ਸੁਲਤਾਨਪੁਰ ਲੋਧੀ (ਸੋਢੀ) - ਐਸ.ਐਸ.ਪੀ. ਕਪੂਰਥਲਾ ਵਤਸਲਾ ਗੁਪਤਾ ਦੀ ਅਗਵਾਈ 'ਚ ਜ਼ਿਲ੍ਹਾ ਕਪੂਰਥਲਾ ਪੁਲਸ ਵੱਲੋਂ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਪੁਲਸ ਦੇ ਸਹਿਯੋਗ ਨਾਲ ਔਰਗੇਨਾਈਜ ਕ੍ਰਾਈਮ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਪੁਲਸ ਨੂੰ ਸੁਲਤਾਨਪੁਰ ਲੋਧੀ ਦੇ ਅਕੈਡਮੀ ਮਾਲਕ ਨੂੰ ਵੱਟਸਐਪ ਨੰਬਰ ਤੋਂ ਫੋਨ ਕਰਕੇ ਫਿਰੌਤੀ ਦੀ ਮੰਗ ਕਰਨ ਵਾਲੇ ਲੰਡਾ ਗਰੁੱਪ ਦੇ ਮੈਂਬਰ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਹੋਈ ਹੈ। ਉਸਦੇ ਹੋਰ 3 ਹੋਰ ਜ਼ਿਲ੍ਹਾ ਤਰਨਤਾਰਨ ਸਾਹਿਬ ਨਾਲ ਸਬੰਧਤ ਸਾਥੀ ਮੁਲਜਮਾਂ ਬਾਰੇ ਵੀ ਪੁਲਸ ਨੂੰ ਅਹਿਮ ਸੁਰਾਗ ਮਿਲੇ ਹਨ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਪਾਰਟੀਆਂ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ।
ਪੁਲਸ ਵੱਲੋਂ ਵੱਖ-ਵੱਖ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਦਿਆਂ ਅੱਜ ਥਾਣਾ ਸੁਲਤਾਨਪੁਰ ਲੋਧੀ ਵਿਖੇ ਐਸ.ਪੀ. ਤਫਤੀਸ਼ ਜ਼ਿਲ੍ਹਾ ਕਪੂਰਥਲਾ ਸਰਬਜੀਤ ਰਾਏ ਅਤੇ ਸੀ.ਆਈ.ਏ. ਸਟਾਫ ਕਪੂਰਥਲਾ ਦੇ ਡੀ.ਐਸ.ਪੀ. ਸਰਦਾਰ ਗੁਰਮੀਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ । ਐਸ.ਪੀ. ਸਰਬਜੀਤ ਰਾਏ ਨੇ ਅਹਿਮ ਖੁਲਾਸੇ ਕਰਦਿਆਂ ਇਹ ਵੀ ਦੱਸਿਆ ਕਿ ਕੀਤੀ ਗਈ ਤਫਤੀਸ਼ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਫਿਰੌਤੀ ਲਈ ਵਟਸਐਪ ਫੋਨ 'ਤੇ ਕਾਲਾਂ ਕਰਨ ਵਾਲੇ 80 ਫੀਸਦੀ ਬੋਗਸ ਅਤੇ ਜਾਅਲੀ ਹਨ ਜੋ ਸਿਰਫ ਬੋਗਸ ਅਤੇ ਝੂਠੀਆਂ ਕਾਲਾਂ ਕਰਕੇ ਲੋਕਾਂ ਨੂੰ ਠੱਗਣ ਦੇ ਯਤਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਐਸ.ਪੀ. ਕਪੂਰਥਲਾ ਮੈਡਮ ਵਤਸਲਾ ਗੁਪਤਾ ਦੀਆਂ ਹਿਦਾਇਤਾਂ 'ਤੇ ਸੀ.