ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ 'ਹੀ-ਮੈਨ' ਵਜੋਂ ਮਸ਼ਹੂਰ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਚਾਹੁਣ ਵਾਲੇ ਚਿੰਤਤ ਹੋ ਗਏ ਹਨ। ਅੱਜ ਸੋਮਵਾਰ, 10 ਨਵੰਬਰ, ਨੂੰ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੁਝ ਦੇਰ ਪਹਿਲਾਂ ਸੋਸ਼ਲ ਮੀਡੀਆ 'ਤੇ ਇਹ ਅਫਵਾਹਾਂ ਫੈਲ ਗਈਆਂ ਸਨ ਕਿ 89 ਸਾਲਾ ਅਦਾਕਾਰ ਦੀ ਹਾਲਤ ਖਰਾਬ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਟੀਮ ਨੇ ਰਾਹਤ ਦੀ ਖ਼ਬਰ ਦਿੰਦਿਆਂ ਇਨ੍ਹਾਂ ਅਫਵਾਹਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ।
ਹਾਲਤ ਸਥਿਰ, ਚਿੰਤਾ ਦੀ ਕੋਈ ਗੱਲ ਨਹੀਂ
ਧਰਮਿੰਦਰ ਦੀ ਟੀਮ ਨੇ ਸਪੱਸ਼ਟ ਕੀਤਾ ਕਿ ਉਹ ਹਸਪਤਾਲ ਵਿੱਚ ਜ਼ਰੂਰ ਭਰਤੀ ਹਨ, ਪਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਹ ਵੈਂਟੀਲੇਟਰ 'ਤੇ ਨਹੀਂ ਹਨ। ਟੀਮ ਨੇ ਕਿਹਾ, "ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ, ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ।"।
ਸੂਤਰਾਂ ਅਨੁਸਾਰ, ਪਰਿਵਾਰ ਇਸ ਸਮੇਂ ਧਰਮਿੰਦਰ ਦੇ ਕੋਲ ਮੌਜੂਦ ਹੈ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਵੀ ਅਮਰੀਕਾ ਤੋਂ ਬੁਲਾ ਲਿਆ ਗਿਆ ਹੈ। ਪਰਿਵਾਰ ਅਤੇ ਟੀਮ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਦਾਕਾਰ ਨੂੰ ਜਲਦੀ ਸਿਹਤਮੰਦ ਹੋਣ ਲਈ ਸ਼ਾਂਤ ਮਾਹੌਲ ਅਤੇ ਆਰਾਮ ਪ੍ਰਦਾਨ ਕਰਨ ਅਤੇ ਇਸ ਸਮੇਂ ਨਿੱਜਤਾ ਬਣਾਈ ਰੱਖਣ।
89 ਸਾਲ ਦੀ ਉਮਰ 'ਚ ਵੀ ਐਕਟਿਵ
ਧਰਮਿੰਦਰ ਇਸ ਉਮਰ ਵਿੱਚ ਵੀ ਇੰਡਸਟਰੀ ਵਿੱਚ ਸਰਗਰਮ ਹਨ। ਉਹ ਹਾਲ ਹੀ ਵਿੱਚ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਤੋਂ ਬਾਅਦ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਵਿੱਚ ਨਜ਼ਰ ਆਏ ਸਨ। ਉਨ੍ਹਾਂ ਦੀ ਅਗਲੀ ਫਿਲਮ 'ਇੱਕੀਸ' 25 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਛੇ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਉਨ੍ਹਾਂ ਨੇ 'ਸ਼ੋਲੇ', 'ਚੁੱਪਕੇ ਚੁੱਪਕੇ' ਅਤੇ 'ਧਰਮ ਵੀਰ' ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ 'ਹੀ-ਮੈਨ' ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਹਨ।
ਮਸ਼ਹੂਰ ਅਦਾਕਾਰ ਦੇ ਦੇਹਾਂਤ ਨਾਲ ਇੰਡਸਟਰੀ 'ਚ ਪਸਰਿਆ ਸੋਗ! ਸਾਹਮਣੇ ਆਈ ਆਖਰੀ ਪਲਾਂ ਦੀ ਵੀਡੀਓ
NEXT STORY