ਜਲੰਧਰ (ਵਰੁਣ)–ਜਲੰਧਰ ਰੇਡ ਮਾਰਨ ਆਈ ਯੂ. ਪੀ. ਪੁਲਸ ‘ਆਪ’ ਨੇਤਾ ਦਿਨੇਸ਼ ਢੱਲ ਨੂੰ ਨਹੀਂ, ਸਗੋਂ ਉਨ੍ਹਾਂ ਦੇ ਭਰਾ ਅਮਿਤ ਢੱਲ ਨੂੰ ਗ੍ਰਿਫ਼ਤਾਰ ਕਰਨ ਆਈ ਸੀ। ਅਮਿਤ ਢੱਲ ਸਮੇਤ ਉਨ੍ਹਾਂ ਵੱਲੋਂ ਬਣਾਈ ਗਈ ਫਰਮ ਲੈਵਲ ਵਨ ਇੰਡੀਆ ਦੇ ਬੈਨਰ ਹੇਠ ਇਨ੍ਹਾਂ ਲੋਕਾਂ ਨੇ ਗਾਜ਼ੀਆਬਾਦ ਦੇ ਇਕ ਵਪਾਰੀ ਨੂੰ ਆਪਣੀ ਫਰਮ ਦਾ ਦਿੱਲੀ ਦਾ ਡਿਸਟਰੀਬਿਊਟਰ ਬਣਾ ਕੇ ਉਸ ਤੋਂ ਵਿਦੇਸ਼ੀ ਸਿਗਰਟਾਂ ਦਾ ਮਾਲ ਦੇਣ ਲਈ 1.10 ਕਰੋੜ ਰੁਪਏ ਲਏ ਸਨ। ਪੈਸੇ ਟਰਾਂਸਫ਼ਰ ਕਰਵਾਉਣ ਤੋਂ ਬਾਅਦ ਕਾਰੋਬਾਰੀ ਨੂੰ 43 ਲੱਖ 92 ਹਜ਼ਾਰ ਦਾ ਜੋ ਮਾਲ ਭੇਜਿਆ ਗਿਆ, ਉਹ 4 ਮਹੀਨੇ ਬਾਅਦ ਐਕਸਪਾਇਰ ਹੋਣ ਵਾਲਾ ਸੀ, ਜਦਕਿ ਉਸ ਦੇ ਪੈਕੇਟ ਵੀ ਜਾਅਲੀ ਸਨ।
ਯੂ. ਪੀ. ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਣਾਲ ਗਰਗ ਪੁੱਤਰ ਅਦੀਪ ਕੁਮਾਰ ਮੈਸਰਜ਼ ਸਲੀਕ ਟਰੇਡ ਇੰਡਸਟਰੀਅਲ ਏਰੀਆ ਮੇਰਠ ਰੋਡ ਗਾਜ਼ੀਆਬਾਦ ਨੇ ਦੱਸਿਆ ਕਿ ਦਸੰਬਰ 2020 ਨੂੰ ਅਮਿਤ ਢੱਲ ਅਧਿਕਾਰਤ ਪ੍ਰਤੀਨਿਧੀ ਮੈਸਰਜ਼ ਲੈਵਲ ਵਨ ਇੰਡੀਆ, ਦੀਪਕ ਹਾਂਡਾ ਪ੍ਰੋਪਰਾਈਟਰ ਮੈਸਰਜ਼ ਲੈਵਲ ਵਨ ਇੰਡੀਆ ਅਤੇ ਪੁਰਸ਼ੋਤਮ ਸੋਨੀ (ਕੰਟਰੀ ਹੈੱਡ) ਉਨ੍ਹਾਂ ਕੋਲ ਆਏ ਸਨ। ਉਨ੍ਹਾਂ ਦੱਸਿਆ ਕਿ ਉਹ ਕੋਰੀਆ ਦੀ ਕੰਪਨੀ ਦੀ ਸਿਗਰਟ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਕੰਪਨੀ ਦੇ ਭਾਰਤ ਦੇ ਕਈ ਵੱਡੇ ਸ਼ਹਿਰਾਂ ਵਿਚ ਡਿਸਟਰੀਬਿਊਟਰ ਹਨ ਪਰ ਉਹ ਦਿੱਲੀ ਨੂੰ ਕਵਰ ਕਰਨ ਲਈ ਡਿਸਟਰੀਬਿਊਟਰ ਲੱਭ ਰਹੇ ਹਨ।
ਇਹ ਵੀ ਪੜ੍ਹੋ: ਕਪੂਰਥਲਾ 'ਚ ਤੜਕਸਾਰ ਵੱਡਾ ਹਾਦਸਾ, 5 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਉਨ੍ਹਾਂ ਨੇ ਕੁਣਾਲ ਗਰਗ ਨੂੰ ਆਪਣੀ ਕੰਪਨੀ ਦੀ ਸਾਰੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਉਨ੍ਹਾਂ ਦੀ ਕੰਪਨੀ ਦੀ ਡਿਸਟਰੀਬਿਊਟਰਸ਼ਿਪ ਲੈਂਦੇ ਹਨ ਤਾਂ ਉਨ੍ਹਾਂ ਨੂੰ 