ਮੁੰਬਈ (ਬਿਊਰੋ)– ਫ਼ਿਲਮੀ ਪਰਦੇ ’ਤੇ ਵਿਲੇਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਆਪਣੀ ਅਸਲ ਜ਼ਿੰਦਗੀ ’ਚ ਕਈ ਲੋਕਾਂ ਦੇ ਫ਼ਰਿਸ਼ਤਾ ਤੇ ਮਦਦਗਾਰ ਬਣ ਕੇ ਪੂਰੇ ਭਾਰਤ ਦਾ ਦਿਲ ਜਿੱਤ ਲਿਆ ਹੈ। ਇਸੇ ਲਿਸਟ ’ਚ ਸੋਨੂੰ ਸੂਦ ਨੇ ਧਨਬਾਦ ਨਿਵਾਸੀ ਅੰਤਰਰਾਸ਼ਟਰੀ ਸ਼ੂਟਰ ਕੋਨਿਕਾ ਲਾਇਕ ਨੂੰ ਢਾਈ ਲੱਖ ਰੁਪਏ ਦੀ ਜਰਮਨ ਰਾਈਫਲ ਭੇਜੀ ਹੈ। ਖ਼ੁਦ ਦੀ ਰਾਈਫਲ ਨਾ ਹੋਣ ਕਾਰਨ ਕੋਨਿਕਾ ਨੂੰ ਦੋਸਤਾਂ ਕੋਲੋਂ ਉਧਾਰ ਮੰਗ ਕੇ ਟੂਰਨਾਮੈਂਟ ਖੇਡਣਾ ਪੈਂਦਾ ਸੀ ਪਰ ਹੁਣ ਕੋਨਿਕਾ ਖ਼ੁਦ ਦੀ ਰਾਈਫਲ ਨਾਲ ਖੇਡ ਸਕੇਗੀ।
ਜਰਮਨੀ ਤੋਂ ਮੰਗਵਾਈ ਰਾਈਫਲ
ਧਨਬਾਦ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਕੋਨਿਕਾ ਲਾਇਕ ਦੀ ਆਰਥਿਕ ਹਾਲਤ ਅਜਿਹੀ ਨਹੀਂ ਸੀ ਕਿ ਉਹ ਖ਼ੁਦ ਦੀ ਰਾਈਫਲ ਖਰੀਦ ਸਕੇ। ਕਦੇ ਦੋਸਤਾਂ ਕੋਲੋਂ ਮੰਗ ਕੇ ਉਹ ਟੂਰਨਾਮੈਂਟ ’ਚ ਹਿੱਸਾ ਲੈਂਦੀ ਸੀ। 10 ਮਾਰਚ ਨੂੰ ਸੋਨੂੰ ਸੂਦ ਨੇ ਕੋਨਿਕਾ ਨੂੰ ਟਵੀਟ ਕਰਕੇ ਰਾਈਫਲ ਦੇਣ ਦਾ ਵਾਅਦਾ ਕੀਤਾ ਸੀ। ਇਹ ਰਾਈਫਲ ਜਰਮਨੀ ਤੋਂ ਆਈ ਹੈ, ਇਸ ਵਜ੍ਹਾ ਕਾਰਨ ਧਨਬਾਦ ਪਹੁੰਚਣ ’ਚ ਦੇਰੀ ਹੋਈ। ਕੋਨਿਕਾ ਨੇ ਦੱਸਿਆ ਕਿ 24 ਜੂਨ ਨੂੰ ਇਹ ਰਾਈਫਲ ਉਸ ਕੋਲ ਪਹੁੰਚ ਗਈ। ਕੋਨਿਕਾ ਨੇ ਕਿਹਾ ਕਿ ਸੋਨੂੰ ਸੂਦ ਨੇ ਖ਼ੁਦ ਵੀਡੀਓ ਕਾਲ ਕਰਕੇ ਉਸ ਨਾਲ ਗੱਲਬਾਤ ਕੀਤੀ ਸੀ। ਹੁਣ ਉਹ ਮਨ ਲਗਾ ਕੇ ਪ੍ਰੈਕਟਿਸ ਕਰ ਸਕੇਗੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਨਹੀਂ ਕੀਤੀ ਮਦਦ
ਕੋਨਿਕਾ ਨੇ ਦੱਸਿਆ ਕਿ ਉਸ ਨੇ ਰਾਈਫਲ ਖਰੀਦਣ ਲਈ ਕਈ ਮੰਤਰੀਆਂ ਤੋਂ ਲੈ ਕੇ ਸਥਾਨਕ ਸੰਸਦ ਮੈਂਬਰ ਤੇ ਜ਼ਿਲ੍ਹਾ ਪ੍ਰਸ਼ਾਸਨ ਤਕ ਨੂੰ ਮਿਲ ਕੇ ਗੁਹਾਰ ਲਗਾਈ ਪਰ ਕਿਸੇ ਨੇ ਮਦਦ ਨਹੀਂ ਕੀਤੀ। ਟੀ. ਵੀ. ’ਤੇ ਸੋਨੂੰ ਸੂਦ ਵਲੋਂ ਲਗਾਤਾਰ ਲੋਕਾਂ ਦੀ ਕੀਤੀ ਜਾ ਰਹੀ ਮਦਦ ਨੂੰ ਦੇਖਦਿਆਂ ਉਸ ਨੇ ਟਵੀਟ ਕਰਕੇ ਮਦਦ ਮੰਗੀ। ਕੋਨਿਕਾ ਨੇ ਸੂਬਾ ਪੱਧਰ ’ਤੇ ਇਕ ਦਰਜਨ ਤੋਂ ਵੱਧ ਮੈਡਲ ਜਿੱਤੇ ਹਨ। 2017 ’ਚ ਨੈਸ਼ਨਲ ਟੂਰਨਾਮੈਂਟ ’ਚ ਝਾਰਖੰਡ ਵਲੋਂ ਸਭ ਤੋਂ ਵੱਧ ਪੁਆਇੰਟ ਕੋਨਿਕਾ ਨੇ ਬਣਾਏ ਸਨ।
ਮਦਦਗਾਰ ਸੋਨੂੰ ਸੂਦ
ਦੱਸ ਦੇਈਏ ਕਿ ਸੋਨੂੰ ਸੂਦ ਨੇ ਜਿਸ ਤਰ੍ਹਾਂ ਨਾਲ ਲੋਕਾਂ ਦੀ ਮਦਦ ਪਿਛਲੇ ਇਕ ਸਾਲ ’ਚ ਕੀਤੀ ਹੈ, ਉਸ ਨਾਲ ਉਹ ਦੇਸ਼ ਦੇ ਅਸਲ ਹੀਰੋ ਬਣ ਗਏ ਹਨ। ਸੋਨੂੰ ਨੇ ਕੋਰੋਨਾ ਦੀ ਪਹਿਲੀ ਲਹਿਰ ’ਚ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ, ਉਥੇ ਦੂਜੀ ਲਹਿਰ ’ਚ ਉਨ੍ਹਾਂ ਨੇ ਲੋਕਾਂ ਤਕ ਆਕਸੀਜਨ ਸਿਲੰਡਰ ਪਹੁੰਚਾਏ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ ਤੇ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਲਦ ਮਾਂ ਬਣੇਗੀ ਅਦਾਕਾਰਾ ਕਿਸ਼ਵਰ ਮਰਚੈਂਟ, ਬੇਬੀ ਸ਼ਾਵਰ ਸੈਲੀਬ੍ਰੇਸ਼ਨ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ
NEXT STORY