ਜਲੰਧਰ (ਖੁਰਾਣਾ)- ਲਗਭਗ 80 ਏਕੜ ’ਚ ਫੈਲਿਆ ਜਲੰਧਰ ਦਾ ਬਰਲਟਨ ਪਾਰਕ ਸੈਂਕੜੇ ਲੋਕਾਂ ਲਈ ਸੈਰ ਕਰਨ ਦਾ ਪਿਛਲੇ ਲੰਮੇ ਸਮੇਂ ਤੋਂ ਜ਼ਰੀਆ ਬਣਿਆ ਹੋਇਆ ਹੈ ਪਰ ਹਾਲ ਹੀ ਵਿਚ ਲੱਗੀ ਪਟਾਕਾ ਮਾਰਕੀਟ ਨੇ ਪੂਰੇ ਬਰਲਟਨ ਪਾਰਕ ਕੰਪਲੈਕਸ ਨੂੰ ਹੀ ਗੰਦਾ ਕਰ ਦਿੱਤਾ ਹੈ, ਜਿਸ ਨਾਲ ਰੋਜ਼ਾਨਾ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਪਟਾਕਾ ਮਾਰਕੀਟ ਵਿਚ ਇਸ ਵਾਰ 100 ਦੇ ਲਗਭਗ ਦੁਕਾਨਦਾਰਾਂ ਨੇ ਕੰਮਕਾਜ ਕੀਤਾ ਪਰ ਸ਼ਾਇਦ ਹੀ ਕੋਈ ਦੁਕਾਨਦਾਰ ਅਜਿਹਾ ਹੋਵੇਗਾ, ਜਿਸ ਨੇ ਸਾਫ਼-ਸਫ਼ਾਈ ਦਾ ਖਿਆਲ ਰੱਖਿਆ ਹੋਵੇਗਾ।
ਸਾਰੇ ਦੁਕਾਨਦਾਰ ਅਤੇ ਉਨ੍ਹਾਂ ਦੇ ਕਰਿੰਦੇ ਪਟਾਕੇ ਵੇਚਣ ਵਿਚ ਇੰਨੇ ਮਸਤ ਅਤੇ ਰੁੱਝੇ ਰਹੇ ਕਿ ਉਨ੍ਹਾਂ ਪੂਰੇ ਕੰਪਲੈਕਸ ’ਚ ਹੀ ਗੰਦਗੀ ਦੇ ਢੇਰ ਲਾ ਦਿੱਤੇ। ਪਟਾਕਿਆਂ ਦੀ ਪੈਕਿੰਗ ਵਿਚ ਕੰਮ ਆਉਂਦਾ ਪਲਾਸਟਿਕ ਤਾਂ ਉੱਡ-ਉੱਡ ਕੇ ਦੂਰ ਸਥਿਤ ਪਾਰਕਾਂ ਵਿਚ ਵੀ ਚਲਾ ਗਿਆ, ਜਿਸ ਕਾਰਨ ਉਥੇ ਵੀ ਗੰਦਗੀ ਦੇਖੀ ਗਈ। ਹੋਰ ਤਾਂ ਹੋਰ ਬਰਲਟਨ ਪਾਰਕ ਦੇ ਵਿਚਕਾਰੋਂ ਲੰਘਦੀ ਸੜਕ ਦੇ ਦੋਵੇਂ ਪਾਸੇ ਇੰਨਾ ਪਲਾਸਟਿਕ ਜਮ੍ਹਾ ਰਿਹਾ ਕਿ ਲੋਕ ਤਰ੍ਹਾਂ-ਤਰ੍ਹਾਂ ਦੀ ਚਰਚਾ ਕਰਦੇ ਦਿਸੇ। ਮੰਨਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਸਮੇਂ ’ਚ ਇਸ ਪਲਾਸਟਿਕ ਨੂੰ ਕਿਤੇ ਅੱਗ ਲੱਗ ਗਈ ਤਾਂ ਭਾਰੀ ਨੁਕਸਾਨ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ: ਪਹਿਲਾਂ ਔਰਤ ਨਾਲ ਬਣਾਏ ਨਾਜਾਇਜ਼ ਸੰਬੰਧ, ਫਿਰ ਛੁਟਕਾਰਾ ਪਾਉਣ ਲਈ ਦਿੱਤਾ ਕਤਲ ਦੀ ਵਾਰਦਾਤ ਨੂੰ ਅੰਜਾਮ
ਪਟਾਕਾ ਮਾਰਕੀਟ ’ਚ ਹਰ ਸਾਲ ਗਾਇਬ ਹੋ ਰਹੀ ਆਪਸੀ ਏਕਤਾ, ਧੜੇਬੰਦੀ ਕਾਰਨ ਟਕਰਾਅ ਵੀ ਦੇਖਣ ਨੂੰ ਮਿਲਿਆ
