ਹੁਸ਼ਿਆਰਪੁਰ (ਅਮਰਿੰਦਰ)— 72ਵੇਂ ਸੈਨਾ ਦਿਵਸ 'ਤੇ ਪਹਿਲੀ ਵਾਰ ਹੁਸ਼ਿਆਰਪੁਰ ਦੀ ਧੀ ਕੈਪਟਨ ਤਾਨੀਆ ਸ਼ੇਰਗਿੱਲ ਨੇ ਪੁਰਸ਼ਾਂ ਦੀਆਂ ਸਾਰੀਆਂ ਟੁਕੜੀਆਂ ਦੀ ਅਗਵਾਈ ਕਰਕੇ ਇਤਿਹਾਸ ਰਚ ਦਿੱਤਾ। ਇਹੀ ਨਹੀਂ ਭਾਰਤੀ ਸੈਨਾ ਦੇ ਕਾਰਪਸ ਆਫ ਸਿਗਨਲਸ ਦੀ ਕੈਪਟਨ ਤਾਨੀਆ ਸ਼ੇਰਗਿੱਲ ਇਸ ਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਦੀ ਕਮਾਨ ਵੀ ਸੰਭਾਲਣ ਜਾ ਰਹੀ ਹੈ। ਤਾਨੀਆ ਸ਼ੇਰਗਿੱਲ ਸੈਨਿਕ ਪਰਿਵਾਰ ਦੀ ਚੌਥੀ ਪੀੜ੍ਹੀ ਹੈ, ਜੋ ਭਾਰਤੀ ਫੌਜ ਦੇ ਸਿਗਨਲ ਕੋਰ 'ਚ ਕੈਪਟਨ ਵਜੋਂ ਤਾਇਨਾਤ ਹੈ। ਵਰਣਨਯੋਗ ਹੈ ਕਿ ਇਸ ਵਾਰ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਹਨ।
ਪਿਤਾ, ਦਾਦਾ ਅਤੇ ਪੜਦਾਦਾ ਵੀ ਵਧਾ ਚੁੱਕੇ ਹਨ ਸੈਨਾ ਦੀ ਸ਼ਾਨ
ਵਰਣਨਯੋਗ ਹੈ ਕਿ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ 'ਚ ਇੰਜੀਨੀਅਰਿੰਗ ਕਰਨ ਵਾਲੀ ਕੈਪਟਨ ਤਾਨੀਆ ਸ਼ੇਰਗਿੱਲ ਦੀਆਂ ਜੜ੍ਹਾਂ ਹੁਸ਼ਿਆਰਪੁਰ ਜ਼ਿਲੇ ਦੇ ਪੰਡੋਰੀ ਅਟਵਾਲ ਪਿੰਡ ਨਾਲ ਜੁੜੀਆਂ ਹਨ ਪਰ ਬਾਅਦ 'ਚ ਪੂਰਾ ਪਰਿਵਾਰ ਗੜ੍ਹਦੀਵਾਲਾ ਕਸਬੇ ਦੇ ਵਾਰਡ ਨੰਬਰ 3 'ਚ ਸ਼ਿਫਟ ਹੋ ਗਿਆ। ਤਾਨੀਆ ਸ਼ੇਰਗਿੱਲ ਦੇ ਪਿਤਾ ਸੂਰਤ ਸਿੰਘ ਗਿੱਲ 101 ਫੀਲਡ ਰੈਜੀਮੈਂਟ ਆਰਟਿਲਰੀ ਵਿਚ ਸੇਵਾ ਕਰਨ ਤੋਂ ਬਾਅਦ ਸੀ. ਆਰ. ਪੀ. ਐੱਫ. 'ਚ ਕਮਾਂਡੈਂਟ ਅਹੁਦੇ 'ਤੇ ਸਾਲ 2016 'ਚ ਰਿਟਾਇਰ ਹੋ ਗਏ ਸਨ। ਤਾਨੀਆ ਦੇ ਦਾਦਾ ਹਰੀ ਸਿੰਘ ਗਿੱਲ ਬਖਤਰਬੰਦ (ਆਰਮਡ) 'ਚ ਅਤੇ ਪੜਦਾਦਾ ਈਸ਼ਰ ਸਿੰਘ ਗਿੱਲ ਸਿੱਖ ਰੈਜੀਮੈਂਟ 'ਚ (ਇਨਫੈਂਟਰੀ) ਸੇਵਾਵਾਂ ਦੇ ਚੁੱਕੇ ਹਨ।
ਸਾਲ 2017 'ਚ ਫੌਜ 'ਚ ਸ਼ਾਮਲ ਹੋਈ ਸੀ ਤਾਨੀਆ ਸ਼ੇਰਗਿੱਲ
ਚੇਨਈ ਸਥਿਤ ਅਫਸਰ ਟਰੇਨਿੰਗ ਅਕੈਡਮੀ ਤੋਂ ਮਾਰਚ 2017 'ਚ ਤਾਨੀਆ ਸ਼ੇਰਗਿੱਲ ਨੂੰ ਸੈਨਾ 'ਚ ਸ਼ਾਮਲ ਕੀਤਾ ਗਿਆ ਸੀ। ਤਾਨੀਆ ਤੋਂ ਪਹਿਲਾਂ ਕੈਪਟਨ ਭਾਵਨਾ ਕਸਤੂਰੀ ਦੇ ਹੱਥ 'ਚ ਗਣਤੰਤਰ ਦਿਵਸ 'ਤੇ ਸਾਰੇ ਪੁਰਸ਼ਾਂ ਦੀਆਂ ਟੁਕੜੀਆਂ ਦੀ ਪਰੇਡ ਦੀ ਅਗਵਾਈ ਕਰਨ ਦਾ ਜ਼ਿੰਮਾ ਸੀ। ਡਿਫੈਂਸ 'ਚ ਪਰੇਡ ਐਡਜੂਟੈਂਟ ਦਾ ਅਹੁਦਾ ਔਰਤਾਂ ਲਈ ਕਾਫੀ ਮਹੱਤਵ ਰੱਖਦਾ ਹੈ। ਦਸੰਬਰ 2018 'ਚ ਜਾਰੀ ਅੰਕੜਿਆਂ ਅਨੁਸਾਰ 4 ਫੀਸਦੀ ਤੋਂ ਵੀ ਘੱਟ ਔਰਤਾਂ ਨੂੰ ਭਾਰਤੀ ਫੌਜ 'ਚ ਨਿਯੁਕਤ ਕੀਤਾ ਜਾਂਦਾ ਹੈ, ਉਹ ਵੀ ਸਿਰਫ ਸਹਾਇਕਾਂ ਦੀ ਭੂਮਿਕਾ ਵਿਚ, ਹਾਲਾਂਕਿ ਪਿਛਲੇ ਕੁਝ ਸਾਲਾਂ ਵਿਚ ਬਦਲਾਅ ਹੋਇਆ ਹੈ।
ਧੀ ਨੂੰ ਮਿਲੀ ਸਫਲਤਾ ਨਾਲ ਮਾਤਾ-ਪਿਤਾ ਅਤੇ ਪਰਿਵਾਰ 'ਚ ਖੁਸ਼ੀ
ਸੈਨਾ ਦਿਵਸ 'ਤੇ ਗੜ੍ਹਦੀਵਾਲਾ ਤੋਂ ਨਵੀਂ ਦਿੱਲੀ ਗਏ ਕੈਪਟਨ ਤਾਨੀਆ ਸ਼ੇਰਗਿੱਲ ਦੇ ਪਿਤਾ ਸੂਰਤ ਸਿੰਘ ਗਿੱਲ ਅਤੇ ਰਿਟਾਇਰਡ ਅਧਿਆਪਕਾ ਮਾਂ ਲਖਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਧੀ ਨੂੰ ਮਿਲੀ ਸਫਲਤਾ ਨਾਲ ਉਹ ਬਹੁਤ ਖੁਸ਼ ਹਨ। ਸਾਡੀਆਂ 3 ਪੀੜ੍ਹੀਆਂ ਸੈਨਾ ਵਿਚ ਸੇਵਾ ਕਰ ਚੁੱਕੀਆਂ ਹਨ। ਅਜਿਹੇ 'ਚ ਚੌਥੀ ਪੀੜ੍ਹੀ ਦੇ ਤੌਰ 'ਤੇ ਧੀ ਕੈਪਟਨ ਤਾਨੀਆ ਸ਼ੇਰਗਿੱਲ ਨੂੰ ਨਵੀਂ ਦਿੱਲੀ ਵਿਚ ਸੈਨਾ ਦਿਵਸ 'ਤੇ ਪਰੇਡ ਦੀ ਅਗਵਾਈ ਕਰਦੇ ਵੇਖ ਮੇਰਾ ਜੀਵਨ ਸਭ ਤੋਂ ਜ਼ਿਆਦਾ ਗੌਰਵਸ਼ਾਲੀ ਪਲਾਂ 'ਚ ਸ਼ਾਮਲ ਹੋ ਗਿਆ ਹੈ। ਧੀ ਤਾਨੀਆ ਨੂੰ ਮਿਲੀ ਉਪਲੱਬਧੀ ਨੇ ਮੇਰੇ ਪਰਿਵਾਰ ਲਈ ਮਾਣ-ਸਨਮਾਨ ਦਾ ਕੰਮ ਕੀਤਾ ਹੈ।
ਨਵਜੰਮੀ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਵੱਲੋਂ ਸ਼ੱਕੀ ਲੜਕੀ ਗ੍ਰਿਫਤਾਰ
NEXT STORY