5 ਲੱਖ ਰੁਪਏ ਪ੍ਰਤੀ ਮਹੀਨਾ ਆਮਦਨ ਹੋਵੇਗੀ। ਕੁਣਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕੰਪਨੀ ਉਨ੍ਹਾਂ ਲਈ ਮਾਰਕੀਟਿੰਗ ਕਰੇਗੀ ਅਤੇ ਮਾਲ ਵੇਚਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਕੁਣਾਲ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਡਿਸਟਰੀਬਿਊਟਰਸ਼ਿਪ ਲੈਣ ਲਈ ਦਸਤਾਵੇਜ਼ਾਂ ’ਤੇ ਸਾਈਨ ਕਰ ਦਿੱਤੇ। ਕੁਣਾਲ ਨੇ ਕੰਪਨੀ ਦੇ ਬੈਂਕ ਖਾਤੇ ਵਿਚ 1.10 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ।
ਦੋਸ਼ ਹੈ ਕਿ 24 ਨਵੰਬਰ 2020 ਨੂੰ ਉਨ੍ਹਾਂ ਨੂੰ 43 ਲੱਖ 92 ਹਜ਼ਾਰ ਦਾ ਸਿਗਰਟਾਂ ਦਾ ਮਾਲ ਭੇਜ ਦਿੱਤਾ। ਜਦੋਂ ਉਨ੍ਹਾਂ ਨੇ ਸਿਗਰਟਾਂ ਦੇ ਪੈਕੇਟ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਨ੍ਹਾਂ ਤੋਂ ਐਕਸਪਾਇਰੀ ਡੇਟ ਦੀ ਜਾਣਕਾਰੀ ਲੁਕਾਈ ਗਈ ਸੀ ਅਤੇ ਮਾਲ 4 ਮਹੀਨਿਆਂ ਅੰਦਰ ਐਕਸਪਾਇਰ ਹੋਣ ਵਾਲਾ ਸੀ। ਸਿਗਰਟਾਂ ਦੇ ਪੈਕੇਟ ਵੀ ਉਨ੍ਹਾਂ ਵੱਲੋਂ ਨਕਲੀ ਬਣਾ ਕੇ ਭੇਜੇ ਗਏ। ਕੁਣਾਲ ਨੇ ਜਦੋਂ ਉਕਤ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਮੈਸਰਜ਼ ਲੈਵਲ ਵਨ ਇੰਡੀਆ ਕੰਪਨੀ ਦੇ ਪਾਰਟਨਰਜ਼ ਨੇ ਉਸ ਦਾ ਮਾਲ ਲੁਕਾਉਣ ਲਈ ਕੋਈ ਮਾਰਕੀਟਿੰਗ ਨਹੀਂ ਕੀਤੀ ਅਤੇ ਕਾਫ਼ੀ ਸਮੇਂ ਤੱਕ ਮਾਲ ਉਂਝ ਹੀ ਪਿਆ ਰਿਹਾ।
ਇਹ ਵੀ ਪੜ੍ਹੋ: ਤਿਉਹਾਰ ਵਾਲੇ ਦਿਨ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼
ਕਿਸੇ ਤਰ੍ਹਾਂ ਉਸ ਨੇ 2 ਡਿਸਟਰੀਬਿਊਟਰ ਬਣਾ ਕੇ 18 ਲੱਖ 40 ਹਜ਼ਾਰ ਰੁਪਏ ਦਾ ਮਾਲ ਵਿਕਵਾ ਦਿੱਤਾ ਪਰ ਬਾਕੀ ਦਾ ਮਾਲ ਖਰਾਬ ਹੁੰਦਾ ਗਿਆ। ਕੁਣਾਲ ਨੇ ਕਿਹਾ ਕਿ ਉਹ ਜਦੋਂ ਜਲੰਧਰ ਗੱਲ ਕਰਨ ਆਇਆ ਤਾਂ ਉਸ ਨੂੰ ਡਰਾਇਆ-ਧਮਕਾਇਆ ਗਿਆ। ਬਾਅਦ ਵਿਚ ਉਹ ਵਾਪਸ ਆਇਆ ਤਾਂ ਉਸਨੇ ਯੂ. ਪੀ. ਦੀ ਪੁਲਸ ਨੂੰ ਸ਼ਿਕਾਇਤ ਕੀਤੀ। ਲੰਮੀ ਜਾਂਚ ਤੋਂ ਬਾਅਦ ਪੁਲਸ ਨੇ ਮੈਸਰਜ਼ ਲੈਵਲ ਵਨ ਇੰਡੀਆ, ਨਿਊ ਕਾਲੋਨੀ, ਨਿਊ ਜੀ. ਟੀ. ਬੀ. ਨਗਰ ਦੇ ਪ੍ਰੋਪਰਾਈਟਰ ਅਭਿਨਵ ਹਾਂਡਾ, ਦੀਪਕ ਹਾਂਡਾ, ਅਧਿਕਾਰਤ ਪ੍ਰਤੀਨਿਧੀ ਅਮਿਤ ਢੱਲ, ਕੰਟਰੀ ਹੈੱਡ ਪੁਰਸ਼ੋਤਮ ਸੋਨੀ, ਅਧਿਕਾਰਤ ਪ੍ਰਤੀਨਿਧੀ ਚੰਦਰ ਸ਼ਰਮਾ, ਰਿਜਨਲ ਮੈਨੇਜਰ ਪਿਊਸ਼ ਜੈਨ, ਸੀਨੀਅਰ ਮੈਨੇਜਰ ਕਰੁਣਾ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 420, 409, 504, 506, 120-ਬੀ ਤਹਿਤ ਕੇਸ ਦਰਜ ਕਰ ਲਿਆ। ਇਸੇ ਐੱਫ਼. ਆਈ. ਆਰ. ਦੇ ਮਾਮਲੇ ਵਿਚ ਯੂ. ਪੀ. ਦੇ ਸਿਹਾਨੀ ਗੇਟ ਥਾਣਾ ਪੁਲਸ ਨੇ ਜਲੰਧਰ ਵਿਚ ਰੇਡ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨਾਮਜ਼ਦ ਲੋਕਾਂ ਦੀ ਲੋਕੇਸ਼ਨ ਖੰਗਾਲ ਕੇ ਢੰਨ ਮੁਹੱਲੇ ਦੇ ਆਸ-ਪਾਸ ਵੀ ਗਈ ਸੀ ਪਰ ਉਥੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ।
ਮੈਸਰਜ਼ ਲੈਵਲ ਵਨ ਇੰਡੀਆ ਮੇਰੇ ਜਾਣਕਾਰ ਦੀ, ਮੇਰਾ ਕੋਈ ਲੈਣ-ਦੇਣ ਨਹੀਂ: ਅਮਿਤ ਢੱਲ
ਇਸ ਸਾਰੇ ਮਾਮਲੇ ਬਾਰੇ ਜਦੋਂ ਅਮਿਤ ਢੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰਾ ਇਸ ਮਾਮਲੇ ਵਿਚ ਕੋਈ ਲੈਣ-ਦੇਣ ਨਹੀਂ ਹੈ। ਮੈਸਰਜ਼ ਲੈਵਲ ਵਨ ਇੰਡੀਆ ਫਰਮ ਉਨ੍ਹਾਂ ਦੇ ਜਾਣਕਾਰ ਦੀ ਹੈ। ਉਨ੍ਹਾਂ ਦਾ ਲੈਣ-ਦੇਣ ਜੋ ਵੀ ਹੋਇਆ, ਉਸਦਾ ਮੈਨੂੰ ਕੁਝ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਤਹਿਤ ਉਨ੍ਹਾਂ ਦਾ ਨਾਂ ਐੱਫ਼. ਆਈ. ਆਰ. ਵਿਚ ਪੁਆਇਆ ਗਿਆ ਹੈ ਪਰ ਉਹ ਹਰ ਜਾਂਚ ਲਈ ਤਿਆਰ ਹਨ।
ਇਹ ਵੀ ਪੜ੍ਹੋ: ਮਹਾ ਡਿਬੇਟ ਦੌਰਾਨ CM ਭਗਵੰਤ ਮਾਨ ਨੇ ਸੁਣਾਇਆ ਭ੍ਰਿਸ਼ਟ ਤਹਿਸੀਲਦਾਰ ਦਾ ਕਿੱਸਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕੈਨੇਡਾ ਨੇ ਨੈਨੀ/ਨਰਸਾਂ ਨੂੰ ਦਿੱਤੀ ਖ਼ੁਸ਼ਖ਼ਬਰੀ, ਸਾਰੇ ਪਰਿਵਾਰ ਸਮੇਤ ਮਿਲੇਗੀ PR, ਜਲਦ ਕਰੋ ਅਪਲਾਈ
NEXT STORY