ਬਰਲਟਨ ਪਾਰਕ ਹਰ ਸਾਲ ਲੱਗਣ ਵਾਲੀ ਪਟਾਕਾ ਮਾਰਕੀਟ ਦੀ ਗੱਲ ਕਰੀਏ ਤਾਂ ਇਸ ਸਮੇਂ ਪਟਾਕਾ ਕਾਰੋਬਾਰੀ 4 ਐਸੋਸੀਏਸ਼ਨਾਂ ਵਿਚ ਵੰਡੇ ਹੋਏ ਹਨ, ਜਿਨ੍ਹਾਂ ਦੀ ਅਗਵਾਈ ਸੰਜੀਵ ਬਾਹਰੀ, ਵਿਕਾਸ ਭੰਡਾਰੀ, ਰਵੀ ਮਹਾਜਨ ਅਤੇ ਰਾਣਾ ਹਰਸ਼ ਵਰਮਾ ਆਦਿ ਕਰ ਰਹੇ ਹਨ। ਸੂਤਰ ਦੱਸਦੇ ਹਨ ਕਿ ਇਸ ਵਾਰ ਚਾਰਾਂ ਐਸੋਸੀਏਸ਼ਨਾਂ ਵਿਚ ਆਪਸੀ ਏਕਤਾ ਨਹੀਂ ਹੋ ਸਕੀ। ਇਨ੍ਹਾਂ ਚਾਰਾਂ ਵਿਚੋਂ ਇਕ ਧੜਾ ਅਲੱਗ-ਥਲੱਗ ਰਿਹਾ ਅਤੇ ਉਸਨੇ ਪੂਲ ’ਚ ਪੈਸੇ ਪਾਉਣ ਤੋਂ ਮਨ੍ਹਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਪਟਾਕਾ ਮਾਰਕੀਟ ਦੀਆਂ 1-2 ਐਸੋਸੀਏਸ਼ਨਾਂ ਵੱਲੋਂ ਮਿਲ ਕੇ ਅਜਿਹਾ ਪੂਲ ਬਣਾਇਆ ਜਾਂਦਾ ਸੀ, ਜਿਸ ਵਿਚੋਂ ਵੱਖ-ਵੱਖ ਸਰਕਾਰੀ ਅਫ਼ਸਰਾਂ ਆਦਿ ਦੀ ਵਗਾਰ ਦੀ ਪੂਰਤੀ ਕਰ ਦਿੱਤੀ ਜਾਂਦੀ ਸੀ। ਇਸ ਵਾਰ ਲਗਭਗ 29 ਦੁਕਾਨਦਾਰਾਂ ਵਾਲੀ ਇਕ ਐਸੋਸੀਏਸ਼ਨ ਨੇ ਵਗਾਰ ਵਾਲੇ ਪੂਲ ਵਿਚ ਹਿੱਸਾ ਨਹੀਂ ਲਿਆ ਪਰ ਕਾਰੋਬਾਰ ਪੂਰਾ ਕੀਤਾ, ਜਿਸ ਕਾਰਨ ਬਾਕੀਆਂ ਵਿਚ ਰੋਸ ਹੈ। ਪਿਛਲੇ ਦਿਨੀਂ ਪਟਾਕਾ ਮਾਰਕੀਟ ਵਿਚ ਦੁਕਾਨਦਾਰਾਂ ਦੇ ਆਪਸੀ ਟਕਰਾਅ ਦੇ ਵੀ ਕਈ ਮਾਮਲੇ ਦੇਖਣ ਨੂੰ ਮਿਲੇ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਸਰਕਾਰੀ ਵਿਭਾਗਾਂ ਨੇ ਰੱਖਿਆ ਆਸ਼ੀਰਵਾਦ ਦਾ ਹੱਥ
ਇਸ ਵਾਰ ਪਟਾਕਾ ਮਾਰਕੀਟ ਵਿਚ ਭਾਵੇਂ ਇਕ ਹਫਤੇ ਤੋਂ ਵੀ ਘੱਟ ਸਮੇਂ ਦਾ ਕਾਰੋਬਾਰ ਹੋਇਆ ਪਰ ਫਿਰ ਵੀ ਵਧੇਰੇ ਦੁਕਾਨਦਾਰਾਂ ਦਾ ਸਾਰਾ ਸਟਾਕ ਨਿਕਲ ਗਿਆ। ਬਹੁਤ ਘੱਟ ਦੁਕਾਨਦਾਰ ਅਜਿਹੇ ਰਹੇ, ਜਿਨ੍ਹਾਂ ਕੋਲ ਥੋੜ੍ਹਾ-ਬਹੁਤ ਪਟਾਕਾ ਬਚਿਆ। ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਤੇ ਜੀ. ਐੱਸ. ਟੀ. ਵਰਗੇ ਵਿਭਾਗਾਂ ਨੇ ਵੀ ਪਟਾਕਾ ਮਾਰਕੀਟ ’ਤੇ ਆਸ਼ੀਰਵਾਦ ਦਾ ਪੂਰਾ ਹੱਥ ਰੱਖਿਆ। ਸੁਣਨ ਵਿਚ ਆਇਆ ਹੈ ਕਿ ਇਸ ਵਾਰ ਪਟਾਕਾ ਕਾਫੀ ਮਹਿੰਗਾ ਵੀ ਵਿਕਿਆ ਅਤੇ ਕਈ ਦੁਕਾਨਦਾਰਾਂ ਨੇ ਤਾਂ ਖੂਬ ਚਾਂਦੀ ਕੁੱਟੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਹਿਲਾਂ ਔਰਤ ਨਾਲ ਬਣਾਏ ਨਾਜ਼ਾਇਜ਼ ਸੰਬੰਧ, ਫਿਰ ਕਰ ਦਿੱਤੀ ਵੱਡੀ ਵਾਰਦਾਤ, ਦੋਸ਼ੀ ਬਿਹਾਰ ਤੋਂ ਗ੍ਰਿਫ਼ਤਾਰ
NEXT STORY