ਜਲੰਧਰ(ਜ.ਬ.)— ਬੀਤੇ ਦਿਨੀਂ ਆਪਣੇ ਡੇਢ ਸਾਲ ਦੇ ਬੱਚੇ ਨੂੰ ਬੱਸ ਸਟੈਂਡ ਵਿਚ ਲਾਵਾਰਿਸ ਹਾਲਤ ਵਿਚ ਛੱਡ ਕੇ ਪ੍ਰੇਮੀ ਨਾਲ ਭੱਜੀ ਔਰਤ ਨੂੰ ਪੁਲਸ ਨੇ ਬੱਸ ਸਟੈਂਡ ਤੋਂ ਕਾਬੂ ਕਰ ਲਿਆ ਹੈ। ਔਰਤ ਚਾਰ ਦਿਨ ਆਪਣੇ ਪ੍ਰੇਮੀ ਨਾਲ ਫਿਰੋਜ਼ਪੁਰ ਵਿਚ ਹੀ ਰਹੀ ਤੇ ਹੁਣ ਜਿਵੇਂ ਹੀ ਫਿਰੋਜ਼ਪੁਰ ਤੋਂ ਵਾਪਸ ਆਈ ਤਾਂ ਪੁਲਸ ਨੇ ਉਸ ਨੂੰ ਬੱਸ ਸਟੈਂਡ ਤੋਂ ਹੀ ਕਾਬੂ ਕਰ ਲਿਆ।
ਗ੍ਰਿਫਤਾਰ ਔਰਤ ਸੰਦੀਪ ਦੇ ਖਿਲਾਫ ਧਾਰਾ 317 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਗਿਆ ਹੈ। ਧਾਰਾ ਜ਼ਮਾਨਤੀ ਹੋਣ ਕਾਰਨ ਸੰਦੀਪ ਦੇ ਜੀਜੇ ਦੀ ਜ਼ਮਾਨਤ 'ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਚੌਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਠਾਨਕੋਟ ਵਿਚ ਹੀ ਸੰਦੀਪ ਦੀ ਮੁਲਾਕਾਤ ਟਰੱਕ ਡਰਾਈਵਰ ਨਾਲ ਹੋਈ ਸੀ। ਪਹਿਲੀ ਮੁਲਾਕਾਤ ਵਿਚ ਹੀ ਦੋਵਾਂ ਨੇ ਇਕ-ਦੂਜੇ ਨੂੰ ਆਪਣੇ ਫੋਨ ਨੰਬਰ ਦੇ ਦਿੱਤੇ ਤੇ ਫੋਨ 'ਤੇ ਗੱਲਾਂ ਕਰਨ ਲੱਗੇ। ਸੰਦੀਪ ਦਾ ਪਤੀ ਦੁਬਈ ਹੋਣ ਕਾਰਨ ਬਿਨਾਂ ਰੋਕ-ਟੋਕ ਉਹ ਟਰੱਕ ਡਰਾਈਵਰ ਨਾਲ ਗੱਲਾਂ ਕਰਨ ਲੱਗੀ ਤੇ ਬਾਅਦ ਵਿਚ ਦੋਵਾਂ ਵਿਚ ਪਿਆਰ ਹੋ ਗਿਆ। ਟਰੱਕ ਡਰਾਈਵਰ ਨੇ ਸੰਦੀਪ ਨੂੰ ਵਿਆਹ ਕਰਵਾਉਣ ਬਾਰੇ ਕਿਹਾ, ਜਿਸ ਲਈ ਉਹ ਮੰਨ ਵੀ ਗਈ।
