ਇਕ ਪਾਸੇ ਦੇਸ਼ ’ਚ ਇਨ੍ਹੀਂ ਦਿਨੀਂ ਚੋਣ ਬੁਖਾਰ ਜ਼ੋਰਾਂ ’ਤੇ ਹੈ ਤਾਂ ਦੂਜੇ ਪਾਸੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਆਗੂਆਂ ਨਾਲ ਨਾਰਾਜ਼ ਲੋਕ ਕਿਤੇ ਉਨ੍ਹਾਂ ’ਤੇ ਪਥਰਾਅ ਕਰ ਕੇ ਅਤੇ ਕਿਤੇ ਕਿਸੇ ਹੋਰ ਤਰੀਕੇ ਨਾਲ ਆਪਣਾ ਵਿਰੋਧ ਜਤਾ ਰਹੇ ਹਨ। ਇੱਥੇ ਹੇਠਾਂ ਪੇਸ਼ ਹਨ ਅਜਿਹੀਆਂ ਹੀ ਚੰਦ ਤਾਜ਼ਾ ਘਟਨਾਵਾਂ :
* 30 ਮਾਰਚ, 2024 ਨੂੰ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ’ਚ ‘ਖਤੌਲੀ’ ਖੇਤਰ ਦੇ ‘ਮੜ ਕਰੀਮਪੁਰ’ ਪਿੰਡ ’ਚ ਇਕ ਚੋਣ ਸਭਾ ਦੌਰਾਨ ਕੁਝ ਨੌਜਵਾਨਾਂ ਨੇ ਭਾਜਪਾ ਉਮੀਦਵਾਰ ਅਤੇ ਕੇਂਦਰੀ ਰਾਜ ਮੰਤਰੀ ਡਾ. ਸੰਜੀਵ ਬਾਲਿਆਨ ਵਿਰੁੱਧ ਨਾਅਰੇਬਾਜ਼ੀ ਕਰਨ ਤੋਂ ਇਲਾਵਾ ਉਨ੍ਹਾਂ ਦੇ ਕਾਫਲੇ ’ਤੇ ਪਥਰਾਅ ਕਰ ਦਿੱਤਾ। ਇਸ ਦੇ ਸਿੱਟੇ ਵਜੋਂ ਕੁਝ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ 10 ਤੋਂ ਵੱਧ ਵਰਕਰ ਜ਼ਖਮੀ ਹੋ ਗਏ।
* 1 ਅਪ੍ਰੈਲ ਨੂੰ ਕੂਚਬਿਹਾਰ (ਪੱਛਮੀ ਬੰਗਾਲ) ’ਚ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਉਦਯਨ ਗੁਹਾ ਦੇ ਕਾਫਲੇ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।
* 13 ਅਪ੍ਰੈਲ ਨੂੰ ‘ਯੁਵਜਨ ਸ਼੍ਰਮਿਕਾ ਰਾਯਤੂ ਪਾਰਟੀ (ਵਾਈ.ਐੱਸ.ਆਰ.ਸੀ.ਪੀ.) ਦੇ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਮੋਹਨ ਰੈੱਡੀ ਜਦ ਇਕ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਨਮਸਕਾਰ ਕਰ ਰਹੇ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ’ਤੇ ਪਥਰਾਅ ਕਰ ਦਿੱਤਾ। ਇਸ ਦੇ ਸਿੱਟੇ ਵਜੋਂ ਜਗਮੋਹਨ ਰੈੱਡੀ ਦੇ ਮੱਥੇ ’ਤੇ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਵਿਧਾਇਕ ਵੇਲਮਪੱਲੀ ਦੀ ਖੱਬੀ ਅੱਖ ’ਤੇ ਸੱਟ ਲੱਗ ਗਈ।
