ਹੁਸ਼ਿਆਰਪੁਰ (ਅਮਰਿੰਦਰ)— ਹਾਲਾਂਕਿ ਭਾਰਤੀ ਸਮਾਜ 'ਚ ਪਿਆਰ-ਮੁਹੱਬਤ ਦਾ ਖੁੱਲ੍ਹੇ ਤੌਰ 'ਤੇ ਇਜ਼ਹਾਰ ਕਰਨ 'ਤੇ ਸਦੀਆਂ ਤੋਂ ਪਹਿਰਾ ਲੱਗਾ ਹੋਇਆ ਹੈ ਪਰ ਬਦਲਦੇ ਦੌਰ 'ਚ ਹੁਣ ਖਾਸਕਰ ਨੌਜਵਾਨ ਪੀੜ੍ਹੀ ਉਕਤ ਪ੍ਰੰਪਰਾਵਾਂ ਨੂੰ ਤੋੜ ਕੇ ਖੁੱਲ੍ਹੇ ਦਿਲ ਨਾਲ ਪਿਆਰ ਦਾ ਇਜ਼ਹਾਰ ਕਰਨ ਲਈ ਫਰਵਰੀ 'ਚ 'ਵੈਲੇਨਟਾਈਨ ਵੀਕ' ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀ ਹੈ। 7 ਤੋਂ 14 ਫਰਵਰੀ ਤੱਕ ਚੱਲਦੇ ਵੈਲੇਨਟਾਈਨ ਵੀਕ ਦੌਰਾਨ ਪਿਆਰ ਕਰਨ ਵਾਲੇ ਆਪਣੇ ਚਹੇਤਿਆਂ ਲਈ ਗਿਫਟ ਲੱਭਣੇ ਸ਼ੁਰੂ ਕਰ ਦਿੰਦੇ ਹਨ। ਪਿਆਰ ਕਰਨ ਵਾਲਿਆਂ ਲਈ ਬਾਜ਼ਾਰ ਸਜ ਗਏ ਹਨ। ਇਸ ਵਾਰ ਬਾਜ਼ਾਰਾਂ 'ਚ ਵੱਖ-ਵੱਖ ਤਰ੍ਹਾਂ ਦੇ ਨਵੇਂ ਗਿਫਟ ਆਏ ਹਨ, ਜੋ ਪ੍ਰੇਮੀ ਜੋੜਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ।
ਇਸ ਵਾਰ ਬਾਜ਼ਾਰ 'ਚ ਇਹ ਹੈ ਖਾਸ
ਪਿਆਰ ਕਰਨ ਵਾਲਿਆਂ ਲਈ ਇਸ ਵਾਰ ਮਾਰਕੀਟ ਪੂਰੀ ਤਰ੍ਹਾਂ ਤਿਆਰ ਹੈ। ਮਾਰਕੀਟ 'ਚ ਕਈ ਤਰ੍ਹਾਂ ਦੇ ਤੋਹਫੇ ਉਪਲੱਬਧ ਹਨ। ਇਕ ਜ਼ਮਾਨਾ ਸੀ ਜਦੋਂ ਲੋਕ ਆਪਣੀ ਗੱਲ ਇਕ-ਦੂਜੇ ਤੱਕ ਪਹੁੰਚਾਉਣ ਲਈ ਪੰਛੀਆਂ ਦਾ ਸਹਾਰਾ ਲੈਂਦੇ ਸਨ। ਹੁਣ ਪੰਛੀਆਂ ਦੀ ਜਗ੍ਹਾ ਮੋਬਾਇਲ ਨੇ ਲੈ ਲਈ ਹੈ। ਇਸ ਤੋਂ ਇਲਾਵਾ ਖਾਸ ਤਰੀਕੇ ਨਾਲ ਤਿਆਰ ਕੀਤੇ ਗਏ ਫੋਟੋ ਫਰੇਮ, ਗਿਫਟ ਰੈਪ ਨਾਲ ਸਜਾਏ ਫੁੱਲ ਅਤੇ ਡਬਲ ਟੈਡੀ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਮਾਰਕੀਟ ਵਿਚ ਕਾਰਡਜ਼ ਦੀ ਵੀ ਭਾਰੀ ਮੰਗ ਹੈ।
ਫੁੱਲਾਂ ਵਾਲਿਆਂ ਨੇ ਵੀ ਕੀਤੀ ਤਿਆਰੀ
ਵੈਲੇਨਟਾਈਨ ਡੇਅ ਸਬੰਧੀ ਫੁੱਲਾਂ ਦਾ ਕੰਮ ਕਰਨ ਵਾਲਿਆਂ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਹੈ। ਇਸ ਹਫਤੇ ਸਭ ਤੋਂ ਜ਼ਿਆਦਾ ਡਿਮਾਂਡ ਗੁਲਾਬ ਦੇ ਫੁੱਲਾਂ ਦੀ ਹੀ ਹੁੰਦੀ ਹੈ। ਮਾਰਕੀਟ ਵੀ ਪਿਆਰ ਕਰਨ ਵਾਲਿਆਂ ਦੇ ਇਸ ਸਭ ਤੋਂ ਖਾਸ ਤੋਹਫੇ ਲਈ ਪੂਰੀ ਤਰ੍ਹਾਂ ਤਿਆਰ ਹੈ। ਫੁੱਲਾਂ ਵਾਲਿਆਂ ਨੇ ਇਸ ਖਾਸ ਦਿਨ ਲਈ ਐਡਵਾਂਸ 'ਚ ਹੀ ਆਰਡਰ ਦੇ ਦਿੱਤੇ ਹਨ।
ਕਿਉਂ ਮਨਾਇਆ ਜਾਂਦੈ 'ਵੈਲੇਨਟਾਈਨ ਡੇਅ'?
