ਦਸੂਹਾ (ਝਾਵਰ)— ਇਥੋਂ ਦੇ ਰਾਸ਼ਟਰੀ ਰਾਜ ਮਾਰਗ 'ਤੇ ਪੈਂਦੇ ਯੈੱਸ ਬੈਂਕ ਨੂੰ ਬੀਤੀ ਰਾਤ ਕਰੀਬ 12 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ ਸਿੱਟੇ ਵਜੋਂ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਬੈਂਕ ਮੈਨੇਜਰ ਬਾਲ ਭਾਰਤੀ ਨੇ ਦੱਸਿਆ ਕਿ ਸ਼ਾਰਟ ਸਰਕਿਟ ਹੋਣ ਕਾਰਨ ਬੈਂਕ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦਾ ਡਾਟਾ ਪੂਰੀ ਤਰ੍ਹਾਂ ਸੇਫ ਹੈ ਜਦ ਕਿ ਏ. ਟੀ. ਐੱਮ. ਮਸ਼ੀਨ ਚਾਰ ਕਾਊਂਟਰ ਤਿੰਨ ਏ. ਸੀ. ਕੈਸ਼ ਕਾਊਂਟਰ ਕੁਰਸੀਆਂ ਟੇਬਲ ਤੋਂ ਇਲਾਵਾ ਕੰਪਿਊਟਰ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

ਇਸ ਸਬੰਧੀ ਬੈਂਕ ਦੇ ਗਾਰਡ ਪਵਨ ਕੁਮਾਰ ਨੇ ਦੱਸਿਆ ਕਿ ਉਹ ਬੈਂਕ ਦੇ ਬਾਹਰ ਬੈਠਾ ਹੋਇਆ ਸੀ ਕਿ ਉਸ ਨੂੰ ਅੰਦਰ ਲਾਈਟ ਜਗਦੀ ਦਿਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਬੈਂਕ ਦੇ ਮੈਨੇਜਰ ਬਾਲ ਭਾਰਤੀ ਨੂੰ ਫੋਨ 'ਤੇ ਸੂਚਨਾ ਦਿੱਤੀ। ਉਨ੍ਹਾਂ ਆਪ੍ਰੇਸ਼ਨ ਮੈਨੇਜਰ ਰੂਪਜੀਤ ਕੌਰ ਨੂੰ ਵੀ ਦੱਸਣ ਉਪਰੰਤ ਦਸੂਹਾ ਥਾਣੇ ਵਿਖੇ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਦਸੂਹਾ ਥਾਣੇ ਵਾਲਿਆਂ ਨੇ ਉਸ ਦਾ ਫੋਨ ਨਹੀਂ ਚੁੱਕਿਆ, ਜਿਸ ਉਪਰੰਤ ਉਸ ਨੇ ਨਾਲ ਲੱਗਦੇ ਵੀਰਜੀ ਢਾਬੇ ਦੇ ਮੁਲਾਜ਼ਮਾਂ ਨੂੰ ਜਗਾਇਆ ਅਤੇ ਉਹ ਬਾਲਟੀਆਂ ਲੈ ਕੇ ਅੱਗ ਬੁਝਾਉਣ ਲਈ ਭੱਜੇ। ਠੀਕ ਦਸ ਮਿੰਟ ਬਾਅਦ ਫਾਇਰ ਬਰਗੇਡ ਦੀਆਂ ਦੀ ਗੱਡੀ ਆ ਗਈ ਉਨ੍ਹਾਂ ਜਦੋਂ ਏ. ਟੀ. ਐੱਮ. ਦੇ ਰਸਤਿਓਂ ਸ਼ੀਸ਼ਾ ਤੋੜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੋਹਣ ਲੱਗੀਆਂ।

ਉਨ੍ਹਾਂ ਦੱਸਿਆ ਕਿ ਬੈਂਕ ਦੇ ਅਧਿਕਾਰੀਆਂ ਵੱਲੋਂ ਬੈਂਕ ਦਾ ਸ਼ਟਰ ਚੁੱਕ ਕੇ ਫਾਇਰ ਬ੍ਰਿਗੇਡ ਨਾਲ ਅੱਗ 'ਤੇ ਬੜੀ ਜੱਦੋ ਜਹਿਦ ਉਪਰੰਤ ਕਾਬੂ ਪਾਇਆ ਗਿਆ। ਲਗਭਗ ਅੱਧੇ ਘੰਟੇ ਦੀ ਜੱਦੋ ਜਹਿਦ ਉਪਰੰਤ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਮੌਕੇ ਵੀਰ ਜੀ ਢਾਬੇ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਖਦਸ਼ਾ ਹੋ ਗਿਆ ਸੀ ਕਿ ਅੱਗ ਉਨ੍ਹਾਂ ਦੇ ਢਾਬੇ ਨੂੰ ਵੀ ਆਪਣੀ ਲਪੇਟ 'ਚ ਲੈ ਲਵੇਗੀ, ਜਿਸ ਕਾਰਨ ਉਨ੍ਹਾਂ ਢਾਬੇ ਵਾਲੇ ਪਾਸਿਓਂ ਵੀ ਬਾਲਟੀਆਂ ਨਾਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਅਤੇ ਅੱਗ 'ਤੇ ਕਾਬੂ ਪਾਇਆ।
'2015 ਤੱਕ ਪੂਰੀ ਤੂਤੀ ਬੋਲਦੀ ਸੀ ਮਹਿੰਦਰਪਾਲ ਬਿੱਟੂ ਦੀ...'
NEXT STORY