ਚੇਨਈ– ਤਾਮਿਲ ਅਦਾਕਾਰਾ ਰਾਧਿਕਾ ਸਰਥਕੁਮਾਰ ਦੀ ਮਾਂ ਅਤੇ ਦਿੱਗਜ ਅਭਿਨੇਤਾ ਐੱਮ. ਆਰ. ਰਾਧਾ ਦੀ ਤੀਜੀ ਪਤਨੀ ਗੀਤਾ ਰਾਧਾ ਹੁਣ ਇਸ ਦੁਨੀਆ 'ਚ ਨਹੀਂ ਰਹੀ। 86 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਖਰੀ ਸਾਹ ਲਏ। ਉਹ ਕਾਫੀ ਸਮੇਂ ਤੋਂ ਉਮਰ ਨਾਲ ਜੁੜੀਆਂ ਬੀਮਾਰੀਆਂ ਨਾਲ ਜੂਝ ਰਹੀ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਖ਼ੁਦ ਰਾਧਿਕਾ ਸਰਥਕੁਮਾਰ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਅਤੇ ਆਪਣੀ ਮਾਂ ਨੂੰ ਆਖਰੀ ਵਿਦਾਈ ਦਿੱਤੀ। ਇਹ ਖ਼ਬਰ ਨਾ ਸਿਰਫ਼ ਰਾਧਿਕਾ ਅਤੇ ਪਰਿਵਾਰ ਲਈ, ਸਗੋਂ ਪੂਰੇ ਤਾਮਿਲ ਫ਼ਿਲਮ ਉਦਯੋਗ ਲਈ ਵੀ ਇਕ ਵੱਡਾ ਝਟਕਾ ਹੈ।
ਅੰਤਿਮ ਸੰਸਕਾਰ ਦੀਆਂ ਤਿਆਰੀਆਂ
ਗੀਤਾ ਰਾਧਾ ਦੀ ਮ੍ਰਿਤਕ ਦੇਹ ਨੂੰ ਚੇਨਈ ਦੇ ਪੋਇਸ ਗਾਰਡਨ ਵਿਖੇ ਸਥਿਤ ਉਨ੍ਹਾਂ ਦੇ ਘਰ 'ਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ। ਇੱਥੇ ਉਨ੍ਹਾਂ ਦੇ ਆਖਰੀ ਦਰਸ਼ਨ ਕਰਨ ਲਈ ਰਿਸ਼ਤੇਦਾਰਾਂ, ਦੋਸਤਾਂ, ਫ਼ਿਲਮੀ ਹਸਤੀਆਂ ਅਤੇ ਰਾਜਨੀਤਿਕ ਆਗੂਆਂ ਦੀ ਭੀੜ ਲੱਗੀ ਹੋਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4:30 ਵਜੇ ਬੇਸੈਂਟ ਨਗਰ ਸ਼ਮਸ਼ਾਨ ਘਾਟ 'ਚ ਕੀਤਾ ਜਾਵੇਗਾ।

ਫ਼ਿਲਮ ਜਗਤ ਨਾਲ ਡੂੰਘਾ ਨਾਤਾ
ਗੀਤਾ ਰਾਧਾ ਦੱਖਣੀ ਸਿਨੇਮਾ ਦੇ ਮਹਾਨ ਅਦਾਕਾਰ ਐੱਮ. ਆਰ. ਰਾਧਾ ਦੀ ਤੀਜੀ ਪਤਨੀ ਸਨ। ਐੱਮ. ਆਰ. ਰਾਧਾ ਦੀਆਂ ਤਿੰਨ ਪਤਨੀਆਂ ਤੋਂ ਕੁੱਲ 12 ਸੰਤਾਨਾਂ ਹਨ। ਉਨ੍ਹਾਂ 'ਚੋਂ ਰਾਧਿਕਾ ਸਰਥਕੁਮਾਰ ਅਤੇ ਨਿਰੋਸ਼ਾ ਦੱਖਣੀ ਫ਼ਿਲਮ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ਹਨ। ਗੀਤਾ ਰਾਧਾ ਇਕ ਅਜਿਹੇ ਪਰਿਵਾਰ ਨਾਲ ਜੁੜੀ ਸੀ, ਜਿਸ ਨੇ ਦੱਖਣੀ ਸਿਨੇਮਾ ਨੂੰ ਕਈ ਸਿਤਾਰੇ ਦਿੱਤੇ ਹਨ। ਇਸੇ ਕਾਰਨ ਕਈ ਫ਼ਿਲਮੀ ਸਿਤਾਰੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚੇ।
ਮਾਂ ਦੇ ਵਿਛੋੜੇ ਨਾਲ ਗਮਗੀਨ ਰਾਧਿਕਾ
ਰਾਧਿਕਾ ਸਰਥਕੁਮਾਰ ਕੁਝ ਦਿਨ ਪਹਿਲਾਂ ਹੀ ਆਪਣੀ ਮਾਂ ਦੇ ਨਾਲ ਆਪਣਾ ਜਨਮਦਿਨ ਮਨਾਇਆ ਸੀ। ਪਰ ਇਕ ਹੀ ਮਹੀਨੇ 'ਚ ਮਾਂ ਦੇ ਵਿਛੋੜੇ ਨੇ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਮਾਂ ਨਾਲ ਬਿਤਾਏ ਯਾਦਗਾਰ ਪਲਾਂ ਦੀਆਂ ਤਸਵੀਰਾਂ ਨਾਲ ਬਣਿਆ ਇਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਦਾ ਮਾਂ ਨਾਲ ਡੂੰਘਾ ਪਿਆਰ ਸਾਫ਼ ਦਿਖਾਈ ਦਿੰਦਾ ਹੈ। ਵੀਡੀਓ ਪੋਸਟ ਕਰਦਿਆਂ ਰਾਧਿਕਾ ਨੇ ਜੋੜੇ ਹੋਏ ਹੱਥਾਂ ਵਾਲਾ ਇਮੋਜੀ ਬਣਾਇਆ ਅਤੇ ਆਪਣੀ ਮਾਂ ਨੂੰ ਆਖਰੀ ਵਿਦਾਈ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਪੰਜ ਤੱਤਾਂ 'ਚ ਵਿਲੀਨ
NEXT STORY