'ਵੈਲੇਨਟਾਈਨ ਡੇਅ' ਰੋਮਨ ਸੈਨਿਕਾਂ ਵੱਲੋਂ ਤੀਜੀ ਸ਼ਤਾਬਦੀ ਵਿਚ ਸ਼ਹੀਦ ਕੀਤੇ ਗਏ ਸੇਂਟ ਵੈਲੇਨਟਾਈਨ ਦੀ ਯਾਦ 'ਚ ਮਨਾਇਆ ਜਾਂਦਾ ਸੀ। ਹੁਣ ਇਹ ਪੂਰੇ ਸੰਸਾਰ ਵਿਚ ਪਿਆਰ ਦੇ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਦਰਅਸਲ, ਉਸ ਸਮੇਂ ਰੋਮ ਦੇ ਸਮਰਾਟ ਦਾ ਮੰਨਣਾ ਸੀ ਕਿ ਕੁਆਰੇ ਪੁਰਸ਼ ਚੰਗੇ ਫੌਜੀ ਹੁੰਦੇ ਹਨ ਅਤੇ ਵਿਆਹੇ ਪੁਰਸ਼ ਚੰਗੇ ਨਹੀਂ ਹੁੰਦੇ। ਉਸ ਨੇ ਆਪਣੇ ਰਾਜ ਵਿਚ ਕਿਸੇ ਵੀ ਫੌਜੀ ਜਾਂ ਅਧਿਕਾਰੀ ਦੇ ਵਿਆਹ 'ਤੇ ਰੋਕ ਲਾ ਰੱਖੀ ਸੀ। ਸੇਂਟ ਵੈਲੇਨਟਾਈਨ ਨੂੰ ਇਹ ਮਨਜ਼ੂਰ ਨਹੀਂ ਸੀ। ਉਸ ਨੇ ਸਮਰਾਟ ਦਾ ਵਿਰੋਧ ਕਰਦੇ ਹੋਏ ਕਈ ਸੈਨਿਕਾਂ ਦੇ ਚੋਰੀ ਵਿਆਹ ਕਰਵਾਏ। ਜਦੋਂ ਇਹ ਗੱਲ ਸਮਰਾਟ ਨੂੰ ਪਤਾ ਲੱਗੀ ਤਾਂ ਉਸ ਨੇ ਸੇਂਟ ਵੈਲੇਨਟਾਈਨ ਨੂੰ ਮੌਤ ਦੀ ਸਜ਼ਾ ਦੇ ਦਿੱਤੀ। 14 ਫਰਵਰੀ ਨੂੰ ਸੇਂਟ ਵੈਲੇਨਟਾਈਨ ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦੀ ਯਾਦ ਵਿਚ ਹੀ 14 ਫਰਵਰੀ ਨੂੰ 'ਵੈਲੇਨਟਾਈਨ ਡੇਅ' ਵਜੋਂ ਮਨਾਇਆ ਜਾਂਦਾ ਹੈ।
ਜਲੰਧਰ 'ਚ ਚੀਨ ਤੋਂ ਆਏ 5 ਸ਼ੱਕੀ ਮਰੀਜ਼ਾਂ ਦੇ 'ਕੋਰੋਨਾ ਵਾਇਰਸ' ਦੇ ਟੈਸਟ ਨੈਗੇਟਿਵ
NEXT STORY