ਨਵਾਂਸ਼ਹਿਰ, (ਤ੍ਰਿਪਾਠੀ/ਮਨੋਰੰਜਨ/ਜਸਵਿੰਦਰ ਔਜਲਾ )- ਨਜ਼ਦੀਕੀ ਕਸਬਾ ਜਾਡਲਾ 'ਚ ਮਾਮੂਲੀ ਝਗੜੇ ਨੂੰ ਲੈ ਕੇ ਦਿਨ-ਦਿਹਾੜੇ ਚੱਲੀ ਗੋਲੀ 'ਚ ਖੇਤੀਬਾੜੀ ਕਰਨ ਵਾਲੇ ਨੌਜਵਾਨ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਮੁਤਾਬਕ ਜ਼ਖਮੀ ਨੂੰ ਇਲਾਜ ਲਈ ਪੀ.ਜੀ.ਆਈ. 'ਚ ਦਾਖਲ ਕੀਤਾ ਗਿਆ ਹੈ। ਜ਼ਖਮੀ ਦੀ ਮਾਤਾ ਬਾਲਾ ਰਾਣੀ ਨੇ ਦੱਸਿਆ ਕਿ ਉਸ ਦਾ ਲੜਕਾ ਪੁਨੀਤ ਰਾਣਾ (29) ਪੁੱਤਰ ਜੋਗਿੰਦਰ ਸਿੰਘ ਰਾਣਾ ਵਾਸੀ ਜਾਡਲਾ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸੀ ਤੇ ਉਸ ਦਾ ਬੁਖਾਰ ਨਹੀਂ ਸੀ ਟੁੱਟ ਰਿਹਾ, ਜਿਸ ਕਰ ਕੇ ਮੰਗਲਵਾਰ ਉਹ ਨਵਾਂਸ਼ਹਿਰ 'ਚ ਦਵਾਈ ਲੈਣ ਦੇ ਲਈ ਗਿਆ। ਨਵਾਂਸ਼ਹਿਰ ਤੋਂ ਵਾਪਸ ਆਉਂਦੇ ਹੋਏ ਉਹ ਸਬਜ਼ੀ ਆਦਿ ਸਾਮਾਨ ਲੈ ਕੇ ਆਇਆ ਸੀ। ਵਾਪਸ ਜਾਡਲਾ ਪਹੁੰਚਣ 'ਤੇ ਉਹ ਜੈਨ ਮੈਡੀਕਲ ਚੌਕ ਦੇ ਨਜ਼ਦੀਕ ਬਾਜ਼ਾਰ 'ਚ ਗਿਆ ਸੀ। ਉਸ ਨੂੰ ਬਾਅਦ 'ਚ ਪਤਾ ਲੱਗਿਆ ਕਿ ਜਨਰਲ ਸਟੋਰ ਦੀ ਦੁਕਾਨ ਕਰਨ ਵਾਲੇ ਸੰਨੀ ਨਾਮ ਦੇ ਨੌਜਵਾਨ ਨੇ ਉਸ ਦੇ ਪੁੱਤਰ 'ਤੇ ਰਿਵਾਲਵਰ ਨਾਲ ਫਾਇਰ ਕੀਤੇ ਹਨ। ਜਿਸ 'ਚੋਂ 2 ਫਾਇਰ ਉਸ ਦੀ ਵੱਖੀ (ਪਸਲੀ) 'ਚ ਅਤੇ ਇਕ ਕਾਰ ਦੇ ਆਰ-ਪਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਪੁਨੀਤ ਰਾਣਾ ਦਾ ਉਕਤ ਸੰਨੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲਿੰਕ ਨਹੀਂ ਸੀ। ਜਦੋਂਕਿ ਦੋਵਾਂ ਨੌਜਵਾਨਾਂ 'ਚ ਮਾਮੂਲੀ ਤਕਰਾਰ ਦੇ ਬਾਅਦ ਨੌਬਤ ਹੱਥਪਾਈ ਤੱਕ ਪੁੱਜ ਗਈ, ਜਿਸ ਉਪਰੰਤ ਸੰਨੀ ਨੇ ਪੁਨੀਤ ਰਾਣਾ 'ਤੇ ਫਾਇਰ ਕਰ ਦਿੱਤੇ ਤੇ ਇਕ ਫਾਇਰ ਤਾਂ ਉਸ ਦੇ ਭਜਦੇ ਹੋਏ ਕੀਤਾ। ਪੁਲਸ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਦੋਸ਼ੀ ਸੰਨੀ ਉਕਤ ਘਟਨਾ ਦੇ ਬਾਅਦ ਆਪਣੀ ਦੁਕਾਨ ਨੂੰ ਤਾਲਾ ਲਾਕੇ ਭੱਜ ਗਿਆ।

ਪੁਲਸ ਨੇ ਦੁਕਾਨ ਦਾ ਤਾਲਾ ਤੁੜਵਾਕੇ ਕੀਤੀ ਹਥਿਆਰ ਦੀ ਸਰਚ
ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ.ਪੀ. ਵਜੀਦ ਸਿੰਘ ਖਹਿਰਾ, ਡੀ.ਐੱਸ.ਪੀ. ਕੈਲਾਸ਼ ਚੰਦਰ, ਐੱਸ.ਐੱਚ.ਓ. ਸਦਰ ਸਰਬਜੀਤ ਸਿੰਘ, ਚੌਕੀ ਇੰਚਾਰਜ ਜਾਡਲਾ ਏ.ਐੱਸ.ਆਈ. ਅਸ਼ੋਕ ਕੁਮਾਰ ਸਣੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਪੁਲਸ ਨੇ ਸਰਪੰਚ ਦੀ ਮੌਜੂਦਗੀ 'ਚ ਦੁਕਾਨ ਦਾ ਤਾਲਾ ਤੁੜਵਾਕੇ ਦੁਕਾਨ ਦੀ ਸਰਚ ਕੀਤੀ। ਐੱਸ.ਪੀ. ਨੇ ਦੱਸਿਆ ਕਿ ਪੁਲਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕਿਤੇ ਹਥਿਆਰ ਦੁਕਾਨ 'ਚ ਲਕੋ ਕੇ ਨਾ ਭੱਜ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਕਿਸ ਹਥਿਆਰ ਨਾਲ ਗੋਲੀ ਚੱਲੀ ਹੈ ਅਤੇ ਕੁੱਲ ਕਿੰਨੇ ਫਾਇਰ ਹੋਏ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਫਾਇਰਿੰਗ ਕਿਸੇ ਲਾਇਸੈਂਸੀ ਹਥਿਆਰ ਨਾਲ ਹੋਈ ਹੈ ਜਾਂ ਗੈਰ-ਕਾਨੂੰਨੀ ਹਥਿਆਰ ਨਾਲ।
ਡੇਢ ਸਾਲ ਦੇ ਬੇਟੇ ਨੂੰ ਬੱਸ ਸਟੈਂਡ ਛੱਡ ਕੇ ਪ੍ਰੇਮੀ ਨਾਲ ਭੱਜੀ ਮਾਂ ਗ੍ਰਿਫਤਾਰ
NEXT STORY