* 13 ਅਪ੍ਰੈਲ ਨੂੰ ਹੀ ਮੁਰਸ਼ਦਾਬਾਦ (ਪੱਛਮੀ ਬੰਗਾਲ) ਦੇ ਬਹਿਰਾਮਪੁਰਾ ਖੇਤਰ ਦੇ ਕਾਂਗਰਸ ਉਮੀਦਵਾਰ ਅਤੇ ਵਰਤਮਾਨ ਸੰਸਦ ਮੈਂਬਰ ਅਧੀਨ ਰੰਜਨ ਚੌਧਰੀ ਚੋਣ ਪ੍ਰਚਾਰ ਦੌਰਾਨ ਆਪੇ ਤੋਂ ਬਾਹਰ ਹੋ ਗਏ ਅਤੇ ਉਨ੍ਹਾਂ ਵਿਰੁੱਧ ‘ਗੋ ਬੈਕ’ ਦਾ ਨਾਅਰਾ ਲਾ ਰਹੇ ਇਕ ਨਾਰਾਜ਼ ਵਿਅਕਤੀ ਨੂੰ ਥੱਪੜ ਮਾਰ ਦਿੱਤਾ।
* 14 ਅਪ੍ਰੈਲ ਨੂੰ ਨਾਰਾਜ਼ ਵੋਟਰਾਂ ਨੇ ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਪ੍ਰਮੁੱਖ ਅਤੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ’ਤੇ ਗੁੰਟੂਰ ’ਚ ਅਤੇ ਜਨਸੇਵਾ ਪਾਰਟੀ (ਜੇ.ਐੱਸ.ਪੀ.) ਦੇ ਆਗੂ ਪਵਨ ਕਲਿਆਣ ’ਤੇ ਵਿਸ਼ਾਖਾਪਟਨਮ ’ਚ ਪਥਰਾਅ ਕੀਤਾ।
* 14 ਅਪ੍ਰੈਲ ਨੂੰ ਹੀ ਸਿੰਘਭੂਮ (ਝਾਰਖੰਡ) ਤੋਂ ਭਾਜਪਾ ਉਮੀਦਵਾਰ ਅਤੇ ਸੰਸਦ ਮੈਂਬਰ ਗੀਤਾ ਕੋੜਾ ਨੂੰ ‘ਗਮਹਰੀਆ’ ਬਲਾਕ ਦੇ ਮੋਹਨਪੁਰ ’ਚ ਤੀਰ-ਕਮਾਨ ਅਤੇ ਲਾਠੀ-ਡੰਡਿਆਂ ਵਾਲੇ ਗੁੱਸੇ ’ਚ ਆਏ ਪੇਂਡੂਆਂ ਨੇ ਪਿੰਡ ’ਚ ਵੜਨ ਤੋਂ ਰੋਕ ਦਿੱਤਾ।
ਜਦ ਉਹ ਦੂਜੇ ਰਾਹ ਤੋਂ ਪਿੰਡ ’ਚ ਦਾਖਲ ਹੋਏ ਤਾਂ ਇਕ ਟ੍ਰੈਕਟਰ ਅਤੇ 10 ਬਾਈਕਾਂ ’ਤੇ ਸਵਾਰ 50 ਲੋਕਾਂ ਨੇ ਡੇਢ ਘੰਟੇ ਤੱਕ ਉਨ੍ਹਾਂ ਨੂੰ ਬੰਦੀ ਬਣਾਈ ਰੱਖਿਆ। ਇਸ ਦੌਰਾਨ ‘ਗੀਤਾ ਕੋੜਾ’ ਦੇ ਹਮਾਇਤੀਆਂ ਅਤੇ ਵਿਰੋਧੀਆਂ ਦਰਮਿਆਨ ਧੱਕਾ-ਮੁੱਕੀ ਅਤੇ ਜੰਮ ਕੇ ਮਾਰ ਕੁੱਟ ਹੋਈ।
ਪਹਿਲਾਂ ਤਾਂ ਨਾਰਾਜ਼ਗੀ ਜ਼ਾਹਿਰ ਕਰਨ ਦਾ ਮਸਲਾ ਅਪਸ਼ਬਦ ਬੋਲਣ ਤੱਕ ਹੀ ਸੀਮਤ ਸੀ ਪਰ ਹੁਣ ਆਗੂਆਂ ਦੇ ਆਚਰਣ ਕਾਰਨ ਲੋਕ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਲਈ ਪੱਥਰਬਾਜ਼ੀ ਤੱਕ ਦਾ ਵੀ ਸਹਾਰਾ ਲੈਣ ਲੱਗੇ ਹਨ।
ਹਾਲਾਂਕਿ ਸਬੰਧਿਤ ਪਾਰਟੀਆਂ ਅਜਿਹੀਆਂ ਘਟਨਾਵਾਂ ਨੂੰ ਵਿਰੋਧੀ ਪਾਰਟੀਆਂ ਦੀ ਕਰਤੂਤ ਦੱਸ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਆਗੂਆਂ ਨੂੰ ਇਸ ਨੂੰ ਇਕ ਚਿਤਾਵਨੀ ਵਜੋਂ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਅਣਡਿੱਠ ਕਰਨਾ ਜਾਰੀ ਰੱਖਿਆ ਤਾਂ ਲੋਕਾਂ ਦੀ ਨਾਰਾਜ਼ਗੀ ਜ਼ਿਆਦਾ ਹਿੰਸਕ ਰੂਪ ਵੀ ਧਾਰਨ ਕਰ ਸਕਦੀ ਹੈ।
-ਵਿਜੇ ਕੁਮਾਰ
ਇਸ ਚੋਣ ’ਚ ਮੁੱਦੇ ਅਤੇ ਮਾਹੌਲ ਕੀ ਹੈ?
NEXT STORY