ਮੁੰਬਈ (ਬਿਊਰੋ)– ਇਕ ਪਾਸੇ ਬਾਲੀਵੁੱਡ ਫ਼ਿਲਮਾਂ ਬਾਕਸ ਆਫਿਸ ’ਤੇ ਜੂਝ ਰਹੀਆਂ ਹਨ ਤੇ ਇਸ ਦੇ ਪਿੱਛੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਉਥੇ ਹਾਲੀਵੁੱਡ ਫ਼ਿਲਮ ‘ਗੌਡਜ਼ਿਲਾ ਵਰਸਿਜ਼ ਕੌਂਗ’ ਦੀ ਓਪਨਿੰਗ ਨੇ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਫ਼ਿਲਮ ਨੇ ਹਾਲ ਹੀ ’ਚ ਰਿਲੀਜ਼ ਹੋਈਆਂ ਬਾਲੀਵੁੱਡ ਫ਼ਿਲਮਾਂ ‘ਰੂਹੀ’ ਤੇ ‘ਮੁੰਬਈ ਸਾਗਾ’ ਤੋਂ ਬਿਹਤਰ ਓਪਨਿੰਗ ਲਈ ਹੈ।
ਐਡਮ ਵਿਨਗਾਰਡ ਵਲੋਂ ਨਿਰਦੇਸ਼ਿਤ ‘ਗੌਡਜ਼ਿਲਾ ਵਰਸਿਜ਼ ਕੌਂਗ’ 24 ਮਾਰਚ ਨੂੰ ਭਾਰਤੀ ਬਾਕਸ ਆਫਿਸ ’ਤੇ ਉਤਰੀ। ਦੇਸ਼ ’ਚ ਫ਼ਿਲਮ ਅੰਗਰੇਜ਼ੀ ਤੋਂ ਇਲਾਵਾ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਈ। ਫ਼ਿਲਮ ਦੀ ਕਮਾਈ ਨੂੰ ਲੈ ਕੇ ਜੋ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਮੁਤਾਬਕ ਇਸ ਫ਼ਿਲਮ ਨੇ ਸਾਰੀਆਂ ਭਾਸ਼ਾਵਾਂ ’ਚ 6 ਕਰੋੜ ਰੁਪਏ ਤੋਂ ਵੱਧ ਦੀ ਓਪਨਿੰਗ ਲਈ ਹੈ।
ਫ਼ਿਲਮ ਸਮੀਖਿਅਕ ਤਰਣ ਆਦਰਸ਼ ਮੁਤਾਬਕ ਇਸ ਫ਼ਿਲਮ ਨੇ ਪਹਿਲੇ ਦਿਨ 6.40 ਕਰੋੜ ਰੁਪਏ ਦੀ ਧਮਾਕੇਦਾਰ ਕਮਾਈ ਕੀਤੀ ਹੈ। ਕਮਾਈ ਦੇ ਇਹ ਅੰਕੜੇ ਹੈਰਾਨ ਕਰ ਸਕਦੇ ਹਨ ਕਿਉਂਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਮੰਨਿਆ ਜਾ ਰਿਹਾ ਸੀ ਕਿ ਦਰਸ਼ਕ ਸਿਨੇਮਾਘਰਾਂ ਤੋਂ ਦੂਰੀ ਬਣਾ ਰਹੇ ਹਨ। ਫ਼ਿਲਮ ਦੀ ਕਮਾਈ ਉਨ੍ਹਾਂ ਦਿਨਾਂ ’ਚ ਹੈ, ਜਦੋਂ ਫ਼ਿਲਮ ਹਫਤੇ ਦੇ ਵਿਚਕਾਰ ਰਿਲੀਜ਼ ਹੋਈ ਹੈ। ਫ਼ਿਲਮ ਨੂੰ ਘਰੇਲੂ ਬਾਕਸ ਆਫਿਸ ’ਤੇ 1770 ਸਕ੍ਰੀਨਜ਼ ’ਤੇ ਉਤਾਰਿਆ ਗਿਆ ਹੈ।
ਹਾਲਾਂਕਿ ਰਿਪੋਰਟ ਮੁਤਾਬਕ ਫ਼ਿਲਮ ਦੀ ਕਲੈਕਸ਼ਨ ਦਾ ਵੱਡਾ ਹਿੱਸਾ ਦੱਖਣੀ ਭਾਰਤ ਤੋਂ ਆਇਆ ਹੈ, ਜਿਥੇ ਫ਼ਿਲਮ ਨੂੰ ਖੂਬ ਦੇਖਿਆ ਜਾ ਰਿਹਾ ਹੈ। ਆਂਧਰਾ ਬਾਕਸ ਆਫਿਸ ਡਾਟ ਕਾਮ ਮੁਤਾਬਕ ਫ਼ਿਲਮ ਨੇ ਤਾਮਿਲਨਾਡੂ ’ਚ ਬਿਹਤਰੀਨ ਓਪਨਿੰਗ ਲਈ ਹੈ। ਦਾਅਵਾ ਹੈ ਕਿ ਫ਼ਿਲਮ ਨੇ ਹਾਲ ਹੀ ’ਚ ਰਿਲੀਜ਼ ਹੋਈਆਂ ਕਈ ਫ਼ਿਲਮਾਂ ਤੋਂ ਬਿਹਤਰ ਸ਼ੁਰੂਆਤ ਕੀਤੀ ਹੈ।
ਦੱਸਣਯੋਗ ਹੈ ਕਿ ‘ਰੂਹੀ’ ਫ਼ਿਲਮ ਨੇ ਪਹਿਲੇ ਦਿਨ 3 ਕਰੋੜ ਤੇ ‘ਮੁੰਬਈ ਸਾਗਾ’ ਨੇ ਪਹਿਲੇ ਦਿਨ 2.82 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਨੋਟ– ਕੀ ਤੁਸੀਂ ਇਸ ਫ਼ਿਲਮ ਨੂੰ ਸਿਨੇਮਾਘਰਾਂ ’ਚ ਦੇਖਣਾ ਪਸੰਦ ਕਰੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕ੍ਰਿਸ਼ਨਾ ਅਭਿਸ਼ੇਕ ਨੇ ਦਰਸ਼ਕਾਂ ਨੂੰ ਕਰਵਾਏ 'ਸ੍ਰੀ ਹਰਿਮੰਦਰ ਸਾਹਿਬ ਜੀ' ਦੇ ਦਰਸ਼ਨ, ਦੱਸਿਆ ਇੱਥੇ ਆ ਕੇ ਮਿਲਦੈ ਸਕੂਨ
NEXT STORY