ਆਈ.ਏ. ਸਟਾਫ ਕਪੂਰਥਲਾ ਦੇ ਡੀ.ਐਸ.ਪੀ. ਗੁਰਮੀਤ ਸਿੰਘ ਸਿੱਧੂ ਵੱਲੋਂ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ. ਬਬਨਦੀਪ ਸਿੰਘ ਲੁਬਾਣਾ ਦੇ ਸਹਿਯੋਗ ਨਾਲ ਪੁਲਸ ਵੱਲੋਂ ਵੱਟਸਐਪ ਨੰਬਰ ਤੋਂ ਕਾਲਾਂ ਕਰਕੇ ਫਿਰੌਤੀਆਂ ਮੰਗਣ ਵਾਲੇ ਗੈਂਗ ਦਾ ਸਫਾਇਆ ਕੀਤਾ ਜਾਵੇਗਾ।
ਜ਼ਿਲ੍ਹਾ ਕਪੂਰਥਲਾ ਦੇ ਐਸ.ਪੀ. ਤਫਤੀਸ਼ ਸਰਬਜੀਤ ਰਾਏ ਨੇ ਮਾਮਲੇ ਸਬੰਧੀ ਦੱਸਿਆ ਕਿ ਮਿਤੀ 17 ਅਪ੍ਰੈਲ 2024 ਨੂੰ ਸੁਲਤਾਨਪੁਰ ਲੋਧੀ ਵਿੱਚ ਇੱਕ ਅਕੈਡਮੀ ਦੇ ਮਾਲਕ ਨੂੰ ਵਰਚੂਅਲ ਵੱਟਸਐਪ ਨੰਬਰ ਤੋਂ ਫੋਨ ਕਰਕੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਨਾ ਦੇਣ 'ਤੇ ਉਸਦੇ ਘਰ ਦੇ ਬਾਹਰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਹਵਾਈ ਫਾਇਰ ਕੀਤੇ ਗਏ ਸਨ। ਜਿਸ 'ਤੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਪੁਲਸ ਨੇ 19-ਅਪ੍ਰੈਲ -2024 ਅਪਰਾਧ ਧਾਰਾ 307,506,120-ਬੀ ਭ:ਦ 25 ਅਸਲਾ ਐਕਟ ਤਹਿਤ ਕੇਸ ਦਰਜ ਰਜਿਸਟਰ ਕੀਤਾ ਗਿਆ ਸੀ।
ਜਿਸ 'ਤੇ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸਰਬਜੀਤ ਰਾਏ ਪੁਲਸ ਕਪਤਾਨ, ਤਫਤੀਸ਼ ਅਤੇ ਗੁਰਮੀਤ ਸਿੰਘ ਸਿੱਧੂ ਉਪ ਪੁਲਸ ਕਪਤਾਨ ਡਿਟੈਕਟਿਵ ਕਪੂਰਥਲਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਕਪੂਰਥਲਾ ਅਤੇ ਟੈਕਨੀਕਲ ਸੈੱਲ ਕਪੂਰਥਲਾ ਦੀ ਟੀਮ ਬਣਾਈ ਗਈ ਸੀ, ਜਿਨ੍ਹਾਂ ਟੈਕਨੀਕਲ ਅਤੇ ਹਿਊਮਨ ਸੋਰਸਾਂ ਰਾਹੀਂ ਪਤਾ ਲਗਾ ਕੇ ਇਸ ਗੈਂਗ ਦੇ 1 ਮੈਂਬਰ ਅਕਾਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਜਸਪਾਲ ਸਿੰਘ ਵਾਸੀ ਝੱਲ ਬੀਬੜੀ ਥਾਣਾ ਸਦਰ ਕਪੂਰਥਲਾ ਹਾਲ ਵਾਸੀ ਗਲੀ ਨੰਬਰ 2 ਪ੍ਰੀਤ ਨਗਰ ਕਪੂਰਥਲਾ (ਥਾਣਾ ਸਿਟੀ ਕਪੂਰਥਲਾ) ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨੇ ਪੁੱਛਗਿੱਛ ਵਿਚ ਇਸ ਸਾਰੀ ਵਾਰਦਾਤ ਦਾ ਖੁਲਾਸਾ ਕੀਤਾ ਹੈ ਕਿ ਉਸਨੇ ਆਪਣੇ 3 ਹੋਰ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਬਾਕੀ ਸਾਥੀਆਂ ਦੇ ਨਾਲ ਘਰ ਅਤੇ ਅਕੈਡਮੀ ਦੀ ਨਿਗਰਾਨੀ (ਰੇਕੀ) ਕੀਤੀ ਸੀ ਅਤੇ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ। ਜਿਸ ਦੇ ਬਾਕੀ ਸਾਥੀਆਂ ਨੂੰ ਵੀ ਮੁਕੱਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਪਹਿਲਾਂ ਵੀ ਫਿਰੌਤੀ ਮੰਗਣ ਵਾਲੇ 12 ਮੁਲਜਮ ਕੀਤੇ ਗ੍ਰਿਫਤਾਰ
ਐਸ.ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਇਸਤੋਂ ਕਰੀਬ 2 ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਚ ਹੀ 1 ਟਰੈਕਟਰ ਏਜੰਸੀ ਦੇ ਮਾਲਕ ਨੂੰ ਲੰਡਾ ਗਿਰੋਹ ਵੱਲੋਂ ਵਰਚੂਅਲ ਵੱਟਸਐਪ ਨੰਬਰ ਤੋਂ ਫੋਨ ਕਰਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਕਪੂਰਥਲਾ ਦੀ ਪੁਲਸ ਨੇ ਬੜੀ ਸੂਝਬੂਝ, ਟੈਕਨੀਕਲ ਤਰੀਕੇ ਅਤੇ ਹਿਊਮਨ ਸੋਰਸਾਂ ਰਾਹੀਂ ਟਰੇਸ ਕਰਦੇ ਹੋਏ ਇਸ ਗੈਂਗ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਪਾਸੋਂ 4 ਦੇਸੀ ਪਿਸਟਲ ਵੀ ਬ੍ਰਾਮਦ ਕੀਤੇ ਗਏ ਸਨ।
ਫਿਰੌਤੀ ਲਈ ਕਪੂਰਥਲਾ, ਲੱਖਣਕਲਾਂ ਅਤੇ ਹੋਰ ਸ਼ਹਿਰਾਂ 'ਚ ਕੀਤੀਆਂ ਗਈਆਂ ਬੋਗਸ ਕਾਲਾਂ
ਐਸ.ਪੀ. ਸਰਬਜੀਤ ਰਾਏ ਤੇ ਡੀ.ਐਸ.ਪੀ. ਕਪੂਰਥਲਾ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਮਿਤੀ 20 ਅਪ੍ਰੈਲ 2024 ਨੂੰ ਟਰੇਡਿੰਗ ਗੈਸ ਕੰਪਨੀ ਕਪੂਰਥਲਾ ਦੇ ਮਾਲਕ ਨੂੰ ਵੀ ਵਰਚੂਅਲ ਵੱਟਸਐਪ ਨੰਬਰ ਤੋਂ ਫੋਨ ਕਰਕੇ ਆਪਣੇ ਆਪ ਨੂੰ ਬੰਬੀਹਾ ਗਰੁੱਪ ਦਾ ਮੈਂਬਰ ਦੱਸ ਕੇ 25 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਸਬੰਧੀ ਮੁਕੱਦਮਾ ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਇਸ ਵਾਰਦਾਤ ਦੀ ਤਫਤੀਸ਼ ਵੀ ਟੈਕਨੀਕਲ ਅਤੇ ਹਿਊਮਨ ਸੋਰਸਾਂ ਰਾਹੀਂ ਅਮਲ ਵਿੱਚ ਲਿਆਂਦੀ ਗਈ ਤਾਂ ਇਹ ਕਾਲ ਬੋਗਸ ਠੱਗੀ ਮਾਰਨ ਵਾਲੀ ਹੋਣੀ ਪਾਈ ਗਈ ਅਤੇ ਨਾ ਹੀ ਉਸਨੂੰ ਦੁਬਾਰਾ ਫਿਰ ਕਾਲ ਆਈ। ਇਸੇ ਤਰਾਂ ਕਰੀਬ 1 ਮਹੀਨਾ ਪਹਿਲਾਂ ਗੈਸ ਏਜੰਸੀ ਲੱਖਣ ਕਲਾਂ ਦੇ ਮਾਲਕ ਨੂੰ ਵਰਚੂਅਲ ਵੱਟਸਐਪ ਨੰਬਰ ਤੋਂ ਫੋਨ ਕਰਕੇ ਆਪਣੇ ਆਪ ਨੂੰ ਗੋਲਡੀ ਬਰਾੜ ਦਾ ਮੈਂਬਰ ਦੱਸ ਕੇ 4 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਜੋ ਇਹ ਕਾਲ ਦੀ ਤਫਤੀਸ਼ ਕਰਨ ਤੋਂ ਪਹਿਲੇ ਦਿਨ ਤੋਂ ਹੀ ਬੋਗਸ ਅਤੇ ਜਾਅਲੀ ਲੱਗ ਰਹੀ ਸੀ। ਕਿਉਂਕਿ ਗੋਲਡੀ ਬਰਾੜ ਗਰੁੱਪ ਵੱਲੋਂ 4 ਲੱਖ ਰੁਪਏ ਦੀ ਫਿਰੌਤੀ ਮੰਗਣਾ ਇੱਕ ਮਨਘੜਤ ਕਾਲ ਹੈ। ਜਿਸ ਦੀ ਤਸਦੀਕ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬੱਲਾ ਸ਼ਾਹ ਹਿਥਾਰ ਤੋਂ ਕੀਤੀ ਗਈ ਜੋ ਇਹ ਕਾਲ ਵੀ ਬੋਗਸ ਹੋਣੀ ਪਾਈ ਗਈ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਈ ਕਾਰੋਬਾਰੀਆਂ ਨੂੰ ਗਲਤ ਅਨਸਰ ਠੱਗੀ ਮਾਰਨ ਦੇ ਮਕਸਦ ਨਾਲ ਫਿਰੌਤੀ ਦੀਆਂ ਬੌਗਸ ਕਾਲਾਂ ਕਰ ਰਹੇ ਹਨ। ਜਿਨ੍ਹਾਂ ਦੀ ਜਾਂਚ ਕਰਨ ਤੇ ਬੋਗਸ ਕਾਲਾਂ ਦਾ ਪਤਾ ਲਗਦਾ ਹੈ । ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਕਿਸੇ ਨਾਗਰਿਕ ਨੂੰ ਡਰਨ ਦੀ ਕੋਈ ਲੋੜ ਨਹੀ ਹੈ। ਇਸ ਸਮੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਸੀ.ਆਈ.ਏ. ਸਟਾਫ ਦੇ ਇੰਸਪੈਕਟਰ ਜਰਨੈਲ ਸਿੰਘ, ਥਾਣਾ ਸੁਲਤਾਨਪੁਰ ਲੋਧੀ ਦੇ ਐਡੀਸ਼ਨਲ ਐਸ.ਐਚ.ਓ. ਸਬ ਇੰਸਪੈਕਟਰ ਰਾਜਿੰਦਰ ਸਿੰਘ ਤੇ ਚਰਨਜੀਤ ਸਿੰਘ, ਏ.ਐਸ.ਆਈ. ਕਮਲਜੀਤ ਸਿੰਘ ਵੀ ਸਨ।
ਗਰਮੀ ਨੇ ਦਿਖਾਇਆ ਭਿਆਨਕ ਰੂਪ, ਤਾਪਮਾਨ ਪੁੱਜਾ 43 ਡਿਗਰੀ, ਸੜਕਾਂ ’ਤੇ ਪਸਰੀ ਸੁੰਨ
NEXT STORY