ਜਲੰਧਰ (ਖੁਰਾਣਾ)— ਨਗਰ ਨਿਗਮ ਪ੍ਰਸ਼ਾਸਨ ਨੇ ਕਰੀਬ 2 ਹਫਤੇ ਪਹਿਲਾਂ ਸੋਢਲ ਮੇਲੇ ਨੂੰ ਪਲਾਸਟਿਕ ਫ੍ਰੀ ਅਤੇ ਡਿਸਪੋਜ਼ੇਬਲ ਫ੍ਰੀ ਰੱਖਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਸੀ, ਉਹ ਰੰਗ ਲਿਆ ਰਹੀ ਹੈ। ਇਲਾਕੇ ਦੇ ਜ਼ਿਆਦਾਤਰ ਦੁਕਾਨਦਾਰਾਂ ਨੇ ਜਿਥੇ ਪਲਾਸਟਿਕ ਦੇ ਲਿਫਾਫਿਆਂ ਦੀ ਬਜਾਏ ਕਾਗਜ਼ ਨਾਲ ਬਣੇ ਲਿਫਾਫੇ ਵਰਤਣੇ ਸ਼ੁਰੂ ਕਰ ਦਿੱਤੇ ਹਨ, ਉਥੇ ਮੇਲੇ 'ਚ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਨੇ ਵੀ ਡਿਸਪੋਜ਼ੇਬਲ ਦੀ ਥਾਂ 'ਤੇ ਪੱਤਲਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।

ਇਸ ਮੁਹਿੰਮ ਦਾ ਐਲਾਨ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨੇ ਕੀਤਾ ਸੀ, ਜਿਸ 'ਚ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਅਤੇ ਮੇਅਰ ਜਗਦੀਸ਼ ਰਾਜਾ ਨੇ ਪੂਰਾ ਸਹਿਯੋਗ ਦਿੱਤਾ। ਆਸ਼ਿਕਾ ਜੈਨ ਨੇ ਇਸ ਕੰਮ ਵਿਚ ਐੱਨ. ਜੀ. ਓ. ਸਮਰਪਣ ਟੂ ਦਿ ਨੇਸ਼ਨ ਅਤੇ ਹੋਰ ਸੰਸਥਾਵਾਂ ਦਾ ਵੀ ਸਹਿਯੋਗ ਲਿਆ। ਉਥੇ ਮੇਅਰ ਜਗਦੀਸ਼ ਰਾਜ ਨੇ ਅੱਜ ਸੋਢਲ ਇਲਾਕੇ ਵਿਚ ਇਕ ਅਵੇਅਰਨੈੱਸ ਰੈਲੀ ਨੂੰ ਰਵਾਨਾ ਕੀਤਾ, ਜਿਸ 'ਚ ਹਿੱਸਾ ਲੈਣ ਵਾਲੇ ਐੱਲ. ਪੀ. ਯੂ. ਅਤੇ ਹੋਰ ਸਕੂਲੀ ਬੱਚਿਆਂ ਨੂੰ ਟੀ-ਸ਼ਰਟ, ਗਲਵਸ, ਮਾਸਕ ਆਦਿ ਦਿੱਤੇ ਗਏ। ਇਨ੍ਹਾਂ ਬੱਚਿਆਂ ਨੇ ਸੜਕਾਂ 'ਤੇ ਸਫਾਈ ਵੀ ਕੀਤੀ ਅਤੇ ਸਹੁੰ ਚੁੱਕੀ ਕਿ ਉਹ ਆਮ ਜੀਵਨ ਵਿਚ ਵੀ ਪਲਾਸਟਿਕ ਦੀ ਵਰਤੋਂ ਤੋਂ ਬਚਣਗੇ।

ਮੇਲੇ ਦੌਰਾਨ ਅੰਡਰਬ੍ਰਿਜ ਦੇ ਰਸਤੇ ਦਾ ਮੁੱਦਾ ਗਰਮਾਇਆ
ਸੋਢਲ ਮੇਲੇ 'ਚ ਆ ਰਹੇ ਲੱਖਾਂ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਨਾਰਥ ਵੈੱਲਫੇਅਰ ਸੋਸਾਇਟੀਜ਼ ਨੇ ਚੰਦਨ ਨਗਰ ਅੰਡਰਬ੍ਰਿਜ ਦੇ ਦੂਜੇ ਰਸਤੇ ਨੂੰ ਖੋਲ੍ਹਣ ਦੀ ਮੰਗ ਤੇਜ਼ ਕਰ ਦਿੱਤੀ ਹੈ ਅਤੇ ਇਸ ਮੌਕੇ ਹੋਰਡਿੰਗਜ਼ ਲਗਵਾਏ ਹਨ, ਜਿਨ੍ਹਾਂ 'ਤੇ ਕਾਂਗਰਸੀ ਨੁਮਾਇੰਦਿਆਂ ਦੀ ਆਲੋਚਨਾ ਕਰਦਿਆਂ ਸਾਫ ਲਿਖਿਆ ਗਿਆ ਹੈ ਕਿ ਇਥੋਂ ਅੰਡਰਬ੍ਰਿਜ ਸਿਰਫ 50 ਮੀਟਰ ਦੂਰ ਹੈ ਪਰ ਘੁੰਮ ਕੇ ਆਉਣ ਵਿਚ ਇਕ ਕਿਲੋਮੀਟਰ ਰਸਤਾ ਤੈਅ ਕਰਨਾ ਪੈਂਦਾ ਹੈ। ਬੈਨਰ 'ਤੇ ਇਹ ਵੀ ਲਿਖਿਆ ਹੈ ਕਿ 'ਅਜੇ ਰਸਤਾ ਬੰਦ ਹੈ, ਅੱਖ ਖੁੱਲ੍ਹੀ ਤਾਂ ਰਸਤਾ ਵੀ ਖੁੱਲ੍ਹ ਜਾਵੇਗਾ, ਸਰਕਾਰ ਜੀ...?' ਚੈਂਬਰ ਨੁਮਾਇੰਦਿਆਂ ਦੱਸਿਆ ਕਿ ਹੋਰਡਿੰਗਜ਼ 'ਤੇ 'ਸਰਕਾਰ ਜੀ' ਸ਼ਬਦ ਲਿਖਣ ਤੋਂ ਖਿੱਝ ਕੇ ਇਕ ਕਾਂਗਰਸੀ ਆਗੂ ਨੇ ਹੋਰਡਿੰਗਜ਼ ਉਤਰਵਾਉਣ ਦੀ ਕੋਸ਼ਿਸ਼ ਵੀ ਕੀਤੀ।
ਪੰਜਾਬ ਸਰਕਾਰ ਵੱਲੋਂ 17 ਪੁਲਸ ਅਧਿਕਾਰੀਆਂ ਦੇ ਤਬਾਦਲੇ
NEXT STORY