ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਵਿਖੇ ਬੀਤੀ ਰਾਤ 2 ਧਿਰਾਂ ਵਿਚਾਲੇ ਹਿੰਸਕ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੌਰਾਨ ਇਕ ਕੁੜੀ ਸਮੇਤ ਕੁੱਲ 4 ਵਿਅਕਤੀ ਜ਼ਖ਼ਮੀ ਹੋ ਗਏ ਹਨ ਅਤੇ ਹਾਲਾਤ ਇੰਨੇ ਕਾਬੂ ਤੋਂ ਬਾਹਰ ਹੋ ਗਏ ਕਿ ਇਕ-ਦੂਜੇ ’ਤੇ ਪੱਥਰਬਾਜ਼ੀ ਵੀ ਕੀਤੀ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਮੰਗਾ ਪੁੱਤਰ ਸ਼ਿੰਦਰ ਪਾਲ ਵਾਸੀ ਪਿੰਡ ਰੂਰਲ ਚੰਡੀਗੜ੍ਹ ਬਸਤੀ ਨੇ ਦੱਸਿਆ ਕਿ ਉਸ ਨੇ ਹਰਪ੍ਰੀਤ ਤੋਂ 30 ਹਜ਼ਾਰ ਰੁਪਏ ਲੈਣੇ ਸਨ ਪਰ ਉਸ ਨੇ ਮੈਨੂੰ ਪੈਸੇ ਨਹੀਂ ਦਿੱਤੇ ਅਤੇ ਮੇਰੇ ਨਾਲ ਦੁਰਵਿਵਹਾਰ ਵੀ ਕੀਤਾ।
ਉਸ ਨੇ ਦੱਸਿਆ ਕਿ ਉਹ ਸ਼ਾਮ ਕਰੀਬ 7 ਵਜੇ ਆਪਣੀ ਦੁਕਾਨ ’ਤੇ ਬੈਠਾ ਸੀ। ਇੰਨੇ ’ਚ ਇਕ ਨੌਜਵਾਨ ਉੱਥੋਂ ਲੰਘਿਆ ਅਤੇ ਕਿਹਾ ਕਿ ਇਹ ਮੇਰਾ ਕੁਝ ਨਹੀਂ ਕਰ ਸਕਦਾ ਅਤੇ ਲਲਕਾਰੇ ਮਾਰਨ ਲੱਗਾ ਤੇ ਬਾਅਦ ’ਚ ਮੈਨੂੰ ਧੱਕਾ ਦਿੱਤਾ। ਹਰਪ੍ਰੀਤ ਨੇ ਕਰੀਬ 10 ਨੌਜਵਾਨਾਂ ਨੂੰ ਉੱਥੇ ਬੁਲਾਇਆ, ਜੋ ਤੇਜ਼ਧਾਰ ਹਥਿਆਰ ਲੈ ਕੇ ਆਏ। ਜਦੋਂ ਮੈਂ ਅਤੇ ਮੇਰਾ ਭਰਾ ਬਾਹਰ ਆਏ ਤਾਂ ਉਨ੍ਹਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਾਡੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਦੌਰਾਨ ਮੈਂ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੈਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਪੈਸੇ ਵੀ ਵਾਪਸ ਦਿਵਾਏ ਜਾਣ।
ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿੰਕਜਾ, ਸਖ਼ਤ ਹਦਾਇਤਾਂ ਕੀਤੀਆਂ ਜਾਰੀ
ਕੀ ਕਹਿਣੈ ਦੂਜੀ ਧਿਰ ਦਾ
ਇਸ ਸਬੰਧੀ ਜਦੋਂ ਦੂਜੀ ਧਿਰ ਦੀ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਰੌਸ਼ਨੀ ਪੁੱਤਰੀ ਸੁਖਦੇਵ ਰਾਜ ਵਾਸੀ ਪਿੰਡ ਰੂਰਲ ਚੰਡੀਗੜ੍ਹ ਬਸਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਘਰ ’ਚ ਇਕੱਲੀ ਸੀ। ਮੰਗਾ ਅਤੇ ਉਸ ਦੇ ਨਾਲ ਕਰੀਬ 5 ਨੌਜਵਾਨ ਆਏ ਤੇ ਆਉਂਦੇ ਹੀ ਸਾਡੇ ਨਾਲ ਗਾਲੀ-ਗਲੋਚ ਕਰਨ ਲੱਗ ਪਏ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਮੇਰਾ ਫੋਨ ਵੀ ਤੋੜ ਦਿੱਤਾ ਤੇ ਮੇਰੇ ਗਲੇ ’ਚੋਂ ਚਾਂਦੀ ਦੀ ਚੇਨ ਵੀ ਖੋਹ ਲਈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਰੌਲਾ ਪਾਇਆ ਤਾਂ ਮੇਰੇ ਭਰਾ ਨੂੰ ਨੇੜਲੇ ਗੁਆਂਢੀਆਂ ਨੇ ਸੂਚਿਤ ਕੀਤਾ। ਇਸ ਤੋਂ ਬਾਅਦ ਜਦੋਂ ਮੇਰੇ ਭਰਾ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਰਾਜ ਅਤੇ ਦੀਪਕ ਪੁੱਤਰ ਕੁਲਵੰਤ ਰਾਜ ਆਏ ਤਾਂ ਇਨ੍ਹਾਂ ਨੇ ਉਨ੍ਹਾਂ ਨਾਲ ਵੀ ਕੁੱਟ-ਮਾਰ ਕੀਤੀ ਤੇ ਇੱਟਾਂ-ਪੱਥਰ ਵੀ ਮਾਰੇ, ਜਿਸ ਤੋਂ ਬਾਅਦ ਸਾਡੇ ਪਰਿਵਾਰਕ ਮੈਂਬਰਾਂ ਵੱਲੋਂ ਸਾਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਸਾਡਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਾ ਅਤੇ ਉਸ ਦੇ ਸਾਥੀਆਂ ਨੇ ਸਾਡੇ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।
ਸੋਸ਼ਲ ਮੀਡੀਆ ’ਤੇ ਹੋਈ ਲੜਾਈ ਦੀ ਵੀਡੀਓ ਵਾਇਰਲ
ਬੀਤੀ ਰਾਤ ਸੁਲਤਾਨਪੁਰ ਲੋਧੀ ’ਚ 2 ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਲੜਕੀ ਖੂਨ ਨਾਲ ਲਥਪਥ ਦਿਖਾਈ ਦੇ ਰਹੀ ਹੈ। ਕੁਝ ਨੌਜਵਾਨ ਇਕ-ਦੂਜੇ ਨੂੰ ਗਾਲ੍ਹਾਂ ਵੀ ਕੱਢ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ
ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਥਾਣਾ ਇੰਚਾਰਜ ਟੁਰਨਾ
ਇਸ ਸਬੰਧੀ ਜਦੋਂ ਥਾਣਾ ਇੰਚਾਰਜ ਲਖਵਿੰਦਰ ਸਿੰਘ ਟੁਰਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਸਾਡੇ ਡਿਊਟੀ ਅਫਸਰ ਨੇ ਵੱਡੀ ਗਿਣਤੀ ’ਚ ਪੁਲਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਥੇ ਮਾਹੌਲ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋਵੇਂ ਧਿਰਾਂ ਦੇ ਕੁੱਲ 4 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਪਰਿਵਾਰ ਮੱਛੀਆਂ ਫੜਨ ਦਾ ਕਾਰੋਬਾਰ ਕਰਦੇ ਹਨ। ਇਹ ਲੜਾਈ ਪੈਸਿਆਂ ਦੇ ਲੈਣ-ਦੇਣ ਕਾਰਨ ਹੋਈ ਹੈ।
ਇਹ ਵੀ ਪੜ੍ਹੋ: ਪਰਾਲੀ ਨੂੰ ਸਾੜਨ ਤੋਂ ਰੋਕਣ ਆਏ ਅਧਿਕਾਰੀ ਕੋਲੋਂ ਹੀ ਕਿਸਾਨਾਂ ਨੇ ਲਗਵਾ ਦਿੱਤੀ ਅੱਗ, DC ਨੇ ਦਿੱਤੀ ਚਿਤਾਵਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭੈਣ-ਭਰਾ ਨੂੰ ਵਿਖਾਏ ਕੈਨੇਡਾ ਦੇ ਸੁਫ਼ਨੇ, ਫਿਰ 5 ਲੱਖ ਤੋਂ ਵਧੇਰੇ ਦੀ ਕਰ ਲਈ ਠੱਗੀ
NEXT STORY