ਮੁੰਬਈ (ਬਿਊਰੋ)– ਆਖਰ ਉਹ ਦਿਨ ਆ ਹੀ ਗਿਆ, ਜਿਸ ਦੀ ਹਰ ਕੋਈ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਬਾਲੀਵੁੱਡ ਦੀ ਪ੍ਰਤਿਭਾਸ਼ਾਲੀ ਤੇ ਖ਼ੂਬਸੂਰਤ ਅਦਾਕਾਰਾ ਪਰਿਣੀਤੀ ਚੋਪੜਾ ਮਿਸ ਤੋਂ ਮਿਸਿਜ਼ ਬਣ ਰਹੀ ਹੈ। ਪਰਿਣੀਤੀ ਤੇ ‘ਆਪ’ ਨੇਤਾ ਰਾਘਵ ਚੱਢਾ ਅੱਜ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਦੋਵੇਂ ਉਦੈਪੁਰ ’ਚ ਸ਼ਾਹੀ ਅੰਦਾਜ਼ ’ਚ ਵਿਆਹ ਕਰ ਰਹੇ ਹਨ। ਰਾਘਵ-ਪਰਿਣੀਤੀ ਇਕ-ਦੂਜੇ ਨੂੰ ਆਪਣਾ ਸਾਥੀ ਚੁਣਨ ਲਈ ਤਿਆਰ ਹਨ। ਜੋੜੇ ਦੇ ਸੁਪਨਿਆਂ ਦੇ ਵਿਆਹ ਲਈ ਲੀਲਾ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਜਿਸ ਦੀਆਂ ਸਾਰੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਮੁਕੰਮਲ ਕਰ ਲਈਆਂ ਗਈਆਂ ਹਨ। ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਹੁਣ ਪ੍ਰਸ਼ੰਸਕ ਪਰਿਣੀਤੀ ਤੇ ਰਾਘਵ ਦੇ ਲਾੜਾ-ਲਾੜੀ ਬਣਨ ਦਾ ਇੰਤਜ਼ਾਰ ਕਰ ਰਹੇ ਹਨ।
ਸੰਗੀਤ ਨਾਈਟ ਤੋਂ ਲਾੜਾ-ਲਾੜੀ ਦੀ ਪਹਿਲੀ ਤਸਵੀਰ ਆਈ ਸਾਹਮਣੇ
ਸੰਗੀਤ ਫੰਕਸ਼ਨ ਤੋਂ ਰਾਘਵ-ਪਰਿਣੀਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਗਾਇਕ ਨਵਰਾਜ ਹੰਸ ਨੇ ਲਾੜਾ-ਲਾੜੀ ਨਾਲ ਸੰਗੀਤ ਸਮਾਰੋਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਰਿਣੀਤੀ ਗਾਇਕ ਨਵਰਾਜ ਦੇ ਗੀਤਾਂ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ, ਜਦਕਿ ਰਾਘਵ ਚੱਢਾ ਗੀਤ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਹਰ ਕੋਈ ਵਿਆਹ ਦੇ ਜਸ਼ਨਾਂ ’ਚ ਰੁੱਝਿਆ ਹੋਇਆ ਹੈ।
ਵਿਆਹ ਸਥਾਨ ਸਜਾਇਆ ਜਾ ਰਿਹਾ ਹੈ
ਪਰਿਣੀਤੀ ਤੇ ਰਾਘਵ ਚੱਢਾ ਅੱਜ ਵਿਆਹ ਦੇ ਬੰਧਨ ’ਚ ਬੱਝ ਜਾਣਗੇ। ਇਹ ਦੋਵੇਂ ਲੀਲਾ ਪੈਲੇਸ ’ਚ ਹੀ ਸੱਤ ਫੇਰੇ ਲੈ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਅੱਜ ਸਵੇਰ ਤੋਂ ਹੀ ਵਿਆਹ ਵਾਲੀ ਥਾਂ ’ਤੇ ਸਜਾਵਟ ਦਾ ਕੰਮ ਚੱਲ ਰਿਹਾ ਹੈ, ਜਿਸ ਦੀ ਇਕ ਝਲਕ ਤੁਸੀਂ ਇਥੇ ਤਸਵੀਰ ’ਚ ਦੇਖ ਸਕਦੇ ਹੋ।
ਰਾਘਵ ਚੱਢਾ ਦਾ ਪਰਿਵਾਰ ਵਿਆਹ ਦੀਆਂ ਤਿਆਰੀਆਂ ’ਚ ਰੁੱਝਿਆ ਹੋਇਆ ਹੈ
ਪਰਿਣੀਤੀ-ਰਾਘਵ ਦੇ ਵਿਆਹ ਤੋਂ ਪਹਿਲਾਂ ਲਾੜੇ ਰਾਜਾ ਦੇ ਪਰਿਵਾਰ ਨੂੰ ਵਿਆਹ ਵਾਲੀ ਥਾਂ ’ਤੇ ਕਿਸ਼ਤੀ ’ਤੇ ਸਵਾਰ ਹੁੰਦੇ ਦੇਖਿਆ ਗਿਆ ਸੀ।
ਪਰਿਣੀਤੀ-ਰਾਘਵ ਦੇ ਸੰਗੀਤ ਫੰਕਸ਼ਨ ’ਚ ਖ਼ੂਬ ਮਸਤੀ ਕੀਤੀ ਗਈ
ਵਿਆਹ ਤੋਂ ਪਹਿਲਾਂ ਰਾਘਵ-ਪਰਿਣੀਤੀ ਦੀ ਸੰਗੀਤ ਪਾਰਟੀ ਉਦੈਪੁਰ ਦੇ ਲੀਲਾ ਪੈਲੇਸ ’ਚ ਰੱਖੀ ਗਈ ਸੀ। ਮਹਿਮਾਨ ਦੇਰ ਰਾਤ ਤੱਕ ਪ੍ਰਸਿੱਧ ਗਾਇਕ ਨਵਰਾਜ ਹੰਸ ਦੇ ਗੀਤਾਂ ’ਤੇ ਨੱਚਦੇ ਰਹੇ। ਸਾਰਿਆਂ ਨੇ ਜ਼ੋਰ-ਸ਼ੋਰ ਨਾਲ ਡਾਂਸ ਕੀਤਾ। ਹਰ ਕੋਈ ਜਸ਼ਨ ’ਚ ਰੁੱਝਿਆ ਹੋਇਆ ਜਾਪਦਾ ਸੀ। ਪੰਜਾਬ ਦੇ ਸੀ. ਐੱਮ. ਭਗਵੰਤ ਮਾਨ ਵੀ ਸੰਗੀਤ ਸਮਾਰੋਹ ’ਚ ਨੱਚਦੇ ਨਜ਼ਰ ਆਏ।
ਇਹ ਖ਼ਬਰ ਵੀ ਪੜ੍ਹੋ : ਪਰਿਣੀਤੀ-ਰਾਘਵ ਨੇ ਮਹਿਮਾਨਾਂ ਲਈ ਵਿਆਹ ਤੋਂ ਪਹਿਲਾਂ ਰੱਖੀ ਪ੍ਰੀ-ਵੈਡਿੰਗ ਪਾਰਟੀ, ਦੇਖੋ ਅੰਦਰਲੀਆਂ ਤਸਵੀਰਾਂ
ਪੰਬਾਜੀ ਲਾੜੀ ਬਣੇਗੀ ਪਰਿਣੀਤੀ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵਿਆਹ ’ਚ ਪਰਿਣੀਤੀ ਚੋਪੜਾ ਪੰਜਾਬੀ ਲਾੜੀ ਬਣੇਗੀ। ਉਸ ਦਾ ਬ੍ਰਾਈਡਲ ਆਊਟਫਿੱਟ ਪੇਸਟਲ ਰੰਗ ਦਾ ਹੋਵੇਗਾ। ਉਸ ਦੀਆਂ ਚੂੜ੍ਹੀਆਂ, ਮਹਿੰਦੀ ਤੇ ਕਲੀਰੇ ਵੀ ਬਹੁਤ ਖ਼ਾਸ ਹੋਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਦੇ ਕਲੀਰੇ ਦਾ ਡਿਜ਼ਾਈਨ ਇਸ ਜੋੜੇ ਦੀ ਦੋਸਤੀ ਤੇ ਪ੍ਰੇਮ ਕਹਾਣੀ ਨੂੰ ਦਰਸਾਏਗਾ।
ਵਿਆਹ ਦੀਆਂ ਰਸਮਾਂ 1 ਵਜੇ ਸ਼ੁਰੂ ਹੋ ਜਾਣਗੀਆਂ
ਰਾਘਵ ਚੱਢਾ ਆਪਣੀ ਲਾੜੀ ਪਰਿਣੀਤੀ ਚੋਪੜਾ ਨੂੰ ਲਿਆਉਣ ਲਈ ਬਹੁਤ ਧੂਮਧਾਮ ਨਾਲ ਬਾਰਾਤ ਲੈ ਕੇ ਜਾਣਗੇ। ਬਾਰਾਤ ਤੋਂ ਪਹਿਲਾਂ ਰਾਘਵ ਦੀ ਸਹਿਰਾਬੰਦੀ ਦੀ ਰਸਮ ਹੋਵੇਗੀ। ਇਸ ਦੇ ਨਾਲ ਹੀ ਪਰਿਣੀਤੀ ਚੋਪੜਾ ਦੀ ਚੂੜ੍ਹਾ ਸੈਰੇਮਨੀ ਵੀ ਲੀਲਾ ਪੈਲੇਸ ’ਚ ਹੋਵੇਗੀ। ਅਦਾਕਾਰਾ ਨੂੰ ਲਾੜੇ ਰਾਜਾ ਰਾਘਵ ਚੱਢਾ ਦੇ ਨਾਂ ਦਾ ਚੂੜ੍ਹਾ ਪਹਿਨਾਇਆ ਜਾਵੇਗਾ।
ਕਦੋਂ ਨਿਕਲੇਗੀ ਬਾਰਾਤ?
ਸਹਿਰਾਬੰਦੀ ਤੇ ਚੂੜ੍ਹੇ ਦੀ ਰਸਮ ਤੋਂ ਬਾਅਦ ਰਾਘਵ ਚੱਢਾ ਦੀ ਬਾਰਾਤ ਨਿਕਲੇਗੀ। ਬਾਰਾਤ ਦੁਪਹਿਰ 2 ਤੋਂ 2.30 ਵਜੇ ਵਿਚਾਲੇ ਨਿਕਲੇਗੀ। ਇਸ ਤੋਂ ਬਾਅਦ ਸ਼ਾਮ 4 ਵਜੇ ਪਰਿਣੀਤੀ ਤੇ ਰਾਘਵ ਚੱਢਾ ਆਪਣੇ ਪਰਿਵਾਰ ਤੇ ਕਰੀਬੀਆਂ ਦੀ ਮੌਜੂਦਗੀ ’ਚ ਇਕ-ਦੂਜੇ ਨਾਲ ਹਮੇਸ਼ਾ ਲਈ ਵਿਆਹ ਕਰਵਾ ਲੈਣਗੇ।
ਰਾਤ ਨੂੰ ਰਿਸੈਪਸ਼ਨ ਪਾਰਟੀ ਹੋਵੇਗੀ
ਵਿਆਹ ਤੋਂ ਬਾਅਦ ਰਾਤ ਨੂੰ ਲੀਲਾ ਪੈਲੇਸ ’ਚ ਜੋੜੇ ਲਈ ਇਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ। ਪਾਰਟੀ ‘ਬਲੈਕ ਟਾਈ’ ਥੀਮ ’ਤੇ ਆਧਾਰਿਤ ਹੋਵੇਗੀ।
ਪਰਿਣੀਤੀ ਦੇ ਵਿਆਹ ’ਚ ਦਿੱਲੀ-ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸ਼ਾਮਲ
ਪਰਿਣੀਤੀ ਤੇ ਰਾਘਵ ਚੱਢਾ ਦੇ ਵਿਆਹ ’ਚ ਬਾਲੀਵੁੱਡ ਤੇ ਰਾਜਨੀਤੀ ਦੀ ਦੁਨੀਆ ਦੀਆਂ ਵੱਡੀਆਂ ਹਸਤੀਆਂ ਸ਼ਾਮਲ ਹੋ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਦੇ ਮਹਿਮਾਨ ਹੋਣਗੇ। ਦੋਵੇਂ 23 ਸਤੰਬਰ ਨੂੰ ਲੀਲਾ ਪੈਲੇਸ ਪਹੁੰਚੇ, ਜਿਥੇ ਉਨ੍ਹਾਂ ਦਾ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।
ਸੰਸਦ ਮੈਂਬਰ ਸੰਜੇ ਸਿੰਘ ਵੀ ਵਿਆਹ ਦੇ ਮਹਿਮਾਨ ਹੋਣਗੇ
ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਵੀ ਪਰਿਣੀਤੀ ਤੇ ਰਾਘਵ ਚੱਢਾ ਦੇ ਵਿਆਹ ’ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚੇ ਹਨ। ਵਿਆਹ ’ਚ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹੋਵੇਗੀ। ਸੰਜੇ ਸਿੰਘ ਤੇ ਉਨ੍ਹਾਂ ਦੀ ਪਤਨੀ ਦਾ 23 ਸਤੰਬਰ ਨੂੰ ਰਾਜਸਥਾਨੀ ਤੇ ਪੰਜਾਬੀ ਪ੍ਰੰਪਰਾ ’ਚ ਢੋਲ ਨਗਾੜੇ ਨਾਲ ਸਵਾਗਤ ਕੀਤਾ ਗਿਆ। ਸੰਜੇ ਸਿੰਘ ਵੀ ਬਾਰਾਤੀ ਦੇ ਰੂਪ ’ਚ ਵਿਆਹ ’ਚ ਸ਼ਾਮਲ ਹੋਣਗੇ।
ਸੀ. ਐੱਮ. ਅਸ਼ੋਕ ਗਹਿਲੋਤ ਵੀ ਵਿਆਹ ’ਚ ਸ਼ਾਮਲ ਹੋਣਗੇ
ਪਰਿਣੀਤੀ-ਰਾਘਵ ਦੇ ਵਿਆਹ ’ਚ ਰਾਜਸਥਾਨ ਦੇ ਸੀ. ਐੱਮ. ਅਸ਼ੋਕ ਗਹਿਲੋਤ ਵੀ ਸ਼ਾਮਲ ਹੋ ਸਕਦੇ ਹਨ। ਜਾਣਕਾਰੀ ਮੁਤਾਬਕ ਅਸ਼ੋਕ ਗਹਿਲੋਤ ਅੱਜ ਸ਼ਾਮ 5 ਵਜੇ ਹੈਲੀਕਾਪਟਰ ਰਾਹੀਂ ਉਦੈਪੁਰ ਆਉਣਗੇ। ਉਹ ਰਾਤ 9 ਵਜੇ ਤੱਕ ਵਿਆਹ ’ਚ ਸ਼ਾਮਲ ਹੋਣਗੇ ਤੇ ਫਿਰ ਜੋਧਪੁਰ ਲਈ ਰਵਾਨਾ ਹੋਣਗੇ।
ਪਰਿਣੀਤੀ ਨੂੰ ਲੱਗ ਚੁੱਕੀ ਹੈ ਹਲਦੀ
ਪਰਿਣੀਤੀ-ਰਾਘਵ ਦੀ ਹਲਦੀ ਦੀ ਰਸਮ ਵੀ ਕੱਲ ਪੂਰੀ ਹੋ ਗਈ। ਜੋੜੇ ਦੇ ਹਲਦੀ ਸਮਾਰੋਹ ਲਈ ਲੀਲਾ ਪੈਲੇਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਹਰ ਚੀਜ਼ ਨੂੰ ਇਕ ਸਫ਼ੈਦ ਟੱਚ ਦਿੱਤਾ ਗਿਆ ਸੀ। ਪੰਜਾਬੀ ਗੀਤਾਂ ’ਤੇ ਸਾਰਿਆਂ ਨੇ ਖ਼ੂਬ ਮਸਤੀ ਕੀਤੀ।
ਸ਼ਾਨਦਾਰ ਰਹੀ ਸੰਗੀਤ ਨਾਈਟ
ਵਿਆਹ ਤੋਂ ਪਹਿਲਾਂ 23 ਸਤੰਬਰ ਨੂੰ ਪਰਿਣੀਤੀ ਤੇ ਰਾਘਵ ਚੱਢਾ ਦੀ ਸੰਗੀਤ ਨਾਈਟ ਦਾ ਆਯੋਜਨ ਕੀਤਾ ਗਿਆ ਸੀ, ਜੋ 90 ਦੇ ਦਹਾਕੇ ਦੀ ਥੀਮ ’ਤੇ ਆਧਾਰਿਤ ਸੀ। ਜਾਣਕਾਰੀ ਮੁਤਾਬਕ ਪਰਿਣੀਤੀ ਨੇ ਖ਼ੁਦ ਆਪਣੇ ਸੰਗੀਤ ਨਾਈਟ ਲਈ ਗੀਤਾਂ ਦੀ ਲਿਸਟ ਤਿਆਰ ਕੀਤੀ ਸੀ।
ਰਾਘਵ-ਪਰਿਣੀਤੀ ਦੀ ਲਵ ਸਟੋਰੀ ਹੈ ਖ਼ਾਸ
ਪਰਿਣੀਤੀ-ਰਾਘਵ ਚੱਢਾ ਕਈ ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਦੋਵਾਂ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਇਕੱਠਿਆਂ ਪੜ੍ਹਾਈ ਕੀਤੀ ਹੈ। ਹਾਲਾਂਕਿ, ਉਸ ਸਮੇਂ ਦੋਵੇਂ ਸਿਰਫ਼ ਦੋਸਤ ਸਨ ਪਰ ਉਨ੍ਹਾਂ ਦੀ ਪ੍ਰੇਮ ਕਹਾਣੀ ਫ਼ਿਲਮ ‘ਚਮਕੀਲਾ’ ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਪਿਛਲੇ ਸਾਲ ਪਰਿਣੀਤੀ ਪੰਜਾਬ ’ਚ ‘ਚਮਕੀਲਾ’ ਦੀ ਸ਼ੂਟਿੰਗ ਕਰ ਰਹੀ ਸੀ। ਉਦੋਂ ਰਾਘਵ ਉਸ ਨੂੰ ਦੋਸਤ ਦੇ ਨਾਤੇ ਮਿਲਣ ਗਏ ਸਨ। ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਨੇੜਤਾ ਵਧਣ ਲੱਗੀ ਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇਕ-ਦੂਜੇ ਲਈ ਬਣੇ ਹਨ।
ਪਰਿਣੀਤੀ-ਰਾਘਵ ਨੇ ਮੰਗਣੀ ਕਰਵਾ ਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ
ਆਪਣੇ ਪਿਆਰ ਦਾ ਅਹਿਸਾਸ ਹੋਣ ਤੋਂ ਬਾਅਦ ਰਾਘਵ-ਪਰਿਣੀਤੀ ਨੇ 15 ਮਈ ਨੂੰ ਮੰਗਣੀ ਕਰਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ। ਦੋਵਾਂ ਦੀ ਮੰਗਣੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਹੋਈ ਸੀ। ਇਸ ਮੰਗਣੀ ’ਚ ਬੀ-ਟਾਊਨ ਤੇ ਸਿਆਸਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਹੁਣ ਵਿਆਹ ਤੋਂ ਬਾਅਦ ਪਤੀ-ਪਤਨੀ ਬਣਨ ਜਾ ਰਹੇ ਹਨ। ਦੋਵਾਂ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਰਿਣੀਤੀ-ਰਾਘਵ ਨੇ ਮਹਿਮਾਨਾਂ ਲਈ ਵਿਆਹ ਤੋਂ ਪਹਿਲਾਂ ਰੱਖੀ ਪ੍ਰੀ-ਵੈਡਿੰਗ ਪਾਰਟੀ, ਦੇਖੋ ਅੰਦਰਲੀਆਂ ਤਸਵੀਰਾਂ
NEXT STORY