ਪੁਲਸ ਦੀ ਮੰਨੀਏ ਤਾਂ ਟਰੱਕ ਡਰਾਈਵਰ ਨੇ ਸੰਦੀਪ ਦਾ ਬੱਚਾ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਸੀ। 5 ਅਪ੍ਰੈਲ ਨੂੰ ਟਰੱਕ ਡਰਾਈਵਰ ਨੇ ਜਲੰਧਰ ਆਉਣਾ ਸੀ, ਜਿਸ ਕਾਰਨ ਉਸ ਨੇ ਸੰਦੀਪ ਨੂੰ ਵੀ ਜਲੰਧਰ ਬੁਲਾ ਲਿਆ। ਸੰਦੀਪ ਆਪਣੇ ਬੱਚੇ ਨੂੰ ਲੈ ਕੇ ਪਠਾਨਕੋਟ ਤੋਂ ਬੱਸ ਰਾਹੀਂ ਜਲੰਧਰ ਬੱਸ ਸਟੈਂਡ ਪਹੁੰਚੀ ਤੇ ਬੱਚੇ ਨੂੰ ਲੁਧਿਆਣਾ ਕਾਊਂਟਰ 'ਤੇ ਛੱਡ ਕੇ ਖੁਦ ਫਰਾਰ ਹੋ ਗਈ। ਬੱਸ ਸਟੈਂਡ ਦੇ ਬਾਹਰ ਉਹ ਆਪਣੇ ਪ੍ਰੇਮੀ ਨੂੰ ਮਿਲੀ, ਜਿਸ ਤੋਂ ਬਾਅਦ ਦੋਵੇਂ ਟਰੱਕ ਵਿਚ ਬੈਠ ਕੇ ਫਿਰੋਜ਼ਪੁਰ ਚਲੇ ਗਏ। ਸੰਦੀਪ ਨੇ ਕਿਹਾ ਕਿ ਉਹ ਫਿਰੋਜ਼ਪੁਰ ਵਿਚ ਕਿਸੇ ਅਣਜਾਣ ਥਾਂ 'ਤੇ ਰੁਕੇ ਸਨ। ਵਾਰ-ਵਾਰ ਕਹਿਣ 'ਤੇ ਵੀ ਉਸ ਦਾ ਪ੍ਰੇਮੀ ਘਰ ਨਹੀਂ ਜਾ ਰਿਹਾ ਸੀ। ਉਥੇ ਪੁਲਸ ਦਾ ਵੀ ਦਬਾਅ ਹੋਣ ਕਾਰਨ ਸੰਦੀਪ ਮੰਗਲਵਾਰ ਨੂੰ ਫਿਰੋਜ਼ਪੁਰ ਤੋਂ ਜਲੰਧਰ ਪਹੁੰਚ ਗਈ ਤੇ ਉਸ ਨੂੰ ਪੁਲਸ ਨੇ ਕਾਬੂ ਕਰ ਲਿਆ।
ਚੌਕੀ ਇੰਚਾਰਜ ਮਦਨ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਡੇਢ ਸਾਲ ਦਾ ਬੱਚਾ ਨਾਰੀ ਨਿਕੇਤਨ ਵਿਚ ਹੈ। ਸਾਰੀ ਦਸਤਾਵੇਜ਼ੀ ਜਾਂਚ ਤੋਂ ਬਾਅਦ ਹੀ ਬੱਚੇ ਨੂੰ ਉਸ ਦੀ ਦਾਦੀ ਦੇ ਹਵਾਲੇ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਬੱਚੇ ਨੂੰ ਛੱਡ ਕੇ ਭੱਜੀ ਸੰਦੀਪ ਬੱਸ ਸਟੈਂਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਪੁਲਸ ਨੇ ਸੰਦੀਪ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸੰਦੀਪ ਦੇ ਬੱਚੇ ਸਣੇ ਗਾਇਬ ਹੋਣ ਦੀ ਸ਼ਿਕਾਇਤ ਪਠਾਨਕੋਟ ਪੁਲਸ ਨੂੰ ਵੀ ਦਿੱਤੀ ਗਈ ਸੀ।
ਅੱਡਾ ਹੁਸ਼ਿਆਰਪੁਰ ਫਾਟਕ 'ਤੇ ਟਰੇਨ ਦੀ ਲਪੇਟ 'ਚ ਆਉਣ ਕਾਰਨ ਔਰਤ ਦੀ ਮੌਤ
NEXT STORY