ਸੁਲਤਾਨਪੁਰ ਲੋਧੀ— ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਾਨਕ ਹੱਟ ਦੀ ਨਵੀਂ ਬਰਾਂਚ ਖੋਲ੍ਹਣ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਕੁਦਰਤੀ ਖੇਤੀ ਵੱਲ ਪਰਤੇ ਬਿਨ੍ਹਾਂ ਗੁਜ਼ਾਰਾ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਬਾਜ਼ਾਰ 'ਚ ਆਮ ਲੋਕਾਂ ਦੀ ਹੋ ਰਹੀ ਲੁੱਟ ਤੋਂ ਬਚਾਉਣ ਲਈ ਤੇ ਗੁਣਵੱਤਾ ਵਾਲਾ ਸਾਮਾਨ ਅਤੇ ਖਾਸ ਕਰਕੇ ਖਾਣ-ਪੀਣ ਵਾਲੀਆਂ ਚੀਜ਼ਾਂ ਮਿਲਾਵਟ ਤੋਂ ਬਿਨ੍ਹਾਂ ਮਹੁੱਈਆ ਕਰਵਾਉਣ ਦੇ ਯਤਨਾਂ ਵੱਜੋਂ ਹੀ ਇਹ ਨਾਨਕ ਹੱਟ ਖੋਲ੍ਹਿਆ ਗਿਆ ਹੈ। ਇਹ ਨਾਨਕ ਹੱਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ।

ਸੰਤ ਸੀਚੇਵਾਲ ਨੇ ਵੱਧ ਰਹੀਆਂ ਬੀਮਾਰੀਆਂ 'ਤੇ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਤੰਦਰੁਸਤੀ ਹਸਪਤਾਲਾਂ ਜਾਂ ਦਵਾਈਆਂ ਨੇ ਨਹੀਂ ਦੇਣੀ। ਤੰਦਰੁਸਤੀ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਸੁਧਾਰ ਲਿਆ ਕੇ ਹੀ ਕੀਤੀ ਜਾ ਸਕਦੀ ਹੈ। ਪੰਜਾਬ 'ਚ ਸਾਰੇ ਦੇਸ਼ ਨਾਲੋਂ ਸਭ ਤੋਂ ਵੱਧ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਪਾਈਆਂ ਜਾ ਰਹੀਆਂ ਹਨ। ਇਹ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਹੁਣ ਖਾਣੇ ਦੀ ਲੜੀ 'ਚ ਆ ਗਈਆਂ ਹਨ, ਜੋ ਮਨੁੱਖੀ ਸਿਹਤ ਲਈ ਬਹੁਤ ਹੀ ਘਾਤਕ ਹੈ।ਜਿਸ ਨਾਲ ਕੈਂਸਰ ਸਮੇਤ ਹੋਰ ਬੀਮਾਰੀਆਂ ਲੱਗ ਰਹੀਆਂ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣਾ ਹੈ ਤਾਂ ਆਰਗੈਨਿਕ ਖੇਤੀ ਵੱਲ ਪਰਤਣਾ ਪਵੇਗਾ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਲਈ ਆਰਗੈਨਿਕ ਖੇਤੀ ਜ਼ਿਆਦਾ ਲਾਭਦਾਇਕ ਹੋ ਸਕਦੀ ਹੈ। ਉਨ੍ਹਾਂ ਵੱਡੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਘੱਟੋ-ਘੱਟ 5 ਏਕੜ ਤੱਕ ਉਹ ਵੀ ਆਰਗੈਨਿਕ ਖੇਤੀ ਕਰਨ।
ਸੁਲਤਾਨਪੁਰ ਲੋਧੀ 'ਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਦਾ ਜ਼ਿਕਰ ਕਰਦਿਆਂ ਬਰਸਾਤਾਂ ਦੌਰਾਨ ਬੂਟੇ ਵੱਡੀ ਪੱਧਰ 'ਤੇ ਲਾਏ ਜਾਣ ਤਾਂ ਜੋ ਇਥੇ ਆਉਣ ਵਾਲੀਆਂ ਸੰਗਤਾਂ ਇਥੋਂ ਵਾਤਾਵਰਣ ਪੱਖੀ ਸੁਨੇਹਾ ਲੈ ਕੇ ਜਾਣ। ਸ਼ਹਿਰ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਦੀ ਮੁਹਿੰਮ ਪਿਛਲੇ ਸਾਲ ਤੋਂ ਚਲਾਈ ਗਈ ਹੈ, ਜਿਸ ਨੂੰ ਸੰਗਤਾਂ ਨੇ ਵੱਡਾ ਹੁੰਗਾਰਾ ਭਰਿਆ ਹੈ।ਨਾਨਕ ਹੱਟ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਇਆ ਗਿਆ। ਭਾਈ ਤਜਿੰਦਰ ਸਿੰਘ ਸੀਚੇਵਾਲ ਦੇ ਜਥੇ ਨੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਚਾਹ, ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਸਾਰਾ ਦਿਨ ਠੰਡੇ ਮਿੱਠੇ ਜਲ ਦੀ ਛਬੀਲ ਚੱਲਦੀ ਰਹੀ।
ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਖੁਖਰੈਣ ਤੋਂ ਡੇਰਾ ਬਾਬਾ ਹਰਜੀ ਸਾਹਿਬ ਦੇ ਮੁਖ ਸੇਵਾਦਾਰ ਸੰਤ ਅਮਰੀਕ ਸਿੰਘ, ਖੈੜਾ ਬੇਟ ਤੋਂ ਮਹਾਤਮਾ ਮੁਨੀ, ਗੁਰਦੁਆਰਾ ਬੇਬੇ ਨਾਨਕੀ ਦੇ ਮੈਨੇਜਰ ਗੁਰਦਿਆਲ ਸਿੰਘ, ਸੰਤ ਸੁਖਜੀਤ ਸਿੰਘ ਸੀਚੇਵਾਲ, ਨਾਨਕ ਹੱਟ ਚਲਾਉਣ ਵਾਲੀ ਇਕ ਉਂਕਾਰ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਕੁਲਵਿੰਦਰ ਸਿੰਘ, ਅਰੁਣ ਕੁਮਾਰ ਅਤੇ ਸੁਰਜੀਤ ਸਿੰਘ ਸ਼ੰਟੀ, ਤਜਿੰਦਰ ਸਿੰਘ ਸਰਪੰਚ ਸੀਚੇਵਾਲ, ਸੁਖਵਿੰਦਰ ਸਿੰਘ ਸੁੱਖ, ਅਮਰਜੀਤ ਸਿੰਘ, ਗੁਰਦੇਵ ਸਿੰਘ ਫੌਜੀ, ਪ੍ਰੋਮਿਲ ਕੁਮਾਰ, ਅਮਨਦੀਪ ਸਿੰਘ ਖੈਹਿਰਾ, ਹਰਨੇਕ ਸਿੰਘ, ਪਿਆਰਾ ਸਿੰਘ, ਗਗਨਦੀਪ ਸਿੰਘ ਅਤੇ ਸੰਗਤਾਂ ਹਾਜ਼ਰ ਸਨ।
ਮਾਂ-ਬਾਪ ਦੀ ਲਾਪਰਵਾਹੀ, 2 ਘੰਟਿਆਂ ਤੱਕ ਗੱਡੀ 'ਚ ਵਿਲਕਦਾ ਰਿਹਾ ਮਾਸੂਮ (ਤਸਵੀਰਾਂ)
NEXT STORY