੂੰ ਲੇਟ ਕਰ ਰਹੇ ਹਨ। ਉਨ੍ਹਾਂ ਕਿਹਾ ਉਨ੍ਹਾਂ ਦਾ ਵਿਭਾਗ ਨਾਜਾਇਜ਼ ਕਬਜ਼ੇ ਜੋ ਦੁਕਾਨਦਾਰਾਂ ਵੱਲੋਂ ਕੀਤੇ ਹੋਏ ਹਨ ਉਨ੍ਹਾਂ ਨੂੰ ਖਾਲੀ ਕਰਵਾ ਕੇ ਉਸ ਉਪਰ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਨਾਲ ਥਾਣਾ ਸਿਟੀ ਦੇ ਐੱਸ. ਐੱਚ. ਓ. ਗੋਪਾਲ ਕ੍ਰਿਸ਼ਨ, ਥਾਣਾ ਸਦਰ ਦੇ ਐੱਸ. .ਐੱਚ. ਓ. ਰਾਜੀਵ ਕੁਮਾਰ ,ਦੀਪਕ ਕੁਮਾਰ ਨੈਸ਼ਨਲ ਹਾਈਵੇ ਅਧਿਕਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
ਕੀ ਕਹਿਣਾ ਹੈ ਦੁਕਾਨਦਾਰਾਂ ਦਾ
ਦੁਕਾਨਦਾਰ ਅਸ਼ੋਕ ਕੁਮਾਰ, ਵਿਮਲਜੀਤ ਆਨੰਦ ਪੁੱਤਰ ਦੇਵ ਰਾਜ , ਚਮਨ ਲਾਲ ਆਨੰਦ ਪੁੱਤਰ ਮਨੋਹਰ ਲਾਲ ਨੇ ਕਿਹਾ ਕਿ ਉਹ ਉਪਰੋਕਤ ਜਗ੍ਹਾ ’ਤੇ ਕਈ ਸਾਲਾਂ ਤੋਂ ਦੁਕਾਨਾਂ ਬਣਾ ਕੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਕੋਲ ਉਪਰੋਕਤ ਜਾਇਦਾਦ ਦੀ ਰਜਿਸਟਰੀਅਾਂ ਵੀ ਹਨ ਤੇ ਉਨ੍ਹਾਂ ਦੇ ਇੰਤਕਾਲ ਵੀ ਉਨ੍ਹਾਂ ਦੇ ਨਾਮ ’ਤੇ ਚਡ਼੍ਹੇ ਹੋਏ ਹਨ। ਪਰ ਫਿਰ ਵੀ ਪ੍ਰਸ਼ਾਸਨ ਉਨ੍ਹਾਂ ਦੀ ਥਾਂ ਨੂੰ ਨਾਜਾਇਜ਼ ਦੱਸਦਾ ਹੋਇਆ ਅਥਾਰਟੀ ਨਾਲ ਮਿਲ ਕੇ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ। ਇਸ ਮੌਕੇ ਬੰਗਾ ਬਚਾਓ ਬਾਈਪਾਸ ਦੇ ਕਨਵੀਨਰ ਰਾਜੇਸ਼ ਧੂਪਡ਼ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ।
ਚੋਰਾਂ ਵੱਲੋਂ ਐੱਨ.ਆਰ.ਆਈ. ਦੇ ਘਰ ਚੋਰੀ
NEXT STORY