ਜਲੰਧਰ— ਜਲੰਧਰ ਦੇ ਮਸ਼ਹੂਰ ਲੈਦਰ ਕੰਪਲੈਕਸ ਦੇ ਪਾਣੀ ਨੂੰ ਸਾਫ ਕਰਨ ਲਈ ਲਗਾਏ ਗਏ ਟਰੀਟਮੈਂਟ ਪਲਾਂਟ 'ਚੋਂ ਛੱਡੇ ਜਾਂਦੇ ਪਾਣੀ 'ਚ ਆਕਸੀਜਨ ਦੀ ਮਾਤਰਾ ਘੱਟ ਪਾਏ ਜਾਣ ਦੇ ਮਾਮਲੇ 'ਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਲੈਦਰ ਕੰਪਲੈਕਸ ਦੀ ਬਣੀ ਸੁਸਾਇਟੀ ਨੂੰ 20 ਲੱਖ ਰੁਪਏ ਬੈਂਕ ਗਾਰੰਟੀ ਅਤੇ 5 ਲੱਖ ਰੁਪਏ ਜੁਰਮਾਨਾ ਬੋਰਡ ਕੋਲ ਜਮਾਂ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਹੈ। ਬੋਰਡ ਨੇ ਇਸ ਦੇ ਨਾਲ ਇਹ ਹਦਾਇਤ ਦਿੱਤੀ ਹੈ ਕਿ ਜੇਕਰ ਟਰੀਟਮੈਂਟ ਪਲਾਂਟ ਦੀ ਕਾਰਗੁਜ਼ਾਰੀ 'ਚ ਤੈਅ ਸਮੇਂ 'ਚ ਸੁਧਾਰ ਨਾ ਕੀਤਾ ਗਿਆ ਤਾਂ ਬੋਰਡ ਵੱਲੋਂ ਬੈਂਕ ਗਾਰੰਟੀ ਜ਼ਬਤ ਕਰ ਲਈ ਜਾਵੇਗੀ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਐੱਸ. ਐੱਸ. ਮਰਵਾਹਾ ਕੋਲ ਇਸ ਕੇਸ ਬਾਰੇ ਹੋਈ ਸੁਣਵਾਈ ਤੋਂ ਬਾਅਦ ਇਸ ਬਾਰੇ ਆਦੇਸ਼ ਜਾਰੀ ਕੀਤੇ ਗਏ ਸਨ। ਚੇਅਰਮੈਨ ਵੱਲੋਂ ਕੁਝ ਸਮਾਂ ਪਹਿਲਾਂ ਉਕਤ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ ਸੀ ਤਾਂ ਉਸ ਵੇਲੇ ਪਾਣੀ ਦਾ ਨਮੂਨਾ ਲਿਆ ਗਿਆ ਸੀ। ਇਸੇ ਨਮੂਨੇ 'ਚ ਕੁਝ ਕਮੀਆਂ ਪਾਈਆਂ ਗਈਆਂ ਸਨ।|5 ਐੱਮ. ਐੱਲ. ਡੀ. ਦੇ ਲੱਗੇ ਇਸ ਪਲਾਂਟ ਤੋਂ ਲੈਦਰ ਕੰਪਲੈਕਸ ਦਾ ਨਿਕਲਣ ਵਾਲਾ ਪਾਣੀ ਸਾਫ ਕੀਤਾ ਜਾਂਦਾ ਹੈ। ਇਸ ਪਲਾਂਟ ਦੀ ਸੰਭਾਲ ਦਾ ਕੰਮ ਪੰਜਾਬ ਐਫੂਲੇਅੰਟ ਟਰੀਟਮੈਂਟ ਸੁਸਾਇਟੀ ਆਫ ਲੈਦਰ ਕੰਪਲੈਕਸ ਵੱਲੋਂ ਕੀਤਾ ਜਾਂਦਾ ਹੈ। ਸੁਸਾਇਟੀ ਨੂੰ ਹੀ ਇਸ ਮਾਮਲੇ 'ਚ ਸੁਣਵਾਈ ਲਈ ਤਲਬ ਕੀਤਾ ਗਿਆ ਸੀ, ਜਿਸ 'ਤੇ ਚੇਅਰਮੈਨ ਨੇ ਰਕਮਾਂ ਜਮਾਂ ਕਰਵਾਉਣ ਦੀ ਹਦਾਇਤ ਦਿੱਤੀ ਸੀ।
ਸੀਨੀਅਰ ਐੱਸ. ਈ. ਇੰਜੀ. ਹਰਬੀਰ ਸਿੰਘ ਦਾ ਕਹਿਣਾ ਸੀ ਕਿ ਸੁਸਾਇਟੀ ਨੂੰ ਚੇਅਰਮੈਨ ਨੇ ਹਦਾਇਤਾਂ ਦਿੱਤੀਆਂ ਸਨ ਕਿ ਪਲਾਂਟ ਨੂੰ ਸਹੀ ਤਰੀਕੇ ਨਾਲ ਚਲਾ ਕੇ ਮਾਪਦੰਡਾਂ ਦੀ ਪਾਲਨਾ ਕੀਤੀ ਜਾਵੇ। ਉਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ 'ਚ ਬੋਰਡ ਕਿਸੇ ਤਰਾਂ ਦੀ ਕੋਤਾਹੀ ਸਵੀਕਾਰ ਨਹੀਂ ਕਰੇਗਾ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਹੁਣ ਇਸ ਜਗਾ ਦੇ ਟਰੀਟਮੈਂਟ ਪਲਾਂਟ ਦੀ ਸਮਰੱਥਾ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸੁਸਾਇਟੀ ਨੂੰ ਇਹ ਹਦਾਇਤ ਵੀ ਦਿੱਤੀ ਹੈ ਕਿ ਟਰੀਟਮੈਂਟ ਪਲਾਂਟ ਨੂੰ ਚਲਾਉਣ ਵਾਲੀ ਆਨਲਾਈਨ ਜਾਣਕਾਰੀ ਦੀ ਪ੍ਰਣਾਲੀ ਵੀ ਇਕ ਹਫਤੇ 'ਚ ਠੀਕ ਕਰਵਾ ਕੇ ਸ਼ੁਰੂ ਕੀਤੀ ਜਾਵੇ ਤਾਂ ਜੋ ਇਸ ਨੂੰ ਚਲਾਉਣ ਬਾਰੇ ਪੰਜਾਬ ਦੇ ਬੋਰਡ ਅਤੇ ਕੇਂਦਰ ਨੂੰ ਆਨਲਾਈਨ ਸਾਰੀ ਜਾਣਕਾਰੀ ਮਿਲਦੀ ਰਹੇ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY