ਜਲੰਧਰ (ਮਹੇਸ਼)— ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੇ ਅਧੀਨ ਆਉਂਦੇ ਖੇਤਰਾਂ 'ਚ 20 ਤੋਂ 27 ਸਤੰਬਰ ਤੱਕ 8 ਦਿਨਾਂ 'ਚ 8 ਔਰਤਾਂ ਲੁਟੇਰਿਆਂ ਦਾ ਸ਼ਿਕਾਰ ਹੋਈਆਂ ਹਨ, ਜਿਸ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਸ਼ਹਿਰ 'ਚ ਲੁਟੇਰੇ ਪੁਲਸ ਤੋਂ ਬੇਖੌਫ ਹੋ ਕੇ ਘੁੰਮ ਰਹੇ ਹਨ ਅਤੇ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੁਲਸ ਇਨ੍ਹਾਂ ਵਾਰਦਾਤਾਂ ਨੂੰ ਅਜੇ ਤੱਕ ਟ੍ਰੇਸ ਨਹੀਂ ਕਰ ਸਕੀ ਹੈ, ਜਿਸ ਕਾਰਨ ਚੋਰ ਲੁਟੇਰਿਆਂ 'ਚ ਪੁਲਸ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ। ਜ਼ਿਆਦਾਤਰ ਲੁਟੇਰੇ ਔਰਤਾਂ ਨੂੰ ਹੀ ਆਪਣਾ ਸ਼ਿਕਾਰ ਬਣਾ ਰਹੇ ਹਨ। ਵਧਦੀਆਂ ਵਾਰਦਾਤਾਂ ਦੇ ਕਾਰਨ ਲੋਕ ਕਾਫੀ ਸਹਿਮੇ ਹੋਏ ਹਨ। ਔਰਤਾਂ ਖਾਸਕਰ ਖੁਦ ਨੂੰ ਸੁਰੱਖਿਅਤ ਨਹੀਂ ਮਨ ਰਹੀਆਂ। ਮਿਲੀ ਜਾਣਕਾਰੀ ਅਨੁਸਾਰ 20 ਸਤੰਬਰ ਨੂੰ ਥਾਣਾ ਕੈਂਟ ਦੇ ਅਧੀਨ ਆਉਂਦੇ ਖੇਤਰ ਗੋਲਡਨ ਕਾਲੋਨੀ ਦੀਪ ਨਗਰ ਵਿਚ ਕਰਿਆਨਾ ਸਟੋਰ ਦੇ ਮਾਲਕ ਰਾਜੇਸ਼ ਕੁਮਾਰ ਦੀ ਪਤਨੀ ਨੀਤੂ ਕੁਮਾਰੀ ਦੀ ਸੋਨੇ ਦੀ ਵਾਲੀ ਝਪਟੀ ਗਈ। ਇਸ ਦਿਨ ਥਾਣਾ ਬਾਰਾਂਦਰੀ ਦੇ ਖੇਤਰ ਲਾਡੋਵਾਲੀ ਰੋਡ ਫਾਟਕ ਦੇ ਕੋਲ ਲੁਟੇਰਾ ਰਿਕਸ਼ਾ ਸਵਾਰ ਔਰਤ ਰਿੰਕੂ ਦੇਵੀ ਵਾਸੀ ਫੋਕਲ ਪੁਆਇੰਟ ਦਾ ਪਰਸ ਖੋਹ ਕੇ ਲੈ ਗਿਆ।
