ਮੁੰਬਈ (ਬਿਊਰੋ) : ਸਾਊਥ ਫ਼ਿਲਮ ਇੰਡਸਟਰੀ ਦੇ ਅਦਾਕਾਰ ਸੁਧੀਰ ਵਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਅਦਾਕਾਰ ਨੇ 23 ਜਨਵਰੀ ਨੂੰ ਵਿਸ਼ਾਖਾਪਟਨਮ ਸਥਿਤ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਟਾਲੀਵੁੱਡ ਅਦਾਕਾਰ ਦੇ ਦਿਹਾਂਤ 'ਤੇ ਪੂਰੀ ਦੱਖਣ ਫ਼ਿਲਮ ਇੰਡਸਟਰੀ ਸਦਮੇ 'ਚ ਹੈ। ਅਦਾਕਾਰ ਸੁਧਾਕਰ, ਜੋ ਕਿ ਸੁਧੀਰ ਵਰਮਾ ਦੇ ਸਹਿ-ਕਲਾਕਾਰ ਸਨ, ਨੇ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਸੁਧੀਰ ਵਰਮਾ ਦੀਆਂ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਭਾਵੁਕ ਪੋਸਟ ਲਿਖੀ ਹੈ। ਸੁਧੀਰ ਦੇ ਦਿਹਾਂਤ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਅਦਾਕਾਰ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਦੱਸ ਦਈਏ ਕਿ ਸੁਧੀਰ ਵਰਮਾ ਦੀ ਅਚਾਨਕ ਹੋਈ ਮੌਤ ਨੇ ਫ਼ਿਲਮੀ ਸਿਤਾਰਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ। ਹਾਲਾਂਕਿ ਹਾਲੇ ਤੱਕ ਅਦਾਕਾਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਤੋਂ ਜੂਝ ਰਿਹਾ ਸੀ। ਮਾਨਸਿਕ ਦਬਾਅ ਕਾਰਨ ਸੁਧੀਰ ਵੱਲੋਂ ਅਜਿਹਾ ਘਾਤਕ ਕਦਮ ਚੁੱਕਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਦੱਸਣਯੋਗ ਹੈ ਕਿ ਟਾਲੀਵੁੱਡ ਅਦਾਕਾਰ ਸੁਧੀਰ ਵਰਮਾ ਨੇ ਸਾਲ 2013 'ਚ ਫ਼ਿਲਮ 'ਸਵਾਮੀ ਰਾ ਰਾ' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਸਾਲ 2016 'ਚ ਫ਼ਿਲਮ 'ਕੁੰਦਨਪੁ ਬੋਮਾ' 'ਚ ਨਜ਼ਰ ਆਈ। ਇਸ ਫ਼ਿਲਮ ਤੋਂ ਸੁਧੀਰ ਵਰਮਾ ਨੂੰ ਕਾਫ਼ੀ ਪ੍ਰਸਿੱਧੀ ਮਿਲੀ ਅਤੇ ਉਨ੍ਹਾਂ ਨੇ ਤੇਲਗੂ ਸਿਨੇਮਾ 'ਚ ਆਪਣੀ ਵੱਖਰੀ ਪਛਾਣ ਬਣਾਈ। ਹਾਲਾਂਕਿ ਇਸ ਸਭ ਦੇ ਬਾਵਜੂਦ ਅਦਾਕਾਰ ਨੂੰ ਕੁਝ ਫ਼ਿਲਮਾਂ ਦੇ ਆਫਰ ਨਹੀਂ ਮਿਲ ਰਹੇ ਸਨ। ਕੰਮ ਨਾ ਮਿਲਣ ਕਾਰਨ ਉਹ ਡਿਪ੍ਰੈਸ਼ਨ 'ਚ ਚਲਾ ਗਿਆ।

ਸੁਧੀਰ ਵਰਮਾ ਤੋਂ ਇਲਾਵਾ ਪਿਛਲੇ ਕੁਝ ਸਾਲਾਂ 'ਚ ਕਈ ਫ਼ਿਲਮੀ ਸਿਤਾਰਿਆਂ ਨੇ ਖ਼ੁਦਕੁਸ਼ੀ ਦੀਆਂ ਖ਼ਬਰਾਂ ਨਾਲ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਲ 2022 ਦੱਖਣੀ ਫ਼ਿਲਮ ਇੰਡਸਟਰੀ ਦੇ ਕਈ ਮਸ਼ਹੂਰ ਹਸਤੀਆਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਲ ਹੀ 'ਚ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਮਨੀ ਲਾਂਡਰਿੰਗ ਕੇਸ : ਜੈਕਲੀਨ ਫਰਨਾਂਡੀਜ਼ ਨੂੰ ਅਦਾਲਤ ਨੇ ਦਿੱਤੀ ਰਾਹਤ
NEXT STORY