ਉਸ ਦਿਨ ਥਾਣਾ ਨੰ. 6 ਦੇ ਅਧੀਨ ਪੈਂਦੇ ਖੇਤਰ ਹਰਗੋਬਿੰਦ ਨਗਰ ਵਿਚ ਚਰਨਦੀਪ ਕੌਰ ਪੁੱਤਰੀ ਮੰਗਲ ਸਿੰਘ ਦਾ ਮੋਬਾਇਲ ਖੋਹ ਲਿਆ ਗਿਆ। 21 ਸਤੰਬਰ ਨੂੰ ਥਾਣਾ ਬਾਰਾਂਦਰੀ ਦੇ ਖੇਤਰ ਲਾਡੋਵਾਲੀ ਰੋਡ 'ਤੇ ਇਕ ਹੋਰ ਔਰਤ ਦਾ ਮੋਬਾਇਲ ਖੋਹ ਲਿਆ ਗਿਆ। 23 ਸਤੰਬਰ ਨੂੰ ਥਾਣਾ ਰਾਮਾ ਮੰਡੀ ਵਿਚ ਪੈਂਦੇ ਨੰਗਲ ਸ਼ਾਮਾ ਚੌਕ ਵਿਚ ਪੁਲਸ ਨਾਕੇ ਦੇ ਨਾਲ ਹੀ ਧੀਣਾ ਵਾਸੀ ਮਹਿਲਾ ਸਤਿਆ ਪਤਨੀ ਜੈ ਰਾਮ ਦੀ ਸੋਨੇ ਦੀ ਵਾਲੀ ਲੁਟੇਰੇ ਕੰਨ 'ਚੋਂ ਖੋਹ ਕੇ ਲੈ ਗਏ। 24 ਸਤੰਬਰ ਨੂੰ ਥਾਣਾ ਨੰ. 3 ਦੇ ਖੇਤਰ ਮਦਨ ਫਲੋਰ ਮਿੱਲ ਚੌਕ ਦੇ ਨੇੜੇ ਕਾਰੋਬਾਰੀ ਮੁਨੀਸ਼ ਕੁਮਾਰ ਵਾਸੀ ਮੁਹੱਲਾ ਗੋਬਿੰਦਗੜ੍ਹ ਦੀ ਬਜ਼ੁਰਗ ਮਾਂ ਚੰਦਰਕਾਂਤਾ ਦੀ ਸੋਨੇ ਦੀ ਚੇਨ, ਅੰਗੂਠੀ ਤੇ ਨਕਦੀ ਖੋਹ ਲਈ ਗਈ। ਇਸ ਦਿਨ ਥਾਣਾ ਨੰ. 4 ਦੇ ਅਧੀਨ ਆਉਂਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਕੋਲ ਲੁਟੇਰਿਆਂ ਨੇ ਕਨਿਕਾ ਚੋਪੜਾ ਪਤਨੀ ਅਸ਼ੋਕ ਚੋਪੜਾ ਵਾਸੀ ਗਾਜ਼ੀਆਬਾਦ ਦਾ ਪਰਸ ਖੋਹ ਲਿਆ। 26 ਸਤੰਬਰ ਨੂੰ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨੰਗਲ ਸ਼ਾਮਾ ਚੌਕ ਵਿਚ ਲੁਟੇਰਿਆਂ ਨੇ ਤੱਲ੍ਹਣ ਵਿਖੇ ਚੈਰੀਟੇਬਲ ਹਸਪਤਾਲ ਦੀ ਨਰਸ ਪ੍ਰਵੀਣ ਬਾਲਾ ਪੁੱਤਰ ਜਗਦੀਸ਼ ਵਾਸੀ ਪਿੰਡ ਮਦਾਰਾਂ ਦਾ ਪਰਸ ਖੋਹ ਲਿਆ। 27 ਸਤੰਬਰ ਨੂੰ ਥਾਣਾ ਨੰ. 2 ਦੇ ਅਧੀਨ ਆਉਂਦੇ ਆਦਰਸ਼ ਨਗਰ ਦੇ ਕੋਲ ਪੈਦਲ ਜਾ ਰਹੀ ਔਰਤ ਦੀਆਂ ਲੁਟੇਰਿਆਂ ਨੇ ਵਾਲੀਆਂ ਉਤਾਰ ਲਈਆਂ। ਔਰਤ ਦੇ ਰੌਲਾ ਪਾਉਣ 'ਤੇ ਲੋਕਾਂ ਨੇ ਲੁਟੇਰਿਆਂ ਨੂੰ ਫੜ ਲਿਆ ਸੀ ਅਤੇ ਉਨ੍ਹਾਂ ਨੂੰ ਕੁੱਟਿਆ। ਬਾਅਦ 'ਚ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।
ਕੇਂਦਰ ਸਰਕਾਰ ਵਲੋਂ 550 ਸਾਲਾ ਗੁਰਪੁਰਬ ਮੌਕੇ ਖਜ਼ਾਨੇ ਦੇ ਮੂੰਹ ਖੋਲ੍ਹੇ : ਹਰਸਿਮਰਤ ਬਾਦਲ
NEXT STORY